5 ਦਿਨਾਂ ਤੋਂ ਮੋਟਰ ਖਰਾਬ ਹੋਣ ਕਾਰਨ ਵਾਟਰ ਸਪਲਾਈ ਠੱਪ ; ਲੋਕ ਪ੍ਰੇਸ਼ਾਨ

06/24/2017 6:48:10 AM

ਕਲਾਨੌਰ, (ਮਨਮੋਹਨ)-ਵਾਟਰ ਸਪਲਾਈ ਦਫਤਰ ਵਿਚ ਬਣੀ ਵਾਟਰ ਸਪਲਾਈ ਟੈਂਕੀ ਦੀ ਮੋਟਰ ਖਰਾਬ ਹੋਣ ਕਰਕੇ ਢੱਕੀ ਮੁਹੱਲਾ, ਬਾਣੀਆਂ ਮੁਹੱਲਾ ਤੇ ਸੁੰਦਰਪੁਰੀਆ ਆਦਿ ਮੁਹੱਲਿਆਂ ਵਿਚ ਪਿਛਲੇ 4-5 ਦਿਨਾਂ ਤੋਂ ਪਾਣੀ ਦੀ ਸਪਲਾਈ ਬੰਦ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।  ਇਸ ਸਬੰਧੀ ਅੱਜ ਹਿੰਦੋਸਤਾਨ ਸ਼ਿਵ ਸੈਨਾ ਪਾਰਟੀ ਦੇ ਪੰਜਾਬ ਪ੍ਰਧਾਨ ਸੁਰਜੀਤ ਸਿੰਘ ਬਿੱਲਾ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਲੋਕਾਂ ਨੂੰ ਪੇਸ਼ ਆ ਰਹੀਆਂ ਇਸ ਸਬੰਧੀ ਪ੍ਰੇਸ਼ਾਨੀਆਂ ਨੂੰ ਸੁਣਿਆ।
ਜਾਣਕਾਰੀ ਦਿੰਦੇ ਹੋਏ ਸੁਰਜੀਤ ਸਿੰਘ ਬਿੱਲਾ ਨੇ ਦੱਸਿਆ ਕਿ ਇਕ ਪਾਸੇ ਜਿਥੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਡਿਜੀਟਲ ਭਾਰਤ, ਸਕਿੱਲ ਇੰਡੀਆ ਤੇ ਸਵੱਛ ਭਾਰਤ ਬਣਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ ਤੇ ਪੰਜਾਬ 'ਚ ਕਾਬਜ਼ ਕਾਂਗਰਸ ਸਰਕਾਰ ਵੀ ਲੋਕਾਂ ਨੂੰ ਵਿਸ਼ੇਸ਼ ਸਹੂਲਤਾਂ ਦੇਣ ਦੇ ਵਾਅਦੇ ਕਰ ਰਹੀ ਹੈ, ਉਥੇ ਹੀ ਸਰਹੱਦੀ ਕਸਬਾ ਕਲਾਨੌਰ ਜਿਸ ਦੀ ਸੂਬੇ ਅੰਦਰ ਸਭ ਤੋਂ ਵੱਧ ਆਪਣੀ ਹੀ ਆਮਦਨ ਹੈ, ਵਿਖੇ ਕਰੀਬ 4-5 ਦਿਨਾਂ ਤੋਂ ਵਾਟਰ ਸਪਲਾਈ ਦੀ ਮੋਟਰ ਤੇ ਬੋਰ ਖਰਾਬ ਹੋਣ ਕਾਰਨ ਅੱਤ ਦੀ ਗਰਮੀ 'ਚ ਲੋਕਾਂ ਨੂੰ ਪਾਣੀ ਸਬੰਧੀ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਬੜੇ ਦੁੱਖ ਦੀ ਗੱਲ ਹੈ ਕਿ ਪ੍ਰਸ਼ਾਸਨ ਤੇ ਸਬੰਧਿਤ ਅਧਿਕਾਰੀਆਂ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। 
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਾਟਰ ਸੈਨੀਟੇਸ਼ਨ ਕਮੇਟੀ ਦੇ ਚੇਅਰਮੈਨ ਨਾਲ ਗੱਲ ਹੋਈ ਹੈ ਤੇ ਉਨ੍ਹਾਂ ਕਿਹਾ ਹੈ ਕਿ ਕੱਲ ਤੱਕ ਮੋਟਰ ਠੀਕ ਹੋ ਜਾਵੇਗੀ ਤੇ ਵਾਟਰ ਸਪਲਾਈ ਚਾਲੂ ਹੋ ਜਾਵੇਗੀ।  ਸੁਰਜੀਤ ਸਿੰਘ ਬਿੱਲਾ ਨੇ ਦੱਸਿਆ ਕਿ ਜੇਕਰ ਇਕ ਦੋ ਦਿਨਾਂ 'ਚ ਵਾਟਰ ਸਪਲਾਈ ਚਾਲੂ ਨਾ ਹੋਈ ਤਾਂ ਹਿੰਦੋਸਤਾਨ ਸ਼ਿਵ ਸੈਨਾ ਦੇ ਵਰਕਰ ਉੱਚ ਪੱਧਰ ਦਾ ਰੋਸ ਪ੍ਰਦਰਸ਼ਨ ਕਰਨਗੇ, ਜਿਸ ਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।


Related News