ਭਾਰਤ ਨੂੰ ਤਬਾਹੀ ਵੱਲ ਲਿਜਾ ਰਿਹੈ ‘ਨਦੀਆਂ ਦਾ ਜਲ ਪ੍ਰਦੂਸ਼ਣ’

07/03/2019 8:06:22 PM

ਵਿਸ਼ੇਸ਼ ਰਿਪੋਰਟ (ਜਸਬੀਰ ਵਾਟਾਂ ਵਾਲੀ) ਮੌਜੂਦਾ ਸਮੇਂ ਦਾ ਭਾਰਤ ਜਿੱਥੇ ਹੋਰ ਕਈ ਕਿਸਮ ਦੇ ਪ੍ਰਦੂਸ਼ਣ ਨਾਲ ਜੂਝ ਰਿਹਾ ਹੈ, ਉੱਥੇ ਹੀ ਦੇਸ਼ ਦੀਆਂ ਪ੍ਰਮੁੱਖ ਨਦੀਆਂ ਦਾ ਪ੍ਰਦੂਸ਼ਿਤ ਹੋਣਾ ਵੀ ਬੇਹੱਦ ਚਿੰਤਾਜਨਕ ਹੈ। ਪਿਛਲੇ ਕੁੱਝ ਕੁ ਮਹੀਨਿਆ ਦੌਰਾਨ ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਵੱਖ-ਵੱਖ ਪ੍ਰਦੂਸ਼ਣ ਮਾਮਲਿਆਂ ਵਿਚ ਦੇਸ਼ ਕਈ ਸੂਬਿਆਂ ਅਤੇ ਸੰਸਥਾਵਾਂ ਨੂੰ 873 ਕਰੋੜ ਰੁਪਏ ਦਾ ਜੁਰਮਾਨਾ ਠੋਕਿਆ ਹੈ। ਇਸੇ ਤਰ੍ਹਾਂ ਨਦੀਆਂ ਅਤੇ ਦਰਿਆਵਾਂ ਦੇ ਪ੍ਰਦੂਸ਼ਣ ਮਾਮਲੇ ਵਿਚ ਵੀ ਟ੍ਰਿਬਿਊਨਲ ਵੱਲੋਂ ਪੰਜਾਬ ਸਮੇਤ ਕਈ ਸੂਬਿਆਂ ਨੂੰ ਮੋਟੇ ਜੁਰਮਾਨੇ ਕੀਤੇ ਗਏ ਹਨ। ਦੇਸ਼ ਦੇ ਚਾਰ ਸੂਬਿਆਂ ਪੰਜਾਬ, ਕਰਨਾਟਕ, ਰਾਜਸਥਾਨ ਅਤੇ ਦਿੱਲੀ ਨੂੰ ਜਲ ਪ੍ਰਦੂਸ਼ਣ ਮਾਮਲਿਆਂ ਵਿਚ ਸਭ ਤੋਂ ਵੱਧ ਜੁਰਮਾਨੇ ਕੀਤੇ ਗਏ ਹਨ। ਇਨ੍ਹਾਂ ਸੂਬਿਆਂ ਦੀਆਂ ਪ੍ਰਮੁੱਖ ਨਦੀਆਂ ਵਿਚ ਉਦਯੋਗਾਂ ਦੇ ਪ੍ਰਦੂਸ਼ਤ ਪਾਣੀ ਅਤੇ ਸ਼ਹਿਰਾਂ ਦੇ ਸੀਵਰੇਜ ਐਨੀ ਵੱਡੀ ਮਾਤਰਾ ਵਿਚ ਪੈ ਰਹੇ ਹਨ ਕਿ ਕਲ-ਕਲ ਵਗਣ ਵਾਲੀਆਂ ਪਾਣੀ ਦੀਆਂ ਕੁਦਰਤੀ ਧਾਰਾਵਾਂ ਹੁਣ ਗੰਦੇ ਨਾਲਿਆਂ ਦਾ ਰੂਪ ਧਾਰਨ ਕਰ ਚੁੱਕੀਆਂ ਹਨ। 14 ਨਵੰਬਰ 2018 ਨੂੰ ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਪੰਜਾਬ ਸਰਕਾਰ ਨੂੰ ਨਦੀਆਂ 'ਚ ਵਧ ਰਹੇ ਪ੍ਰਦੂਸ਼ਣ ਦੇ ਮਾਮਲੇ ’ਚ 50 ਕਰੋੜ ਦਾ ਜ਼ੁਰਮਾਨਾ ਕੀਤਾ ਗਿਆ ਸੀ। ਇਸੇ ਤਰ੍ਹਾਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਦਿੱਲੀ ਸਰਕਾਰ ਨੂੰ ਵੀ ਇਕ ਕਰੋੜ ਰੁਪਏ ਦਾ ਜ਼ੁਰਮਾਨਾ ਠੋਕਿਆ ਗਿਆ। ਨੈਸ਼ਨਲ ਗਰੀਨ ਟ੍ਰਿਬੂਨਲ ਵੱਲੋਂ ਫਰਵਰੀ 2019 ਨੂੰ ਤਾਮਿਲਨਾਡੂ ਸਰਕਾਰ ਨੂੰ ਵੀ ਨਦੀਆਂ ਦੇ ਪ੍ਰਦੂਸ਼ਣ ਮਾਮਲੇ ’ਚ 100 ਕਰੋੜ ਰੁਪਏ ਜੁਰਮਾਨਾ ਕੀਤਾ ਗਿਆ ਸੀ। ਇਸ ਮਾਮਲੇ ਵਿਚ ਟ੍ਰਿਬਿਊਨਲ ਨੇ ਕਰਨਾਟਕ ਸਰਕਾਰ ਨੂੰ ਵੀ ਭਾਰੀ ਜੁਰਮਾਨਾ ਠੋਕਿਆ ਸੀ। ਕਰਨਾਟਕ ਸਰਕਾਰ ’ਤੇ ਕੀਤੇ ਇਸ ਜੁਰਮਾਨੇ ਦੀ ਰਕਮ ਕਰਮਵਾਰ 50 ਕਰੋੜ ਅਤੇ 25 ਕਰੋੜ ਰੁਪਏ ਹੈ। ਸਾਲ 2019 ਦੌਰਾਨ ਹੀ ਟ੍ਰਿਬਿਊਨਲ ਵੱਲੋਂ ਰਾਜਸਥਾਨ ਦੇ ‘ਬਾਂਡੀ ਦਰਿਆ’ ਵਿਚ ਪ੍ਰਦੂਸ਼ਣ ਫੈਲਾਉਣ ਦੇ ਮਾਮਲੇ ਵਿਚ ਸਥਾਨਕ ਟੈਕਸਟਾਈਲ ਉਦਯੋਗਾਂ ਨੂੰ 20 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਗਿਆ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਗੰਗਾਂ ਵਿਚ ਪ੍ਰਦੂਸ਼ਣ ਫਲਾਏ ਜਾਣ ਦੇ ਮਾਮਲੇ ਵਿਚ ਉੱਤਰ ਪ੍ਰਦੇਸ਼ ਸਰਕਾਰ ਨੂੰ ਵੀ 25 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ। ਇਕ ਆਰ. ਟੀ. ਆਈ. ਦੇ ਖੁਲਾਸੇ ਵਿਚ ਇਹ ਗੱਲ ਸਾਹਮਣੇ ਆਈ ਸੀ ਕਿ ਭਾਰਤ ਦੀਆਂ ਲਗਭਗ 323 ਨਦੀਆਂ ਬੁਰੀ ਤਰ੍ਹਾਂ ਦੂਸ਼ਿਤ ਹਨ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ ਸਾਲ 2018 ’ਚ ਦੇਸ਼ ਦੀਆਂ ਸਿਰਫ 198 ਨਦੀਆਂ ਹੀ ਸਾਫ ਸਨ। ਇਸ ਦੇ ਉਲਟ ਭਾਰਤ ਦੀਆਂ ਕੁਝ ਹੋਰ ਨਦੀਆਂ ਕਾਫੀ ਹੱਦ ਤੱਕ ਪ੍ਰਦੂਸ਼ਤ ਹਨ। ਇਨ੍ਹਾਂ ਵਿਚ ਯਮੁਨਾ ਨਦੀ, ਮੂਸੀ ਨਦੀ, ਸਾਬਰਮਤੀ ਨਦੀ, ਦਮੋਦਰ ਨਦੀ, ਗੋਮਤੀ ਨਦੀ, ਕੂਵਮ ਨਦੀ, ਔਸ਼ਿਵਾਰਾ ਨਦੀ, ਹਿੰਡੋਨ ਨਦੀ ਆਦਿ ਪ੍ਰਮੁੱਖ ਹਨ। ਇਨ੍ਹਾਂ ਨਦੀਆਂ ਵਿਚ ਫੈਲੇ ਪ੍ਰਦੂਸ਼ਣ ਕਾਰਨ ਭਾਰਤ ਵਿਚ ਜ਼ਮੀਨਦੋਜ ਪਾਣੀ ਵੀ ਹੱਦ ਤੱਕ ਪ੍ਰਦੂਸ਼ਤ ਹੋ ਚੁੱਕਾ ਹੈ।

ਭਾਰਤ ਦੀਆਂ ਇਹ ਨਦੀਆਂ ਹਨ ਸਭ ਤੋਂ ਵੱਧ ਪ੍ਰਦੂਸ਼ਤ
ਦਿੱਲੀ ਦੀ ਯਮਨਾ ਨਦੀ
ਯਮੁਨਾ ਨਦੀ ਭਾਰਤ ਦੀ ਸਭ ਤੋਂ ਵਧੇਰੇ ਪ੍ਰਦੂਸ਼ਿਤ ਨਦੀਆਂ ਵਿੱਚੋਂ ਇੱਕ ਹੈ। ਇਹ ਨਦੀ ਗੰਗਾ ਨਦੀ ਦੀ ਦੂਜੀ ਸਭ ਤੋਂ ਵੱਡੀ ਸਹਾਇਕ ਨਦੀ ਹੈ। ਇਹ ਨਦੀ ਨਵੀਂ ਦਿੱਲੀ ਦੇ ਕੂੜੇ, ਉਦਯੋਗ ਵੇਸਟਜ ਅਤੇ ਸ਼ਹਿਰੀ ਸੀਵਰੇਜ ਦੇ ਗੰਦੇ ਪਾਣੀ ਨਾਲ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁੱਕੀ ਹੈ। ਇਸ ਦੇ ਮੱਦੇਨਜ਼ਰ ਪਾਣੀ ਪ੍ਰਦੂਸ਼ਣ ਮਾਮਲੇ ‘ਚ ਐੱਨ.ਜੀ.ਟੀ. ਨੇ ਦਿੱਲੀ ਸਰਕਾਰ ਨੂੰ ਇਕ ਕਰੋੜ ਰੁਪਏ ਦਾ ਜੁਰਮਾਨਾ ਠੋਕਿਆ ਸੀ। ਇਸ ਮਾਮਲੇ ’ਤੇ ਸੈਂਟਰਲ ਪਾਲਿਊਸ਼ਨ ਕੰਟਰੋਲ ਬੋਰਡ ਵਲੋਂ ਬਣਾਈ ਗਈ ਰਿਵਰ ਰਿਜੁਵੀਨੇਸ਼ਨ ਕਮੇਟੀ ਦੀ ਤਾਜਾ ਰਿਪੋਰਟ ਮੁਤਾਬਕ 104 ਤੋਂ ਵਧੇਰੇ ਉਦਯੋਗਿਕ ਯੂਨਿਟਾਂ ਹਨ ਜੋ ਯਮੁਨਾ ਅਤੇ ਘੱਗਰ ਨਦੀ ਨੂੰ ਗੰਦਾ ਕਰ ਰਹੇ ਹਨ।
PunjabKesari

ਹੈਦਰਬਾਦ ਦੀ ਮੁਸੀ ਨਦੀ 
ਹੈਦਰਾਬਾਦ ਦੀ ਇਹ ਨਦੀ ਕ੍ਰਿਸ਼ਨਾ ਨਦੀ ਦੀ ਸਹਾਇਕ ਨਦੀ ਹੈ। ਇਹ ਨਦੀ ਅਨੰਤਗੀਰੀ ਪਹਾੜੀਆਂ ਵਿਚ ਪੈਦਾ ਹੁੰਦੀ ਹੈ ਅਤੇ ਵਡਾਪਲੀ ਵਿਚ ਕ੍ਰਿਸ਼ਨਾ ਨਦੀ ਦੇ ਨਾਲ ਜੁੜਦੀ ਹੈ। ਇਹ ਇਤਿਹਾਸਕ ਨਦੀ ਹੈਦਰਾਬਾਦ ਨੂੰ ਦੋ ਹਿੱਸਿਆ ਵਿਚ ਵੰਡਦੀ ਹੈ।  ਮੌਜੂਦਾ ਸਮੇਂ ਦੌਰਾਨ ਭਾਰਤ ਦੀਆਂ ਸਭ ਤੋਂ ਵਧੇਰੇ ਪ੍ਰਦਸ਼ਿਤ ਨਦੀਆਂ ਵਿਚੋਂ ਮੁਸੀ ਨਦੀ ਵੀ ਇਕ ਹੈ। ਪਿਛਲੇ ਸਮੇਂ ਦੌਰਾਨ ਕੀਤੇ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਸੀ ਕਿ ਇਸ ਨਦੀ ਵਿਚ ਹਰ ਰੋਜ਼ 1300 ਮਿਲੀਅਨ ਲੀਟਰ ਤੋਂ ਵੀ ਵਧੇਰੇ ਸੀਵਰੇਜ ਦਾ ਗੰਦਾ ਪਾਣੀ ਪੈ ਰਿਹਾ ਹੈ।

PunjabKesari

ਗੁਜਰਾਤ ਦੀ ਸਾਬਰਮਤੀ ਨਦੀ
ਗੁਜਰਾਤ ਦੀ ਸਾਬਰਮਤੀ ਨਦੀ ਵੀ ਦੇਸ਼ ਦੀਆਂ ਪ੍ਰਦੂਸ਼ਿਤ ਨਦੀਆਂ ਵਿਚੋਂ ਇਕ ਹੈ। ਮਹਾਤਮਾ ਗਾਂਧੀ ਨੇ 1915 ਵਿਚ ਸਾਊਥ ਅਫਰੀਕਾ 'ਚੋਂ ਵਾਪਸੀ ਤੋਂ ਬਾਅਦ ਇਸ ਨਦੀ ਕਿਨਾਰੇ ਹੀ ਸਾਬਰਮਤੀ ਆਸ਼ਰਮ ਦੀ ਸਥਾਪਨਾ ਕੀਤੀ ਸੀ। ਸੈਂਟਰਲ ਪ੍ਰਦੂਸ਼ਣ ਕੰਟਰੋਲ ਬੋਰਟ ਦੀ ਰਿਪੋਰਟ ਮੁਤਾਬਕ ਇਹ ਦੇਸ਼ ਦੀ ਤੀਜੀ ਸਭ ਤੋਂ ਵੱਧ ਦੂਸ਼ਿਤ ਨਦੀ ਹੈ। ਰਿਪੋਰਟ ਮੁਤਾਬਕ ਇਸ ਨਦੀ ਵਿਚ ਮਲ ਕਾਲਿਫੋਰਮ ਕਿਸਮ ਦਾ ਬੈਕਟੀਰੀਆ ਬੇਹੱਦ ਮਾਤਰਾ ਵਿਚ ਮਜੂਦ ਹੈ। ਇਨ੍ਹਾਂ ਗੰਭੀਰ ਹਾਲਤਾਂ ਨੂੰ ਦੇਖਦਿਆਂ ਹੀ ਵਿਸ਼ਵ ਵਾਤਾਵਰਨ ਦਿਵਸ 2019 ਵਾਲੇ ਦਿਨ ਇਸ ਨਦੀ ਨੂੰ ਸਾਫ ਕਰਨ ਦਾ ਅਭਿਆਨ ਵੀ ਸ਼ੁਰੂ ਕੀਤਾ।

