ਜਲ ਸਰੋਤ ਮੰਤਰੀ ਸਰਕਾਰੀਆ ਵਲੋਂ ਸਤਲੁਜ, ਬਿਆਸ ਦਰਿਆਵਾਂ ਤੇ ਡ੍ਰੇਨਾਂ ਦਾ ਦੌਰਾ
Sunday, Jul 21, 2019 - 12:44 PM (IST)

ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ, ਦਰਦੀ) - ਪੰਜਾਬ ਦੇ ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਵਲੋਂ ਸਤਲੁਜ, ਬਿਆਸ ਦਰਿਆਵਾਂ ਅਤੇ ਅੰਮ੍ਰਿਤਸਰ, ਫਿਰੋਜ਼ਪੁਰ, ਮੋਗਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ ਜ਼ਿਲਿਆਂ 'ਚ ਪੈਂਦੀਆਂ ਡ੍ਰੇਨਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਪਿਛਲੇ ਦਿਨਾਂ ਦੌਰਾਨ ਰਾਜ 'ਚ ਪਏ ਭਾਰੀ ਮੀਂਹ ਤੋਂ ਬਾਅਦ ਉਪਜੀ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਪ੍ਰਸ਼ਾਸਨ ਨੂੰ ਹੜ੍ਹ ਵਰਗੇ ਹਾਲਾਤਾਂ ਨਾਲ ਨਜਿੱਠਣ ਲਈ ਢੁੱਕਵੇਂ ਕਦਮ ਚੁੱਕਣ ਅਤੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਦੇ ਪੁਖਤਾ ਪ੍ਰਬੰਧ ਕੀਤੇ ਜਾਣ ਦੇ ਹੁਕਮ ਦਿੱਤੇ। ਇਸ ਦੌਰਾਨ ਸਰਕਾਰੀਆ ਨੇ ਮੌਜਗੜ੍ਹ ਡ੍ਰੇਨ, ਜ਼ੀਰਾ ਡ੍ਰੇਨ, ਮੁੱਦਕੀ ਡ੍ਰੇਨ, ਪੱਕਾ ਡ੍ਰੇਨ, ਲੰਗੇਆਣਾ ਡ੍ਰੇਨ, ਬੂੜਾ ਗੁੱਜਰ ਡ੍ਰੇਨ, ਭੁੱਲਰ ਡ੍ਰੇਨ ਅਤੇ ਚੰਦ ਭਾਨ ਡ੍ਰੇਨ ਤੋਂ ਇਲਾਵਾ ਤਰਨਤਾਰਨ ਜ਼ਿਲੇ 'ਚ ਪੈਂਦੇ ਹਰੀਕੇ ਹੈੱਡ ਵਰਕਸ ਦਾ ਵੀ ਦੌਰਾ ਕੀਤਾ।
ਸ੍ਰੀ ਮੁਕਤਸਰ ਸਾਹਿਬ ਦੇ ਉਦੇਕਰਨ 'ਚ ਮੀਂਹ ਦਾ ਪਾਣੀ ਆਉਣ ਕਾਰਨ ਪ੍ਰਭਾਵਿਤ ਹੋਏ ਕਰੀਬ ਦੋ ਸੌ ਲੋਕਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਹੜ੍ਹਾਂ ਨਾਲ ਨਜਿੱਠਣ ਅਤੇ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਹਰ ਤਰ੍ਹਾਂ ਨਾਲ ਤਿਆਰ ਹੈ। ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਜ਼ਿਲੇ 'ਚ ਜਿਨ੍ਹਾਂ ਪਿੰਡਾਂ 'ਚ ਜਲ ਨਿਕਾਸੀ ਦੀ ਸਮੱਸਿਆ ਹੈ ਉਨ੍ਹਾਂ ਪਿੰਡਾਂ ਦੇ ਲੋਕਾਂ ਦੀ ਆਮ ਸਹਿਮਤੀ ਕਰਵਾ ਕੇ ਜ਼ਰੂਰਤ ਅਨੁਸਾਰ ਜਲ ਨਿਕਾਸੀ ਦੀ ਵਿਵਸਥਾ ਕੀਤੀ ਜਾਵੇਗੀ। ਸੂਬਾ ਸਰਕਾਰ ਪ੍ਰਭਾਵਿਤਾਂ ਨੂੰ ਹਰ ਪ੍ਰਕਾਰ ਦੀ ਸੰਭਵ ਮਦਦ ਪੁੱਜਦੀ ਕਰੇਗੀ ਤੇ ਸਰਕਾਰੀ ਮਸ਼ੀਨਰੀ ਨੂੰ ਹੜ੍ਹ ਰਾਹਤ ਕਾਰਜਾਂ 'ਚ ਮੁਸਤੈਦੀ ਨਾਲ ਤਾਇਨਾਤ ਕਰ ਦਿੱਤਾ ਗਿਆ ਹੈ। ਸਰਕਾਰ ਵਲੋਂ ਜ਼ਿਲਾ ਸ੍ਰੀ ਮੁਕਤਸਰ ਸਾਹਿਬ 'ਚ ਰਾਹਤ ਕਾਰਜਾਂ ਅਤੇ ਜਲ ਨਿਕਾਸੀ ਦੇ ਕੰਮ ਨੂੰ ਤੇਜ਼ੀ ਨਾਲ ਨੇਪਰੇ ਚਾੜ੍ਹਨ ਲਈ ਹਰੇਕ 10 ਪਿੰਡਾਂ ਪਿੱਛੇ ਇਕ ਸੀਨੀਅਰ ਅਧਿਕਾਰੀ ਨੂੰ ਬਤੌਰ ਨੋਡਲ ਅਫਸਰ ਲਾਇਆ ਗਿਆ ਹੈ। ਇਸ ਮੌਕੇ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਐੱਮ. ਕੇ. ਅਰਵਿੰਦ ਕੁਮਾਰ, ਚੀਫ ਇੰਜੀਨੀਅਰ ਨਹਿਰਾਂ ਜਗਮੋਹਨ ਸਿੰਘ ਮਾਨ, ਚੀਫ ਇੰਜਨੀਅਰ ਡ੍ਰੇਨਜ਼ ਸੰਜੀਵ ਗੁਮਾਰ ਗੁਪਤਾ ਤੇ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ।