ਆਰਥਿਕ ਸੰਕਟ ਨਾਲ ਜੂਝ ਰਹੇ ਪਿੰਡਾਂ ਦੇ ਵਾਟਰ ਵਰਕਸ
Monday, Oct 23, 2017 - 02:59 AM (IST)
ਸੰਦੌੜ, (ਰਿਖੀ)— ਪਿੰਡਾਂ ਦੇ ਆਮ ਲੋਕ, ਜਿਨ੍ਹਾਂ ਕੋਲ ਪੀਣ ਵਾਲੇ ਸ਼ੁੱਧ ਪਾਣੀ ਲਈ ਨਿੱਜੀ ਸਾਧਨ ਨਹੀਂ ਹਨ, ਨੂੰ ਬਹੁਤ ਹੀ ਸਸਤੇ ਭਾਅ 'ਤੇ ਪਾਣੀ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਚਲਾਏ ਗਏ ਵਾਟਰ ਐਂਡ ਸੈਨੀਟੇਸ਼ਨ ਵਿਭਾਗ ਵੱਲੋਂ ਬਣਾਏ ਵੱਡੇ ਵਾਟਰ ਵਰਕਸ ਬਿਜਲੀ ਬਿੱਲ ਦੇ ਭੁਗਤਾਨ ਲਈ ਹੁਣ ਆਰਥਿਕ ਸੰਕਟ ਨਾਲ ਜੂਝ ਰਹੇ ਹਨ ।
ਹਰੇਕ ਪਿੰਡ ਵਿਚ ਬਣੇ ਇਸ ਵਾਟਰ ਵਰਕਸ ਤੋਂ ਲੋਕਾਂ ਨੂੰ ਟੂਟੀਆਂ ਰਾਹੀਂ ਘਰਾਂ ਤੱਕ ਪਾਣੀ ਦਿੱਤਾ ਜਾਂਦਾ ਹੈ, ਜਿਸ ਦਾ ਲੋਕਾਂ ਨੂੰ ਹਰ ਮਹੀਨੇ ਬਿੱਲ ਅਦਾ ਕਰਨਾ ਹੁੰਦਾ ਹੈ, ਜਿਸ ਨਾਲ ਵਾਟਰ ਵਰਕਸ ਦੇ ਬਿਜਲੀ ਬਿੱਲ ਦਾ ਭੁਗਤਾਨ ਕੀਤਾ ਜਾਂਦਾ ਹੈ ਅਤੇ ਉਥੇ ਤਾਇਨਾਤ ਮੁਲਾਜ਼ਮ ਨੂੰ ਵਾਟਰ ਐਂਡ ਸੈਨੀਟੇਸ਼ਨ ਵਿਭਾਗ ਤਨਖਾਹ ਦਿੰਦਾ ਹੈ ਪਰ ਪਿਛਲੇ ਕਈ ਸਾਲਾਂ ਤੋਂ ਬਹੁਤੇ ਵਾਟਰ ਵਰਕਸਾਂ ਦਾ ਬਿਜਲੀ ਬਿੱਲ ਹਰ ਮਹੀਨੇ ਬਿੱਲਾਂ ਤੋਂ ਹੁੰਦੀ ਆਮਦਨੀ ਨਾਲ ਪੂਰਾ ਨਹੀਂ ਰਿਹਾ ਅਤੇ ਇਹ ਵਾਟਰ ਵਰਕਸ ਪਾਵਰਕਾਮ ਵੱਲੋਂ ਭੇਜੇ ਜਾਂਦੇ ਬਿਜਲੀ ਬਿੱਲਾਂ ਦੀ ਅਦਾਇਗੀ ਨਹੀਂ ਕਰ ਪਾ ਰਹੇ, ਜਿਸ ਕਰ ਕੇ ਇਹ ਪਾਵਰਕਾਮ ਦੀ ਸੂਚੀ ਅਨੁਸਾਰ ਡਿਫਾਲਟਰ ਹੋ ਚੁੱਕੇ ਹਨ ।