PunjabKesari

ਤਾਮਿਲਨਾਡੂ ਦੀ ਕੂਵਮ ਨਦੀ
ਤਾਮਿਲਨਾਡੂ ਦੀ ਕੂਵਮ ਨਦੀ ਚੇਨਈ ਦੇ ਮਹਾਨਗਰ ਖੇਤਰਾਂ ਵਿਚ ਵਹਿੰਦੀ ਹੋਈ ਬੰਗਾਲ ਦੀ ਖਾੜੀ ਵਿਚ ਜਾ ਸਮਾਉਂਦੀ ਹੈ। ਇਹ ਚੇਨਈ ਦੇ ਬਿਲਕੁਲ ਵਿਚਕਾਰ ਦੀ ਗੁਜਰਦੀ ਹੋਈ ਸ਼ਹਿਰ ਨੂੰ ਦੋ ਹਿੱਸਿਆਂ ਵਿਚ ਵੰਡ ਦਿੰਦੀ ਹੈ। ਇਹ ਨਦੀ ਸ਼ਹਿਰੀ ਖੇਤਰਾਂ ਵਿਚ ਪਹੁੰਚ ਕੇ ਹੱਦ ਤੋਂ ਵੱਧ ਪ੍ਰਦੂਸ਼ਿਤ ਹੋ ਜਾਂਦੀ ਹੈ। ਕੂਵਮ ਨਦੀ ਵਿਚ ਸ਼ਹਿਰੀ ਸੀਵਰੇਜ ਦਾ ਨਾਲ-ਨਾਲ ਕਿਲਪੌਕ ਅਤੇ ਟ੍ਰਿਪਲਿਕਨੇ ਆਦਿ ਉਦਯੋਗਾਂ ਤੋਂ ਭਾਰੀ ਮਾਤਰਾ ਵਿਚ ਪ੍ਰਦੂਸ਼ਕ ਤੱਤ ਅਤੇ ਜਹਿਰੀਲੀਆਂ ਧਾਤਾਂ ਇਸ ਨਦੀ ਵਿਚ ਪੈਂਦੀਆਂ ਹਨ। ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਫਰਵਰੀ 2019 ਨੂੰ ਨਦੀਆਂ ਦੇ ਇਸ ਪ੍ਰਦੂਸ਼ਣ ਕਾਰਨ 100 ਕਰੋੜ ਰੁਪਏ ਜੁਰਮਾਨਾ ਵੀ ਕੀਤਾ ਗਿਆ।

PunjabKesari

ਪੰਜਾਬ ਦਾ ਸਤਲੁਜ ਅਤੇ ਘੱਗਰ ਦਰਿਆ
ਦੇਸ਼ ਵਿਚ ਵਧੇਰੇ ਪ੍ਰਦੂਸ਼ਤ ਨਦੀਆਂ-ਦਰਿਆਵਾਂ ਦੀ ਗਿਣਤੀ ਵਿਚ ਪੰਜਾਬ ਦੇ ਸਤਲੁਜ ਅਤੇ ਘੱਗਰ ਦਰਿਆ ਵੀ ਸ਼ਾਮਲ ਹਨ। ਇਸੇ ਦੇ ਮੱਦੇਨਜ਼ਰ ਸਾਲ 2018 ਨੂੰ ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਪੰਜਾਬ ਸਰਕਾਰ ਨੂੰ ਨਦੀਆਂ 'ਚ ਵਧ ਰਹੇ ਪ੍ਰਦੂਸ਼ਣ ਦੇ ਮਾਮਲੇ 'ਚ 50 ਕਰੋੜ ਦਾ ਜ਼ੁਰਮਾਨਾ ਕੀਤਾ ਗਿਆ। ਸਤਲੁਜ ਦਰਿਆ ਨੂੰ ਪ੍ਰਦੂਸ਼ਤ ਕਰਨ ਵਿਚ ਲੁਧਿਆਣਾ ਦੇ ਬੁੱਢੇ ਦਰਿਆ ਅਤੇ ਕਾਲਾ ਸੰਘਿਆ ਡਰੇਨ ਦਾ ਅਹਿਮ ਰੋਲ ਹੈ।
PunjabKesari
ਗੰਗਾ ਵੀ ਨਾ ਰਹੀ 'ਗੰਗਾ'
ਕਰੋੜਾਂ ਲੋਕਾਂ ਦੀ ਸ਼ਰਧਾ ਅਤੇ ਆਸਥਾ ਦੀ ਪ੍ਰਤੀਕ ਭਾਰਤ ਦੀ ਸਭ ਤੋਂ ਪ੍ਰਮੁੱਖ ਨਦੀ ਗੰਗਾ ਦਾ ਪ੍ਰਦੂਸ਼ਣ ਵੀ ਸਾਰੀਆਂ ਹੱਦਾਂ ਪਾਰ ਕਰ ਚੁੱਕਾ ਹੈ। ਇਸ ਸਬੰਧੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪਿਛਲੇ ਸਾਲ ਜਾਰੀ ਕੀਤੀ ਗਈ ਇਕ ਰਿਪੋਰਟ ਵਿਚ ਕਿਹਾ ਸੀ ਕਿ ਹਰਿਦੁਆਰ ਤੋਂ ਉਤਰ ਪ੍ਰਦੇਸ਼ ਦੇ ਉਨਾਵ ਸ਼ਹਿਰ ਦੇ ਵਿਚਕਾਰ ਗੰਗਾ ਦਾ ਪਾਣੀ ਪੀਣ ਤਾਂ ਕੀ ਨਹਾਉਣ ਦੇ ਵੀ ਯੋਗ ਨਹੀਂ ਹੈ। ਐੱਨ.ਜੀ.ਟੀ. ਨੇ ਇਹ ਵੀ ਕਿਹਾ ਕਿ ਮਾਸੂਮ ਲੋਕ ਸ਼ਰਧਾਪੂਰਵਕ ਗੰਗਾ ਨਦੀ ਦਾ ਪਾਣੀ ਪੀਂਦੇ ਹਨ ਅਤੇ ਇਸ ਵਿਚ ਨਹਾਉਂਦੇ ਹਨ ਪਰ ਇਹ ਉਨ੍ਹਾਂ ਦੀ ਸਿਹਤ ਲਈ ਖਤਰਨਾਕ ਸਾਬਤ ਹੋ ਸਕਦਾ ਹੈ। ਇਸ ਤੋਂ ਬਾਅਦ ਐੱਨ. ਜੀ. ਟੀ ਨੇ ਇਹ ਨਿਰਦੇਸ਼ ਵੀ ਜਾਰੀ ਕੀਤੇ ਕਿ ਜਿੰਨ੍ਹਾਂ ਥਾਵਾਂ 'ਤੇ ਗੰਗਾ ਦਾ ਪਾਣੀ ਜਿਆਦਾ ਦੂਸ਼ਿਤ ਹੈ, ਉਨ੍ਹਾਂ ਥਾਵਾਂ 'ਤੇ ਬੋਰਡ ਲਗਾ ਦਿੱਤੇ ਜਾਣ। ਟ੍ਰਿਬਊਨਲ ਨੇ ਇਹ ਵੀ ਕਿਹਾ ਕਿ ਸਰਕਾਰ ਨੇ ਭਾਵੇਂ ਗੰਗਾ ਦੀ ਸਫ਼ਾਈ ਲਈ 7 ਹਜ਼ਾਰ ਕਰੋੜ ਰੁਪਏ ਖ਼ਰਚ ਕਰ ਦਿੱਤੇ ਹਨ ਪਰ ਗੰਗਾ ਅੱਜ ਤੱਕ ਸਾਫ ਨਹੀਂ ਹੋਈ।

