ਪੰਜਾਬ : ਇੰਸਟਾਗ੍ਰਾਮ ''ਤੇ ਹੋਇਆ ਪਿਆਰ, ਪ੍ਰੇਮੀ ਪਿੱਛੇ ਲੱਗ ਮਾਂ ਨੇ ਮਾਰ ''ਤੇ ਕੁੱਖੋਂ ਜੰਮੇ ਜਵਾਕ
Tuesday, Sep 22, 2026 - 05:31 PM (IST)
ਭਵਾਨੀਗੜ੍ਹ/ਸੰਗਰੂਰ (ਵਿਕਾਸ) : ਭਵਾਨੀਗੜ੍ਹ ਵਿਚ ਤਿੰਨ ਮਾਸੂਮ ਸਕੇ ਭੈਣ-ਭਰਾਵਾਂ ਦੀ ਜ਼ਹਿਰੀਲੀ ਮਠਿਆਈ ਖਾਣ ਕਾਰਨ ਹੋਈ ਮੌਤ ਦੇ ਮਾਮਲੇ 'ਚ ਪੁਲਸ ਨੇ ਹੈਰਾਨ ਕਰ ਦੇਣ ਵਾਲਾ ਖੁਲਾਸਾ ਕੀਤਾ ਹੈ। ਪੁਲਸ ਅਨੁਸਾਰ ਬੱਚਿਆਂ ਦੀ ਮਾਂ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਮਠਿਆਈ ਵਿਚ ਕਥਿਤ ਤੌਰ ’ਤੇ ਜ਼ਹਿਰੀਲੀ ਚੀਜ਼ ਮਿਲਾ ਕੇ ਬੱਚਿਆਂ ਨੂੰ ਖੁਆਈ ਜਿਸ ਕਾਰਨ ਇਲਾਜ ਦੌਰਾਨ ਤਿੰਨਾਂ ਦੀ ਮੌਤ ਹੋ ਗਈ। ਪੁਲਸ ਨੇ ਮਾਮਲੇ ਵਿਚ ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਉਸ ਦੇ ਕਥਿਤ ਪ੍ਰੇਮੀ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਸੰਗਰੂਰ ਡਾ.ਰਵਜੋਤ ਗਰੇਵਾਲ ਨੇ ਦੱਸਿਆ ਕਿ ਬਖੌਪੀਰ ਰੋਡ ਭਵਾਨੀਗੜ੍ਹ ਵਿਖੇ ਤਿੰਨ ਨਾਬਾਲਗ ਸਕੇ ਭੈਣ-ਭਰਾਵਾਂ ਜਸਨੂਰ ਕੌਰ (ਕਰੀਬ 7 ਸਾਲ), ਅਰਮਾਨਦੀਪ ਸਿੰਘ (5 ਸਾਲ) ਤੇ ਰਿਹਾਨਦੀਪ ਸਿੰਘ (ਢਾਈ ਸਾਲ) ਦੀ ਜ਼ਹਿਰੀਲੀ ਮਠਿਆਈ ਖਾਣ ਕਾਰਨ ਇਲਾਜ ਦੌਰਾਨ ਮੌਤ ਹੋ ਗਈ ਸੀ। ਸ਼ੁਰੂਆਤ ਵਿਚ ਮਾਮਲਾ ਫੂਡ ਪੁਆਇਜ਼ਨਿੰਗ ਨਾਲ ਸਬੰਧਤ ਸਮਝਦਿਆਂ ਬੱਚਿਆਂ ਦੇ ਪਿਤਾ ਕੁਲਵਿੰਦਰ ਸਿੰਘ ਵਾਸੀ ਭਵਾਨੀਗੜ੍ਹ ਦੇ ਬਿਆਨਾਂ ’ਤੇ 174 ਸੀ.ਆਰ.ਪੀ.ਸੀ. ਤਹਿਤ ਕਾਰਵਾਈ ਕੀਤੀ ਗਈ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡਾ ਹਾਦਸਾ, ਸ਼ਰਾਬ ਨਾਲ ਧੁੱਤ ਨੌਜਵਾਨ ਨੇ ਠੋਕ 'ਤੀ ਕਾਰ, ਤਿੰਨ ਲੋਕਾਂ ਦੀ ਮੌਤ
ਐੱਸ.ਐੱਸ.ਪੀ. ਨੇ ਦੱਸਿਆ ਕਿ ਬਾਅਦ ਵਿਚ ਥਾਣਾ ਭਵਾਨੀਗੜ੍ਹ ਦੀ ਪੁਲਸ ਤੇ ਬੱਚਿਆਂ ਦੇ ਪਿਤਾ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਜਾਂਚ ਦੌਰਾਨ ਪੁਲਸ ਨੂੰ ਕਥਿਤ ਤੌਰ ’ਤੇ ਪਤਾ ਲੱਗਾ ਕਿ ਕੁਲਵਿੰਦਰ ਸਿੰਘ ਦੀ ਪਤਨੀ ਲਵਪ੍ਰੀਤ ਕੌਰ ਦੇ ਹਰਜੀਤ ਸਿੰਘ ਵਾਸੀ ਜਲਾਲਾਬਾਦ ਨਾਲ ਕਥਿਤ ਨਾਜਾਇਜ਼ ਸਬੰਧ ਸਨ। ਪੁਲਸ ਦਾ ਦਾਅਵਾ ਹੈ ਕਿ ਦੋਵਾਂ ਨੇ ਮਿਲ ਕੇ ਬੱਚਿਆਂ ਨੂੰ ਰਸਤੇ 'ਚੋਂ ਹਟਾਉਣ ਦੀ ਸਾਜ਼ਿਸ਼ ਰਚੀ ਤੇ ਇਸ ਤਹਿਤ ਮਠਿਆਈ ਵਿਚ ਕਥਿਤ ਜ਼ਹਿਰੀਲੀ ਚੀਜ਼ ਮਿਲਾ ਦਿੱਤੀ। ਇਸ ਸਬੰਧੀ ਪੁਲਸ ਨੇ ਲਵਪ੍ਰੀਤ ਕੌਰ ਵਾਸੀ ਭਵਾਨੀਗੜ੍ਹ ਤੇ ਹਰਜੀਤ ਸਿੰਘ ਵਾਸੀ ਜਲਾਲਾਬਾਦ (ਫਾਜ਼ਿਲਕਾ) ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਪੁਲਸ ਟੀਮਾਂ ਵੱਲੋਂ ਹਿਊਮਨ ਅਤੇ ਟੈਕਨੀਕਲ ਇੰਟੈਲੀਜੈਂਸ ਦੀ ਮਦਦ ਲਈ ਗਈ। ਕਾਰਵਾਈ ਦੌਰਾਨ ਪੁਲਸ ਨੇ ਲਵਪ੍ਰੀਤ ਕੌਰ ਨੂੰ ਮੰਗਲਵਾਰ ਨੂੰ ਗ੍ਰਿਫਤਾਰ ਕਰ ਲਿਆ ਜਦਕਿ ਹਰਜੀਤ ਸਿੰਘ ਦੀ ਭਾਲ ਜਾਰੀ ਹੈ। ਐੱਸ.ਐੱਸ.ਪੀ. ਨੇ ਦੱਸਿਆ ਕਿ ਮੁਲਜ਼ਮ ਔਰਤ ਨੂੰ ਪੁਲਸ ਰਿਮਾਂਡ ’ਤੇ ਲੈ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਨੂੰ ਪੁੱਛਗਿੱਛ ਦੌਰਾਨ ਮਾਮਲੇ ਸਬੰਧੀ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਬਹਿਰੀਨ ਵਾਲੀ ਬੀਬੀ ਦੇ ਮਾਮਲੇ 'ਚ ਹਰਜਿੰਦਰ ਸਿੰਘ ਧਾਮੀ ਨੇ ਤੋੜੀ ਚੁੱਪ, ਆਇਆ ਵੱਡਾ ਬਿਆਨ
ਇੰਸਟਾਗ੍ਰਾਮ ’ਤੇ ਹੋਇਆ ਸੰਪਰਕ, ਪਿਆਰ ਦੇ ਚੱਕਰ ’ਚ ਮਾਸੂਮ ਬੱਚਿਆਂ ਦੀ ਜਾਨ ਲਈ
ਪੁਲਸ ਜਾਂਚ ਅਨੁਸਾਰ ਭਵਾਨੀਗੜ੍ਹ ਦੀ ਰਹਿਣ ਵਾਲੀ ਲਵਪ੍ਰੀਤ ਕੌਰ ਦਾ ਫਾਜ਼ਿਲਕਾ ਵਾਸੀ ਹਰਜੀਤ ਸਿੰਘ ਨਾਲ ਇੰਸਟਾਗ੍ਰਾਮ ਰਾਹੀਂ ਸੰਪਰਕ ਹੋਇਆ ਸੀ। ਪੁਲਸ ਦਾ ਦਾਅਵਾ ਹੈ ਕਿ ਸੋਸ਼ਲ ਮੀਡੀਆ ਰਾਹੀਂ ਬਣੇ ਕਥਿਤ ਪ੍ਰੇਮ ਸਬੰਧਾਂ ਦੇ ਚੱਲਦਿਆਂ ਦੋਵਾਂ ਨੇ ਬੱਚਿਆਂ ਨੂੰ ਰਸਤੇ ’ਚੋਂ ਹਟਾਉਣ ਦੀ ਸਾਜ਼ਿਸ਼ ਰਚੀ। ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਉੱਥੇ ਹੀ ਕੁਲਵਿੰਦਰ ਸਿੰਘ ਦਾ ਪਰਿਵਾਰ ਭਾਰੀ ਸਦਮੇ ਵਿਚ ਹੈ।
ਇਹ ਵੀ ਪੜ੍ਹੋ : ਪੰਜਾਬ : ਪੈਨਸ਼ਨ ਦਾ ਬਕਾਇਆ ਨਾ ਦੇਣ ’ਤੇ ਅਧਿਕਾਰੀਆਂ ਦੀ ਤਨਖ਼ਾਹ ਰੋਕਣ ਦੇ ਹੁਕਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