ਪਾਵਰਕਾਮ ਸੰਦੌੜ ਵੱਲੋਂ ਸਤੰਬਰ ਮਹੀਨੇ ਦੇ ਅਖੀਰ 'ਚ ਕੱਢੀ ਬਕਾਇਆ ਸੂਚੀ ਅਨੁਸਾਰ ਇਲਾਕੇ ਦੇ ਬਹੁਤੇ ਵਾਟਰ ਵਰਕਸਾਂ ਵੱਲ 1 ਕਰੋੜ 38 ਲੱਖ ਰੁਪਏ ਦੇ ਬਿਜਲੀ ਬਿੱਲ ਬਕਾਇਆ ਖੜ੍ਹੇ ਹਨ, ਜੋ ਕੋਈ ਆਸਾਨੀ ਨਾਲ ਉੱਤਰਨ ਵਾਲੀ ਰਕਮ ਨਹੀਂ ਹੈ ਜਿੰਨਾ ਕੁ ਪੈਸਾ ਪਿੰਡ ਭਰਦੇ ਹਨ, ਉਸ ਤੋਂ ਵੱਧ ਅਗਲਾ ਬਿੱਲ ਬਣ ਜਾਂਦਾ ਹੈ ਜਾਂ ਫਿਰ ਜੁਰਮਾਨੇ ਪੈ ਕੇ ਰਕਮ ਆਏ ਮਹੀਨੇ ਵਧ ਰਹੀ ਹੈ।ਬਹੁਤੇ ਪਿੰਡ ਅਜਿਹੇ ਵੀ ਹਨ ਜਿਨ੍ਹਾਂ ਵੱਲ ਬਕਾਇਆ ਨਹੀਂ ਹੈ ਜਾਂ ਫਿਰ ਬਾਕੀਆਂ ਦੇ ਬਦਲੇ ਬਹੁਤ ਘੱਟ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਉਥੇ ਆਮਦਨ ਖਰਚ ਸਹੀ ਚੱਲ ਰਿਹਾ ਹੈ ।
ਕਿਸ ਵਾਟਰ ਵਰਕਸ ਵੱਲ ਕਿੰਨਾ ਬਕਾਇਆ
ਸੂਚੀ ਅਨੁਸਾਰ ਐੱਸ. ਡੀ. ਓ. ਪਬਲਿਕ ਹੈਲਥ ਦੇ ਨਾਂ ਚੱਲਦੇ ਪਿੰਡ ਲੋਹਟਬੱਦੀ ਦੇ ਵਾਟਰ ਵਰਕਸ ਵੱਲ 20 ਲੱਖ 53 ਹਜ਼ਾਰ, ਐੱਸ. ਡੀ. ਓ. ਪਬਲਿਕ ਹੈਲਥ ਦੇ ਨਾਂ ਚੱਲਦੇ ਪਿੰਡ ਪੰਜਗਰਾਈਆਂ ਦੇ ਵਾਟਰ ਵਰਕਸ ਵੱਲ 28 ਲੱਖ 21 ਹਜ਼ਾਰ, ਐੱਸ. ਡੀ. ਓ. ਪਬਲਿਕ ਹੈਲਥ ਦੇ ਨਾਂ ਚੱਲਦੇ ਪਿੰਡ ਕਲਸੀਆਂ ਦੇ ਵਾਟਰ ਵਰਕਸ ਵੱਲ 3 ਲੱਖ 49 ਹਜ਼ਾਰ, ਐੱਸ. ਡੀ. ਓ. ਪਬਲਿਕ ਹੈਲਥ ਦੇ ਨਾਂ ਚੱਲਦੇ ਪਿੰਡ ਸੰਦੌੜ ਦੇ ਵਾਟਰ ਵਰਕਸ ਵੱਲ 5 ਲੱਖ 6 ਹਜ਼ਾਰ, ਐੱਸ. ਡੀ. ਓ. ਪਬਲਿਕ ਹੈਲਥ ਦੇ ਨਾਂ ਚੱਲਦੇ ਪਿੰਡ ਕੰਗਣਵਾਲ ਦੇ ਵਾਟਰ ਵਰਕਸ ਵੱਲ 24 ਲੱਖ 8 ਹਜ਼ਾਰ, ਐੱਸ. ਡੀ. ਓ. ਪਬਲਿਕ ਹੈਲਥ ਦੇ ਨਾਂ ਚੱਲਦੇ ਪਿੰਡ ਖੁਰਦ ਦੇ ਵਾਟਰ ਵਰਕਸ ਵੱਲ 13 ਲੱਖ 48 ਹਜ਼ਾਰ, ਐੱਸ. ਡੀ. ਓ. ਪਬਲਿਕ ਹੈਲਥ ਦੇ ਨਾਂ ਚੱਲਦੇ ਪਿੰਡ ਮਾਣਕੀ ਦੇ ਵਾਟਰ ਵਰਕਸ ਵੱਲ 5 ਲੱਖ 8 ਹਜ਼ਾਰ, ਐੱਸ. ਡੀ. ਓ. ਪਬਲਿਕ ਹੈਲਥ ਦੇ ਨਾਂ ਚੱਲਦੇ ਪਿੰਡ ਕਲਿਆਣ ਦੇ ਵਾਟਰ ਵਰਕਸ ਵੱਲ 4 ਲੱਖ 9 ਹਜ਼ਾਰ, ਚੇਅਰਮੈਨ ਜੀ. ਪੀ. ਡਬਲਿਊ. ਪਿੰਡ ਮਹੋਲੀ ਖੁਰਦ ਦੇ ਵਾਟਰ ਵਰਕਸ ਵੱਲ 5 ਲੱਖ 8 ਹਜ਼ਾਰ, ਪਿੰਡ ਝੁਨੇਰ ਦੇ ਵਾਟਰ ਵਰਕਸ ਵੱਲ 2 ਲੱਖ 37 ਹਜ਼ਾਰ, ਪਿੰਡ ਧਲੇਰ ਖੁਰਦ ਦੇ ਵਾਟਰ ਵਰਕਸ ਵੱਲ 2 ਲੱਖ 22 ਹਜ਼ਾਰ, ਚੇਅਰਮੈਨ ਜੀ. ਪੀ. ਡਬਲਿਊ. ਦੇ ਨਾਂ ਚੱਲਦੇ ਪਿੰਡ ਝੁਨੇਰ ਦੇ ਵਾਟਰ ਵਰਕਸ ਵੱਲ 11 ਲੱਖ 57 ਹਜ਼ਾਰ, ਚੇਅਰਮੈਨ ਜੀ. ਪੀ. ਡਬਲਿਊ. ਦੇ ਨਾਂ ਚੱਲਦੇ ਪਿੰਡ ਨੱਥੋਹੇੜੀ ਦੇ ਵਾਟਰ ਵਰਕਸ ਵੱਲ 2 ਲੱਖ 63 ਹਜ਼ਾਰ, ਪਿੰਡ ਫਰਵਾਲੀ ਦੇ ਵਾਟਰ ਵਰਕਸ ਵੱਲ 1 ਲੱਖ 67 ਹਜ਼ਾਰ, ਵਾਟਰ ਵਰਕਸ ਜਲਵਾਣਾ ਵੱਲ 85 ਹਜ਼ਾਰ, ਪਿੰਡ ਕਸਬਾ ਦੇ ਵਾਟਰ ਵਰਕਸ ਵੱਲ 5 ਲੱਖ 18 ਹਜ਼ਾਰ ਰੁਪਏ ਬਕਾਇਆ ਹੈ ।