PunjabKesari

ਧਰਤੀ ਹੇਠਲੇ ਪਾਣੀ ਦੇ ਹਾਲਾਤ ਵੀ ਬਦਤਰ 
ਭਾਰਤ ਵਿਚ ਧਰਤੀ ਹੇਠਲੇ ਪਾਣੀ ਦੇ ਹਲਾਤ ਵੀ ਬਦ ਤੋਂ ਬਦਤਰ ਹਨ। ਦੇਸ਼ ਦੇ ਪਾਣੀਆਂ ਵਿਚ ਯੂਰੇਨੀਅਮ, ਆਰਸੈਨਿਕ ਅਤੇ ਹੋਰ ਕਈ ਜ਼ਹਿਰੀਲੇ ਰਸਾਇਣ ਘੁਲ਼ ਚੁੱਕੇ ਹਨ। ਪਿਛਲੇ ਸਮੇਂ ਦੌਰਾਨ ਭਾਰਤ ਦੇ ਵਿਗਿਆਨੀਆਂ ਨੇ ਇਹ ਖੁਲਾਸਾ ਕੀਤਾ ਸੀ ਕਿ ਦੇਸ਼ ਦੇ 16 ਸੂਬਿਆਂ ਵਿਚ ਧਰਤੀ ਹੇਠਲੇ ਪਾਣੀ ਵਿਚ ਯੂਰੇਨੀਅਮ ਹੈ। ਇਹ ਪਾਣੀ ਵਿਚ ਨਿਰਧਾਰਤ ਯੂਰੇਨੀਅਮ ਦੀ ਮਾਤਰਾ ਤੋਂ ਕਿਤੇ ਵੱਧ ਸੀ। ਇਹ ਰਿਪੋਰਟ ਜਨਰਲ ਇਨਵਾਇਰਮੈਂਟ ਐਂਡ ਸਾਇੰਸ ਟੈਕਨਾਲਜੀ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਸੀ। ਇਸੇ ਤਰ੍ਹਾਂ ਦੇਸ਼ ਦੇ ਪਾਣੀਆਂ ਵਿਚ ਆਰਸੈਨਿਕ ਹੋਣ ਦੇ ਵੀ ਅਨੇਕਾਂ ਮਾਮਲੇ ਸਾਹਮਣੇ ਆਏ ਹਨ ਇਨ੍ਹਾਂ ਮਾਮਲਿਆਂ ਵਿਚ ਪਛਮੀ ਬੰਗਾਲ ਬਿਹਾਰ, ਆਸਾਮ ਅਤੇ ਝਾਰਖੰਡ ਆਦਿ ਸੂਬੇ ਹਨ ਜਿੱਥੇ ਪਾਣੀਆਂ ਵਿਚ ਆਰਸੈਨਿਕ ਹੋਣ ਦੀ ਪੁਸ਼ਟੀ ਹੋਈ ਹੈ।

ਪੰਜਾਬ ਦੇ ਪਾਣੀਆਂ ਦੇ ਹਾਲਾਤ
ਇਸੇ ਤਰ੍ਹਾਂ ਪੰਜਾਬ ਵਿਚ ਵੀ ਧਰਤੀ ਹੇਠਲਾ 80 ਫੀਸਦ ਪਾਣੀ ਪੀਣ-ਯੋਗ ਨਹੀਂ ਰਿਹਾ। ਸੂਬੇ ਦੇ ਪਾਣੀਆਂ ਵਿਚ ਅਨੇਕਾਂ ਕਿਸਮ ਦੇ ਜ਼ਹਿਰੀਲੇ ਰਸਾਇਣ, ਕੀਟਨਾਸ਼ਕ, ਨਦੀਨਨਾਸ਼ਕ, ਨਾਈਟਰੇਟ, ਭਾਰੀ ਧਾਤਾਂ, ਯੂਰੇਨੀਅਮ, ਸਨਅਤੀ ਜ਼ਹਿਰ  ਦੇ ਨਾਲ-ਨਾਲ ਆਰਸੈਨਿਕ ਦੀ ਮਾਤਰਾ ਵੀ ਖ਼ਤਰਨਾਕ ਪੱਧਰ ਤੱਕ ਪੁੱਜ ਚੁੱਕੀ ਹੈ।  ਸਿੱਖਿਅਕ ਸੰਸਥਾਵਾਂ ਵੱਲੋਂ ਕਰਵਾਏ ਗਏ ਸਰਵੇ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਦੇ ਪਾਣੀਆਂ ਵਿਚ ਆਰਸੈਨਿਕ ਦੀ ਮਾਤਰਾ 3.5 ਤੋਂ ਲੈ ਕੇ 688 ppb ਪੁੱਜ ਚੁੱਕੀ ਹੈ। ਸੰਗਰੂਰ, ਮਾਨਸਾ, ਫਰੀਦਕੋਟ, ਮੁਕਤਸਰ, ਬਠਿੰਡਾ ਅਤੇ ਫਿਰੋਜਪੁਰ ਵਿਚ ਆਰਸੈਨਿਕ ਦੀ ਮਾਤਰਾ 11.4 ਤੋਂ ਲੈ ਕੇ 688 ppb ਤੱਕ ਦਰਜ ਕੀਤੀ ਗਈ ਹੈ।

ਮਹਾਮਾਰੀਆਂ ਨੇ ਘੇਰਿਆ ਦੇਸ਼
ਸਿਹਤ ਮਾਹਰਾਂ ਦੀ ਮੰਨੀਏ ਤਾਂ ਮਨੁੱਖ ਨੂੰ ਹੋਣ ਵਾਲੇ ਜਿਆਦਾਤਰ ਰੋਗ ਗੰਦੇ ਪਾਣੀਆਂ ਕਾਰਨ ਹੁੰਦੇ ਹਨ। ਰਿਪੋਰਟਾਂ ਅਨੁਸਾਰ ਦੇਸ਼ ਵਿਚ ਇਕ ਲੱਖ ਦੇ ਪਿੱਛੇ 80 ਲੋਕ ਕੈਂਸਰ ਦੀ ਲਪੇਟ ਵਿਚ ਹਨ । ਪੰਜਾਬ ਵਿਚ ਇਕ ਲੱਖ ਪਿੱਛੇ  90 ਲੋਕ ਕੈਂਸਰ ਦੇ ਮਰੀਜ਼ ਹਨ। ਮਾਲਵਾ ਖੇਤਰ ਵਿਚ ਸਥਿਤੀ ਹੋਰ ਵੀ ਭਿਆਨਕ ਹੈ, ਇੱਥੇ ਇਕ ਲੱਖ ਪਿੱਛੇ 136 ਲੋਕ ਕੈਂਸਰ ਦੇ ਮਰੀਜ਼ ਹਨ। ਇਸ ਦੇ ਨਾਲ-ਨਾਲ, ਕਾਲਾ ਪੀਲੀਆ,  ਬੇਔਲਾਦਪਣ, ਸ਼ੂਗਰ, ਬਲੱਡ ਪ੍ਰੈਸ਼ਰ, ਐਲਰਜੀ ਰੋਗ, ਮਾਨਸਿਕ ਰੋਗ ਦੇਸ਼ ਵਿੱਚ ਮਹਾਂਮਾਰੀ ਦਾ ਰੂਪ ਧਾਰਨ ਕਰ ਚੁੱਕੇ, ਜੋ ਕਿ ਵੱਡੀ ਚਿੰਤਾ ਦਾ ਵਿਸ਼ਾ ਹੈ।


jasbir singh

News Editor

Related News