ਜਲ ਸਪਲਾਈ ਤੇ ਸੈਨੀਟੇਸ਼ਨ ਮੁਲਾਜ਼ਮਾਂ ਨੇ ਫੂਕਿਆ ਮਨਪ੍ਰੀਤ ਬਾਦਲ ਦਾ ਪੁਤਲਾ
Thursday, Apr 05, 2018 - 04:40 AM (IST)

ਅੰਮ੍ਰਿਤਸਰ, (ਵੜੈਚ)- ਸਰਕਾਰ ਦੇ ਮੁਲਾਜ਼ਮਾਂ ਨੂੰ ਡੀ. ਏ. ਦੀਆਂ ਕਿਸ਼ਤਾਂ, ਪੇ-ਸਕੇਲ ਦੀ ਰਿਪੋਰਟ ਦੇਣ ਤੇ ਹੋਰਨਾਂ ਮੰਗਾਂ ਨੂੰ ਪੂਰਾ ਕਰਨ ਦੀ ਬਜਾਏ ਪੰਜਾਬ ਸਰਕਾਰ ਵੱਲੋਂ ਨਵਾਂ ਜਜ਼ੀਆ ਟੈਕਸ 2400 ਰੁਪਏ ਸਾਲਾਨਾ ਬੋਝ ਪਾਉਣ ਦੇ ਵਿਰੋਧ ਵਿਚ ਕਰਮਚਾਰੀਆਂ ਨੇ ਰੋਸ ਪ੍ਰਦਰਸ਼ਨ ਕੀਤਾ। ਜਲ ਸਪਲਾਈ ਤੇ ਸੈਨੀਟੇਸ਼ਨ (ਮ) ਇੰਪਲਾਈਜ਼ ਯੂਨੀਅਨ ਨੇ ਰਾਮਬਾਗ ਦਫਤਰ ਤੋਂ ਪੈਦਲ ਮਾਰਚ ਕਰਦਿਆਂ ਪੰਜਾਬ ਸਰਕਾਰ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਗੁੱਸੇ 'ਚ ਆਏ ਮੁਲਾਜ਼ਮਾਂ ਨੇ ਹਾਲ ਗੇਟ ਵਿਖੇ ਜਾ ਕੇ ਵਿੱਤ ਮੰਤਰੀ ਪੰਜਾਬ ਦਾ ਪੁਤਲਾ ਫੂਕ ਕੇ ਪਿੱਟ-ਸਿਆਪਾ ਕੀਤਾ।
ਸੂਬਾ ਪ੍ਰਧਾਨ ਸੁਖਨੰਦਨ ਸਿੰਘ ਮੈਹਣੀਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਵੀ ਮਨਪ੍ਰੀਤ ਸਿੰਘ ਬਾਦਲ ਵਿੱਤ ਮੰਤਰੀ ਬਣੇ, ਉਦੋਂ ਹੀ ਮੁਲਾਜ਼ਮ ਮਾਰੂ ਨੀਤੀਆਂ ਤਿਆਰ ਕੀਤੀਆਂ ਗਈਆਂ। ਸਰਕਾਰ ਨੇ ਮੁਲਾਜ਼ਮਾਂ ਦੀਆਂ ਲਟਕਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ, ਉਲਟਾ ਮੁਲਾਜ਼ਮਾਂ ਨੂੰ ਸਹੂਲਤਾਂ ਦੇਣ ਦੀ ਬਜਾਏ ਮੁਸੀਬਤਾਂ ਖੜ੍ਹੀਆਂ ਕਰ ਦਿੱਤੀਆਂ ਹਨ। 2400 ਰੁਪਏ ਸਾਲਾਨਾ ਨਾਦਰਸ਼ਾਹੀ ਪ੍ਰੋਫੈਸ਼ਨਲੀ ਟੈਕਸ ਥੋਪ ਕੇ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਸਰਕਾਰ ਨੇ ਜੇਕਰ ਪੰਜਾਬ ਦੇ ਹਾਲਾਤ 'ਚ ਸੁਧਾਰ ਕਰਨਾ ਹੈ ਤਾਂ ਪਹਿਲਾਂ ਮੁੱਖ ਮੰਤਰੀ ਪੰਜਾਬ ਦੇ 19 ਸਲਾਹਕਾਰਾਂ ਦੀ ਫੌਜ ਨੂੰ ਹਟਾਇਆ ਜਾਵੇ। ਸਾਡੇ ਵਿਭਾਗ ਵਿਚ ਜਿਥੇ ਇਕ ਚੀਫ ਕੰਮ ਕਰਦਾ ਸੀ, ਉਥੇ 3-3 ਚੀਫ, ਐੱਚ. ਓ. ਡੀ. ਵਿੱਤ ਕੰਟਰੋਲਰ ਜਿਹੇ ਫਾਲਤੂ ਅਹੁਦੇ ਹਟਾ ਕੇ ਮਹਿਕਮੇ ਦਾ ਖਰਚ ਘਟਾਇਆ ਜਾਵੇ।
ਜ਼ਿਲਾ ਪ੍ਰਧਾਨ ਸ਼ਸ਼ਪਾਲ ਸਿੰਘ ਲੱਲਾ, ਜਨਰਲ ਸਕੱਤਰ ਰਜੇਸ਼ ਜੈਂਤੀਪੁਰ, ਸੂਬਾ ਕੈਸ਼ੀਅਰ ਸ਼ਿਵਇੰਦਰ ਮੰਨਨ, ਜ਼ਿਲਾ ਚੇਅਰਮੈਨ ਅਸ਼ਵਨੀ ਸ਼ਰਮਾ ਤੇ ਤਰਨਤਾਰਨ ਪ੍ਰਧਾਨ ਗੁਰਮੁੱਖ ਸਿੰਘ ਨੇ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਮੁਲਾਜ਼ਮ ਵਿਰੋਧੀ ਫੈਸਲਿਆਂ ਨੂੰ ਦੇਖਦਿਆਂ ਮੰਤਰੀ ਅਹੁਦੇ ਤੋਂ ਹਟਾਇਆ ਜਾਵੇ। ਕਰਮਚਾਰੀਆਂ ਦੀਆਂ ਮੰਗਾਂ ਟਾਈਮ ਸਕੇਲ ਲਾਗੂ ਕਰਨਾ, ਠੇਕੇਦਾਰੀ ਸਿਸਟਮ ਵਿਚ ਕੰਮ ਕਰਦੇ ਕਾਮੇ ਮਹਿਕਮੇ 'ਚ ਲਿਆਉਣ, ਪੀ. ਐੱਫ. ਦਾ ਬਕਾਇਆ ਦੇਣ, ਪੁਰਾਣੀ ਸਰਵਿਸ ਵਿਚ ਛੁੱਟੀਆਂ ਜੋੜਨਾ, ਬਿੱਲ ਕਲਰਕਾਂ ਨੂੰ ਕਲਕਰਾਂ ਦੀ ਸੀਨੀਆਰਤਾ ਸੂਚੀ 'ਚ ਲਿਆਉਣਾ, ਦਰਜਾ-3 ਤੇ 4 ਦੀ ਪਦਉਨਤੀ ਆਦਿ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਲਾਇਆ ਜਜ਼ੀਆ ਟੈਕਸ ਬੰਦ ਨਾ ਕੀਤਾ ਅਤੇ ਮੰਗਾਂ ਨੂੰ ਪੂਰਾ ਨਾ ਕੀਤਾ ਤਾਂ ਸੰਘਰਸ਼ ਤੇਜ਼ ਕਰ ਦਿੱਤਾ ਜਾਵੇਗਾ।
ਇਸ ਮੌਕੇ ਕੁਲਵੰਤ ਸਿੰਘ, ਜਤਿੰਦਰ ਸਿੰਘ ਅਜਨਾਲਾ, ਗੁਰਦੇਵ ਸਿੰਘ, ਗੁਰਦਿਆਲ ਸਿੰਘ, ਲਖਬੀਰ ਚੀਮਾ, ਅਸ਼ਵਨੀ ਭਗਤ, ਸੁਖਵਿੰਦਰ ਸਿੰਘ ਰਿੰਕੂ, ਦਲਜੀਤ ਸਿੰਘ, ਬਲਵਿੰਦਰ ਤੋੜਾ, ਹਰਰਿੰਦਰ ਮੱਲ੍ਹੀਆਂ, ਸਰਬਜੀਤ ਸਿੰਘ ਗਿੱਲ, ਜਸਵਿੰਦਰ ਸਿੰਘ, ਗੁਰਮੇਜ ਸਿੰਘ ਛੀਨਾ, ਰਘੂਬੀਰ ਸਿੰਘ, ਸਰਬਜੀਤ ਸਿੰਘ ਚਾਵਲਾ, ਗੁਰਮੀਤ ਸਿੰਘ ਤੇ ਧਰਮਿੰਦਰ ਸਿੰਘ ਮੌਜੂਦ ਸਨ।