ਔਰਤਾਂ ਵੱਲੋਂ ਨਗਰ ਕੌਂਸਲ ਵਿਰੁੱਧ ਨਾਅਰੇਬਾਜ਼ੀ

Friday, Sep 08, 2017 - 08:01 AM (IST)

ਗਿੱਦੜਬਾਹਾ  (ਸੰਧਿਆ) - ਕਰੀਬ 4-5 ਦਿਨ ਪਹਿਲਾਂ ਪਏ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਤੇ ਘਰਾਂ ਅੱਗੇ ਖੜ੍ਹੇ ਗੰਦੇ ਬਦਬੂਦਾਰ ਪਾਣੀ ਅਤੇ ਚਿੱਕੜ ਤੋਂ ਪ੍ਰੇਸ਼ਾਨ ਗੁਰਦੁਆਰਾ ਜੋਧਾ ਸਿੰਘ ਵਾਲੀ ਗਲੀ ਦੇ ਵਾਸੀਆਂ ਨੇ ਬਦਬੂਦਾਰ ਮਾਹੌਲ ਅਤੇ ਮੱਛਰਾਂ ਦੀ ਹੋ ਰਹੀ ਭਰਮਾਰ ਤੋਂ ਤੰਗ ਆ ਕੇ ਜਿਥੇ ਰੋਸ ਪ੍ਰਦਰਸ਼ਨ ਕਰਦਿਆਂ ਨਗਰ ਕੌਂਸਲ ਦੇ ਉੱਚ ਅਧਿਕਾਰੀਆਂ ਵਿਰੁੱਧ ਨਾਅਰੇਬਾਜ਼ੀ ਕੀਤੀ, ਉਥੇ ਹੀ ਗਲੀ ਨੂੰ ਉੱਚਾ ਚੁਕਵਾਉਣ ਅਤੇ ਸੀਵਰੇਜ ਦੀਆਂ ਪਾਈਪਾਂ ਨੂੰ ਉੱਚਾ ਪਾਉਣ ਦੀ ਮੰਗ ਕੀਤੀ।
ਉਕਤ ਗਲੀ ਦੀਆਂ ਰਹਿਣ ਵਾਲੀਆਂ ਔਰਤਾਂ ਸੰਤੋਸ਼ ਰਾਣੀ, ਪਦਮਾ, ਪੁਸ਼ਪਾ, ਨੀਸ਼ਾ ਰਾਣੀ, ਕਿਰਨ, ਕਮਲਜੀਤ, ਤਾਰਾ ਰਾਣੀ, ਮੀਰਾ, ਸੁਨੀਤਾ ਰਾਣੀ, ਕਵਿਤਾ, ਪੂਨਮ, ਉਮਾ, ਪੂਜਾ, ਅਲਕਾ, ਸਾਨੀਆ, ਅਮਰਜੀਤ, ਬਨਾਰਸੀ, ਵਿਦਿਆ, ਰਾਮ ਪਿਆਰੀ, ਰਾਜੂ, ਰਾਣੀ, ਗੀਤਾ, ਰਜਨੀ, ਰਚਨਾ ਆਦਿ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ 25 ਸਾਲਾਂ ਤੋਂ ਸਾਰੀ ਗਲੀ ਵਿਚ ਰਹਿਣ ਵਾਲੇ ਪਰਿਵਾਰਕ ਮੈਂਬਰ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹੋ ਰਹੇ ਹਨ। ਉਨ੍ਹਾਂ ਦੀ ਗਲੀ ਵਿਚ ਹਰ ਮਾਨਸੂਨ ਸਮੇਂ ਗੰਦਾ ਪਾਣੀ ਖੜ੍ਹਾ ਹੀ ਰਹਿੰਦਾ ਹੈ, ਜੋ ਕਿ ਕਈ-ਕਈ ਦਿਨ ਬਦਬੂਦਾਰ ਮਾਹੌਲ ਬਣਾ ਦਿੰਦਾ ਹੈ। ਮੱਛਰਾਂ ਦੀ ਜ਼ਿਆਦਾ ਗਿਣਤੀ ਹੋਣ ਕਾਰਨ ਬੱਚਿਆਂ ਲਈ ਖਤਰਾ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਕਈ ਚੱਕਰ ਉਨ੍ਹਾਂ ਨਗਰ ਕੌਂਸਲ ਦੇ ਲਾਏ ਪਰ ਅੱਜ ਤੱਕ ਨਗਰ ਕੌਂਸਲ ਦੇ ਕਿਸੇ ਅਧਿਕਾਰੀ ਨੇ ਉਨ੍ਹਾਂ ਦੀ ਸਾਰ ਨਹੀਂ ਲਈ।
ਉਨ੍ਹਾਂ ਦੱਸਿਆ ਕਿ ਪਿਛਲੇ 4 ਦਿਨਾਂ ਤੋਂ ਹਰ ਰੋਜ਼ ਜਦੋਂ ਇਥੋਂ ਦੋਪਹੀਆ ਵਾਹਨ ਚਾਲਕ ਲੰਘਦੇ ਹਨ ਤਾਂ ਗਾਰ ਦੇ ਵਿਚ ਵਾਹਨ ਧੱਸ ਜਾਂਦੇ ਹਨ ਅਤੇ ਉਹ ਡਿੱਗ ਕੇ ਸੱਟਾਂ ਖਾਂਦੇ ਹਨ ਤੇ ਵਾਹਨ ਨੁਕਸਾਨੇ ਜਾਂਦੇ ਹਨ। ਪੜ੍ਹਾਈ ਕਰਨ ਵਾਲੇ ਵਿਦਿਆਰਥੀ ਉਕਤ ਗੰਦੇ ਪਾਣੀ ਵਿਚੋਂ ਵਰਦੀ ਅਤੇ ਬੂਟਾ ਜੁਰਾਬਾਂ ਲਾ ਕੇ ਲੰਘ ਕੇ ਆਉਣ-ਜਾਣ ਨੂੰ ਮਜਬੂਰ ਹੋ ਰਹੇ ਹਨ। ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸੀਵਰੇਜ ਤੋਂ ਗੰਦਗੀ ਬਾਹਰ ਨਿਕਲ ਕੇ ਗਲੀ ਵਿਚ ਫੈਲ ਰਹੀ ਹੈ। ਉਨ੍ਹਾਂ ਦੱਸਿਆ ਕਿ ਬੜੀ ਹੀ ਮਜਬੂਰੀ ਵਿਚ ਉਨ੍ਹਾਂ ਨੂੰ ਰੋਸ ਪ੍ਰਦਰਸ਼ਨ ਵਾਲਾ ਰਸਤਾ ਅਪਣਾਉਣਾ ਪਿਆ। ਉਨ੍ਹਾਂ ਪ੍ਰਸ਼ਾਸਨ ਅਤੇ ਨਗਰ ਕੌਂਸਲ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਉਨ੍ਹਾਂ ਦੀ ਗਲੀ ਵਿਚ ਖੜ੍ਹੇ ਗੰਦੇ ਪਾਣੀ ਦੀ ਨਿਕਾਸੀ ਕਰਵਾਉਣ, ਫੌਗਿੰਗ ਕਰਵਾਉਣ, ਗਾਰਾ ਚੁਕਵਾਉਣ ਅਤੇ ਨਵੀਆਂ ਪਾਈਪਾਂ ਉੱਚੀਆਂ ਕਰ ਕੇ ਪੁਆਉਣ ਦੇ ਪੁਖਤਾ ਪ੍ਰਬੰਧ ਕੀਤੇ ਜਾਣ ਤਾਂ ਜੋ ਉਨ੍ਹਾਂ ਨੂੰ ਨਰਕ ਭਰੀ ਜ਼ਿੰਦਗੀ ਜਿਊਣ ਤੋਂ ਛੁਟਕਾਰਾ ਮਿਲ ਸਕੇ।


Related News