ਬਿਨਾਂ ਮਨਜ਼ੂਰੀ ਤੋਂ ਚੱਲ ਰਹੀਆਂ ਨੇ ਟੂਟੀਆਂ
ਲੋਕਾਂ ਵੱਲੋਂ ਬਿੱਲਾਂ ਦਾ ਸਹੀ ਭੁਗਤਾਨ ਨਾ ਹੋਣ ਕਾਰਨ ਇਹ ਵੀ ਖਦਸ਼ਾ ਹੈ ਕਿ ਕਈ ਪਿੰਡਾਂ ਵਿਚ ਬਿਨਾਂ ਮਨਜ਼ੂਰੀ ਤੋਂ ਟੂਟੀਆਂ ਚਲਾਈਆਂ ਜਾ ਰਹੀਆਂ ਹਨ, ਜਿਸ ਕਰ ਕੇ ਖਪਤ ਦੇ ਬਰਾਬਰ ਭੁਗਤਾਨ ਨਹੀਂ ਆ ਰਿਹਾ ਅਤੇ ਪਿੰਡਾਂ ਦੇ ਵਾਟਰ ਵਰਕਸਾਂ ਵੱਲ ਬਿਜਲੀ ਬਿੱਲ ਦੀ ਰਕਮ ਵਧਦੀ ਦਾ ਰਹੀ ਹੈ।
ਬਿਜਲੀ ਬਿੱਲ ਪੰਚਾਇਤਾਂ ਦੇ ਗਲ ਪਾਉਣ ਦਾ ਫੈਸਲਾ, ਕਿੰਨਾ ਕੁ ਸਹੀ
ਲੰਬੇ ਸਮੇਂ ਤੋਂ ਇਨ੍ਹਾਂ ਵਾਟਰ ਵਰਕਸਾਂ ਦਾ ਰੱਖ-ਰਖਾਅ ਪਿੰਡਾਂ ਦੀਆਂ ਪੰਚਾਇਤਾਂ ਅਧੀਨ ਕਰ ਰੱਖਿਆ ਹੈ, ਜਿਸ ਕਰ ਕੇ ਮਹਿਕਮਾ ਸਿੱਧੀ ਜ਼ਿੰਮੇਵਾਰੀ ਤੋਂ ਪਾਸੇ ਹਟ ਗਿਆ ਹੈ। ਲੋਕਲ ਪੱਧਰ ਦੀ ਇਸ ਜ਼ਿੰਮੇਵਾਰੀ ਵਿਚ ਬਹੁਤੀਆਂ ਪੰਚਾਇਤਾਂ ਇਸ ਪ੍ਰਬੰਧ ਨੂੰ ਲੈ ਕੇ ਪ੍ਰੇਸ਼ਾਨੀ ਵਿਚ ਹਨ। ਇਹ ਪ੍ਰਬੰਧ ਤੇ ਬਿੱਲਾਂ ਦਾ ਭੁਗਤਾਨ ਮਹਿਕਮਾ ਆਪਣੇ ਕੋਲ ਰੱਖੇ ਅਤੇ ਜਿਥੇ ਲੋੜ ਹੈ ਸਖਤੀ ਨਾਲ ਕੰਮ ਲਵੇ ਤੇ ਬਿਨਾਂ ਮਨਜ਼ੂਰੀ ਤੋਂ ਚੱਲਦੇ ਕੁਨੈਕਸ਼ਨਾਂ ਦੀ ਪੜਤਾਲ ਹੋਵੇ ।
ਬਕਾਇਆ ਬਿੱਲਾਂ ਵਾਲਿਆਂ ਨੂੰ ਭੇਜੇ ਨੋਟਿਸ
ਇਸ ਸਬੰਧੀ ਐੱਸ. ਡੀ. ਓ. ਪਾਵਰਕਾਮ ਸੰਦੌੜ ਨੇ ਕਿਹਾ ਕਿ ਜਿਨ੍ਹਾਂ ਪਿੰਡਾਂ ਵੱਲ ਬਿੱਲ ਬਕਾਇਆ ਹਨ, ਉਨ੍ਹਾਂ ਨੂੰ ਨੋਟਿਸ ਭੇਜ ਦਿੱਤੇ ਗਏ ਹਨ ਅਤੇ ਜਲਦੀ ਬਿੱਲ ਭਰਨ ਲਈ ਕਿਹਾ ਗਿਆ ਹੈ । ਬਿੱਲ ਨਾ ਭਰਨ ਕਰ ਕੇ ਵੱਡੀ ਰਕਮ ਬਕਾਇਆ ਖੜ੍ਹੀ ਰਹਿਣ ਕਾਰਨ ਉਨ੍ਹਾਂ ਦੇ ਵਿਭਾਗ ਨੂੰ ਵੀ ਸਮੱਸਿਆ ਪੇਸ਼ ਆ ਰਹੀ ਹੈ ।
ਮੋਟਰਾਂ ਹੋ ਸਕਦੀਆਂ ਨੇ ਲਾਹੇਵੰਦ ਸਾਬਤ
ਲੰਘੀ ਸਰਕਾਰ ਮੌਕੇ ਬਹੁਤੇ ਪਿੰਡਾਂ ਵਿਚ ਲੋੜਵੰਦਾਂ ਨੂੰ ਪਾਣੀ ਸਪਲਾਈ ਲਈ ਮੁਹੱਲਾ ਸਬਮਰਸੀਬਲ ਮੋਟਰਾਂ ਗ੍ਰਾਮ ਪੰਚਇਤ ਨੇ ਲਾ ਕੇ ਲੋਕਾਂ ਦੇ ਹਵਾਲੇ ਕਰ ਦਿੱਤੀਆਂ ਸਨ ਜਿਨ੍ਹਾਂ ਦੇ ਬਿੱਲਾਂ ਦਾ ਭੁਗਤਾਨ ਅਤੇ ਸਾਂਭ- ਸੰਭਾਲ ਦੀ ਵਰਤੋਂ ਲੋਕਾਂ ਨੇ ਹੀ ਕਰਨੀ ਹੁੰਦੀ ਹੈ। ਇਨ੍ਹਾਂ ਮੋਟਰਾਂ ਤੋਂ 15-20 ਘਰ ਆਸਾਨੀ ਨਾਲ ਪਾਣੀ ਲੈ ਰਹੇ ਹਨ, ਜੋ ਕਿ ਲੋਕਾਂ ਲਈ ਬਹੁਤ ਹੀ ਲਾਹੇਵੰਦ ਸਾਬਤ ਹੋ ਰਹੀਆਂ ਹਨ। ਇਨ੍ਹਾਂ ਨੂੰ ਲੋਕਾਂ ਦੇ ਹਵਾਲੇ ਕਰਨ ਉਪਰੰਤ ਸਰਕਾਰ ਜਾਂ ਗ੍ਰਾਮ ਪੰਚਾਇਤ ਨੂੰ ਕੋਈ ਸਿਰਦਰਦੀ ਵੀ ਨਹੀਂ ਹੈ। ਲੋਕ ਇਨ੍ਹਾਂ ਦੀ ਸੰਭਾਲ ਬਹੁਤ ਧਿਆਨ ਨਾਲ ਕਰਦੇ ਹਨ ਕਿਉਂਕਿ ਖਰਾਬ ਹੋਣ ਅਤੇ ਬਿੱਲ ਵੱਧ ਹੋਣ ਦੀ ਸੂਰਤ 'ਚ ਵਰਤੋਂ ਕਰਨ ਵਾਲੇ ਲੋਕਾਂ ਨੇ ਹੀ ਸਾਰੇ ਭੁਗਤਾਨ ਕਰਨੇ ਹੁੰਦੇ ਹਨ । ਇਸ ਲਈ ਚਿੰਤਕਾਂ ਦਾ ਕਹਿਣਾ ਹੈ ਕਿ ਜੇਕਰ ਵੱਡੀਆਂ ਟੈਂਕੀਆਂ ਦੀ ਥਾਂ ਅਜਿਹੇ ਮੁਹੱਲਾ ਕੁਨੈਕਸ਼ਨ ਹੀ ਵਧਾਏ ਜਾਣ ਤਾਂ ਬਹੁਤ ਲਾਭਕਾਰੀ ਹੋ ਸਕਦੇ ਹਨ।
