ਨਹਿਰ ਬੰਦੀ ਕਾਰਨ ਲੋਕ ਪਾਣੀ ਦੀ ਸਪਲਾਈ ਤੋਂ ਪ੍ਰੇਸ਼ਾਨ

Thursday, Nov 23, 2017 - 08:21 AM (IST)

ਨਹਿਰ ਬੰਦੀ ਕਾਰਨ ਲੋਕ ਪਾਣੀ ਦੀ ਸਪਲਾਈ ਤੋਂ ਪ੍ਰੇਸ਼ਾਨ

ਕੋਟਕਪੂਰਾ  (ਨਰਿੰਦਰ) - ਪਿਛਲੇ 22 ਦਿਨਾਂ ਤੋਂ ਨਹਿਰ ਬੰਦੀ ਹੋਣ ਕਾਰਨ ਜੈਤੋ ਰੋਡ ਬਾਈਪਾਸ ਵਾਲੇ ਸੂਏ 'ਚ ਪਾਣੀ ਨਾ ਆਉਣ ਕਰਕੇ ਕਣਕ ਦੀ ਬੀਜਾਈ ਪੱਛੜ ਰਹੀ ਹੈ। ਸੂਏ ਦੀ ਸਫ਼ਾਈ ਕਰਨ ਲਈ ਕੀਤੀ ਇਸ ਬੰਦੀ ਕਾਰਨ ਸ਼ਹਿਰੀ ਤੇ ਕਈ ਪਿੰਡਾਂ ਦੇ ਲੋਕ ਪੀਣ ਵਾਲੇ ਪਾਣੀ ਤੋਂ ਵਾਂਝੇ ਹੋ ਗਏ ਹਨ।
ਜ਼ਿਕਰਯੋਗ ਹੈ ਕਿ ਪਾਣੀ ਨਾ ਆਉਣ ਕਾਰਨ ਢਾਬ ਗੁਰੂ ਕੀ ਅਤੇ ਬਾਹਮਣਵਾਲਾ, ਕੋਹਾਰਵਾਲਾ, ਮੌੜ ਸਮੇਤ ਹੋਰ ਵੀ ਕਈ ਪਿੰਡਾਂ ਦੇ ਵਾਟਰ ਵਰਕਸ ਦੀਆਂ ਡਿੱਗੀਆਂ ਸੁੱਕ ਗਈਆਂ ਹਨ ਅਤੇ ਲੋਕ ਪੀਣ ਵਾਲੇ ਪਾਣੀ ਦੀ ਸਾਰਾ ਦਿਨ ਉਡੀਕ ਕਰਦੇ ਹਨ। ਸ਼ਹਿਰ ਵਿਚ ਵੀ ਪਾਣੀ ਨਾ ਦੇ ਬਰਾਬਰ ਹੀ ਆ ਰਿਹਾ ਹੈ। ਲੋਕ ਪੀਣ ਵਾਲੇ ਪਾਣੀ, ਕੱਪੜੇ ਧੋਣ ਅਤੇ ਹੋਰ ਘਰੇਲੂ ਵਰਤੋਂ ਲਈ ਪਾਣੀ ਦੂਰ-ਦੁਰਾਡਿਓਂ ਭਰ ਕੇ ਲਿਆਉਣ ਲਈ ਮਜਬੂਰ ਹਨ।
ਕਿਸਾਨਾਂ ਨੂੰ ਨਰਮੇ ਵਾਲੇ ਖੇਤਾਂ ਵਿਚ ਕਣਕ ਬੀਜਣ ਲਈ ਪਾਣੀ ਦੀ ਲੋੜ ਹੈ ਪਰ ਸੂਏ ਦੀ ਬੰਦੀ ਅਤੇ ਖੇਤਾਂ ਦੀ ਬਿਜਲੀ ਦੀ ਸਪਲਾਈ ਘੱਟ ਹੋਣ ਕਾਰਨ ਉਨ੍ਹਾਂ ਨੂੰ ਕਣਕ ਦੀ ਬੀਜਾਈ ਪੱਛੜਣ ਦਾ ਖਦਸ਼ਾ ਬਣਿਆ ਹੋਇਆ ਹੈ।
ਲੋਕਾਂ ਨੇ ਮੰਗ ਕੀਤੀ ਹੈ ਕਿ ਸੂਏ ਦੀ ਬੰਦੀ ਵੇਲੇ ਸਫ਼ਾਈ ਦੇ ਨਾਲ ਮੁਰੰਮਤ ਵੀ ਕਰਵਾਈ ਜਾਵੇ ਕਿਉਂਕਿ ਸੂਏ ਦੇ ਕੰਢਿਆਂ ਤੋਂ ਕਈ ਥਾਵਾਂ ਤੋਂ ਇੱਟਾਂ ਡਿੱਗ ਚੁੱਕੀਆਂ ਹਨ, ਜਿਸ ਕਾਰਨ ਸੂਆ ਟੁੱਟਣ ਦਾ ਖਤਰਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸੂਏ ਵਿਚ ਪਾਣੀ ਨੂੰ ਜਲਦੀ ਤੋਂ ਜਲਦੀ ਛੱਡਿਆ ਜਾਵੇ ਤਾਂ ਜੋ ਕਿਸਾਨ ਆਪਣੇ ਖੇਤਾਂ ਦੀ ਰੌਣੀ ਕਰ ਸਕਣ ਅਤੇ ਪੀਣ ਵਾਲਾ ਪਾਣੀ ਨਿਰੰਤਰ ਮਿਲ ਸਕੇ। ਇਸ ਸਬੰਧੀ ਸੀਵਰੇਜ ਤੇ ਵਾਟਰ ਵਰਕਸ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ 1 ਤੋਂ 25 ਨਵੰਬਰ ਤੱਕ ਨਹਿਰ ਬੰਦੀ ਹੈ ਅਤੇ ਉਸ ਤੋਂ ਬਾਅਦ ਹੀ ਸਥਿਤੀ 'ਚ ਸੁਧਾਰ ਆ ਸਕਦਾ ਹੈ।


Related News