ਬਲੌਂਗੀ ਵਾਸੀਆਂ ਨੂੰ 25 ਦਿਨਾਂ ਤੋਂ ਨਹੀਂ ਮਿਲ ਰਹੀ ਪਾਣੀ ਦੀ ਸਪਲਾਈ
Tuesday, Jun 26, 2018 - 03:31 PM (IST)

ਮੋਹਾਲੀ (ਨਿਆਮੀਆਂ) : ਬਲੌਂਗੀ 'ਚ ਪਿਛਲੇ 25 ਦਿਨਾਂ ਤੋਂ ਪਾਣੀ ਦੀ ਸਪਲਾਈ ਨਹੀਂ ਆ ਰਹੀ, ਜਿਸ ਕਾਰਨ ਇਲਾਕਾ ਵਾਸੀਆਂ ਨੂੰ ਬਹੁਤ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵਕ ਬੀ. ਸੀ. ਪ੍ਰੇਮੀ ਅਤੇ ਨਿਰਮਲ ਸਿੰਘ ਨੇ ਦੱਸਿਆ ਕਿ ਪਿਛਲੇ 25 ਦਿਨਾਂ ਤੋਂ ਬਲੌਂਗੀ ਵਿਖੇ ਪੀਣ ਵਾਲੇ ਪਾਣੀ ਦੀ ਸਪਲਾਈ ਨਹੀਂ ਹੋ ਰਹੀ। ਬੀਤੇ ਦਿਨ ਸਿਰਫ 10 ਕੁ ਮਿੰਟਾਂ ਲਈ ਹੀ ਪਾਣੀ ਆਇਆ ਸੀ, ਮੁੜ ਕੇ ਉਹ ਵੀ ਨਹੀਂ ਆਇਆ। ਪਾਣੀ ਦੀ ਸਪਲਾਈ ਨਾ ਹੋਣ ਕਾਰਨ ਇਲਾਕਾ ਵਾਸੀਆਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪਾਣੀ ਦੀ ਸਪਲਾਈ ਨਾ ਹੋਣ ਕਾਰਨ ਇਲਾਕਾ ਵਾਸੀਆਂ ਨੂੰ ਪੀਣ ਲਈ ਅਤੇ ਰੋਟੀ ਬਣਾਉਣ ਲਈ ਵੀ ਪਾਣੀ ਨਹੀਂ ਮਿਲ ਰਿਹਾ, ਜਿਸ ਕਾਰਨ ਇਲਾਕੇ ਵਿਚ ਹਾਹਾਕਾਰ ਮਚ ਗਈ ਹੈ।
ਉਨ੍ਹਾਂ ਕਿਹਾ ਕਿ ਪਿਛਲੇ 25 ਦਿਨਾਂ ਤੋਂ ਇਲਾਕਾ ਵਾਸੀ ਨਹਾਉਣਾ ਤਾਂ ਦੂਰ, ਹੱਥ-ਮੂੰਹ ਧੋਣ ਤੋਂ ਵੀ ਰਹਿ ਗਏ ਹਨ, ਗਰਮੀ ਦੇ ਇਸ ਮੌਸਮ ਵਿਚ ਇਲਾਕਾ ਵਾਸੀਆਂ ਦਾ ਬੁਰਾ ਹਾਲ ਹੋ ਗਿਆ ਹੈ। ਇਲਾਕੇ ਦੇ ਲੋਕਾਂ ਦੇ ਘਰਾਂ ਵਿਚ ਗੰਦੇ ਕੱਪੜਿਆਂ ਦੇ ਢੇਰ ਲਗ ਗਏ ਹਨ ਕਿਉਂਕਿ ਕੱਪੜੇ ਧੋਣ ਲਈ ਪਾਣੀ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਹਰ ਦਿਨ ਵਾਂਗ ਹੀ ਆਪਣੇ ਖਰਚੇ ਉਪਰ ਪਾਣੀ ਦਾ ਟੈਂਕਰ ਮੰਗਵਾਉਂਦੇ ਹਨ, ਤਾਂ ਕਿ ਲੋਕਾਂ ਨੂੰ ਪੀਣ ਲਈ ਤਾਂ ਪਾਣੀ ਮਿਲ ਸਕੇ। ਉਨ੍ਹਾਂ ਕਿਹਾ ਕਿ ਬਲੌਂਗੀ ਵਿਚ ਪਾਣੀ ਦੀ ਸਪਲਾਈ ਦਾ ਕੰਮ ਪੰਚਾਇਤ ਦੇ ਅਧੀਨ ਹੈ, ਜਦੋਂ ਪੰਚਾਇਤ ਨੂੰ ਪਾਣੀ ਦੀ ਸਪਲਾਈ ਨਾ ਹੋਣ ਬਾਰੇ ਪੁੱਛਿਆ ਜਾਂਦਾ ਹੈ ਤਾਂ ਉਸ ਦਾ ਜਵਾਬ ਹੁੰਦਾ ਹੈ ਕਿ ਪਾਣੀ ਵਾਲੀ ਮੋਟਰ ਸੜ ਗਈ ਹੈ ਤੇ ਜਲਦੀ ਹੀ ਮੋਟਰ ਠੀਕ ਕਰਵਾ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਉਹ ਪਾਣੀ ਦੀ ਸਪਲਾਈ ਬਹਾਲ ਕਰਵਾਉਣ ਲਈ ਅੱਜ ਵਾਟਰ ਸਪਲਾਈ ਡਵੀਜ਼ਨ ਨੰਬਰ 3 ਦੇ ਐਕਸੀਅਨ ਨੂੰ ਵੀ ਮਿਲੇ ਹਨ, ਜਿਨ੍ਹਾਂ ਨੇ ਜਲਦੀ ਹੀ ਪਾਣੀ ਦੀ ਸਮੱਸਿਆ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਹੀ ਬਲੌਂਗੀ ਵਿਚ ਪਾਣੀ ਦੀ ਸਪਲਾਈ ਨਾ ਕੀਤੀ ਗਈ ਤਾਂ ਪਿੰਡ ਵਾਸੀਆਂ ਵਲੋਂ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਇਲਾਕਾ ਵਾਸੀ ਸੁਦਾਮਾ ਦੇਵੀ, ਮਨਜੀਤ ਕੌਰ, ਲਤਾ ਤੇ ਗੁਰਦੀਪ ਕੌਰ ਵੀ ਮੌਜੂਦ ਸਨ।