ਜ਼ਿਲਾ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਨਾਲ ਨਗਰ''ਚ ਪਾਣੀ-ਪਾਣੀ
Wednesday, Aug 02, 2017 - 07:09 AM (IST)
ਕਪੂਰਥਲਾ, (ਮਲਹੋਤਰਾ)- ਕਪੂਰਥਲਾ ਤੇ ਆਸ-ਪਾਸ ਦੇ ਖੇਤਰਾਂ 'ਚ ਲਗਾਤਾਰ ਮੀਂਹ ਦੇ ਕਾਰਨ ਲੋਕਾਂ ਨੂੰ ਜਿਥੇ ਗਰਮੀ ਤੋਂ ਭਾਰੀ ਰਾਹਤ ਮਿਲੀ, ਉਥੇ ਹੀ ਕਪੂਰਥਲਾ ਦੇ ਸਾਰੇ ਖੇਤਰਾਂ 'ਚ ਵਿਸ਼ੇਸ਼ ਕਰਕੇ ਸਰਕਾਰੀ ਦਫਤਰਾਂ 'ਚ ਪਾਣੀ ਭਰਿਆ ਹੋਣ ਨਾਲ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਅਨੁਸਾਰ 'ਜਗ ਬਾਣੀ' ਦੀ ਟੀਮ ਵਲੋਂ ਮੀਂਹ ਦੌਰਾਨ ਵੱਖ-ਵੱਖ ਖੇਤਰਾਂ ਦਾ ਦੌਰਾ ਕੀਤਾ ਗਿਆ, ਜਿਸ ਦੌਰਾਨ ਮਾਲ ਰੋਡ, ਰੇਲਵੇ ਰੋਡ, ਬੱਸ ਸਟੈਂਡ, ਚੌਕ ਜਲੌਖਾਨਾ, ਕੋਟੂ ਚੌਕ, ਮਾਰਕਫੈਡ ਚੌਕ, ਇੰਡਸਟਰੀਅਲ ਏਰੀਆ ਆਦਿ ਖੇਤਰਾਂ 'ਚ ਪਾਣੀ ਛੱਪੜ ਦੇ ਰੂਪ 'ਚ ਧਾਰਿਆ ਹੋਇਆ ਸੀ। ਵਿਜੀਲੈਂਸ ਬਿਊਰੋ ਕਪੂਰਥਲਾ ਦੇ ਦਫਤਰ 'ਚ ਪਾਣੀ ਭਰਿਆ ਹੋਣ ਕਾਰਨ ਵੀ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਆਈਆਂ।
ਗੁਰਦਿਆਲ ਸਿੰਘ ਤੇ ਹਰਦਿਆਲ ਸਿੰਘ ਨੇ ਦੱਸਿਆ ਕਿ ਸੀ. ਆਈ. ਏ. ਸਟਾਫ 'ਚ ਕਿਸੇ ਕੰਮ ਲਈ ਪਿੰਡ 'ਚ ਆਏ ਹਨ ਪਰ ਕਾਫੀ ਪਾਣੀ ਭਰਿਆ ਹੋਣ ਦੇ ਕਾਰਨ ਉਨ੍ਹਾਂ ਨੂੰ ਅੰਦਰ ਜਾਣ 'ਚ ਪ੍ਰੇਸ਼ਾਨੀ ਹੋ ਰਹੀ ਹੈ। ਇਸੇ ਤਰ੍ਹਾਂ ਡੀ. ਸੀ. ਦਫਤਰ, ਐੱਸ. ਐੱਸ. ਪੀ. ਦਫਤਰ, ਤਹਿਸੀਲਦਾਰ ਦਫਤਰ ਵੀ ਪੂਰਾ ਪਾਣੀ ਨਾਲ ਭਰਿਆ ਹੋਇਆ ਸੀ। ਸਥਾਨਕ ਲੋਕਾਂ ਨੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬਰਸਾਤੀ ਪਾਣੀ ਦੇ ਯੋਗ ਨਿਕਾਸੀ ਪ੍ਰਬੰਧ ਕੀਤੇ ਜਾਣ ਤਾਂਕਿ ਬਰਸਾਤੀ ਦਿਨਾਂ 'ਚ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਪ੍ਰੇਸ਼ਾਨੀ ਨਾ ਝੱਲਣੀ ਪਵੇ।
ਮੁਖ ਸੜਕਾਂ 'ਤੇ ਖੜ੍ਹੇ ਪਾਣੀ ਨੇ ਖੋਲ੍ਹੀ ਸੀਵਰੇਜ ਵਿਵਸਥਾ ਦੀ ਪੋਲ
ਅਕਾਲੀ-ਭਾਜਪਾ ਸਰਕਾਰ ਵਲੋਂ ਆਪਣੇ ਕਾਰਜਕਾਲ 'ਚ 100 ਫੀਸਦੀ ਸੀਵਰੇਜ ਪਾ ਕੇ ਪਵਿੱਤਰ ਨਗਰੀ ਦੀ ਨੁਹਾਰ ਬਦਲਣ ਦੀ ਪੋਲ ਅੱਜ ਪਏ ਮੀਂਹ ਨੇ ਖੋਲ੍ਹ ਦਿੱਤੀ। ਖਾਸ ਤੌਰ 'ਤੇ ਰੇਲਵੇ ਰੋਡ, ਲੋਹੀਆਂ ਚੂੰਗੀ ਰੋਡ, ਬੀ. ਡੀ. ਪੀ. ਓ. ਦਫਤਰ ਨਜ਼ਦੀਕ ਪਾਣੀ ਦੇ ਭਾਰੀ ਜਮਾਅ ਨੇ ਸੜਕਾਂ ਦੀ ਹਾਲਤ ਬਦ ਤੋਂ ਬਦਤਰ ਕਰ ਦਿੱਤੀ। ਮੀਂਹ ਕਾਰਨ ਸੜਕਾਂ 'ਤੇ ਪਏ ਟੋਏ ਪਾਣੀ ਨਾਲ ਭਰ ਗਏ, ਜਿਸ ਕਾਰਨ ਕਈ ਵਾਹਨਾਂ ਨੂੰ ਨੁਕਸਾਨ ਪੁੱਜਿਆ ਤੇ ਵਾਹਨ ਸਵਾਰ ਜ਼ਖਮੀ ਹੋਏ।
