ਖਤਰੇ ਦੇ ਨਿਸ਼ਾਨ ''ਤੇ ਪੁੱਜਾ ਘੱਗਰ!
Monday, Aug 21, 2017 - 06:45 AM (IST)

ਭੁਨਰਹੇੜੀ/ਘਨੌਰ (ਕੁਲਦੀਪ) - ਜ਼ਿਲਾ ਪਟਿਆਲਾ ਦੇ ਹਲਕਾ ਸਨੌਰ, ਘਨੌਰ ਤੇ ਸਮਾਣਾ ਨੇੜਿਓਂ ਲੰਘਦੇ ਘੱਗਰ ਦਰਿਆ ਵਿਚ ਪਿਛਲੇ ਖੇਤਰਾਂ 'ਚ ਹੋਈ ਜ਼ੋਰਦਾਰ ਬਰਸਾਤ ਕਾਰਨ ਅੱਜ ਅਚਾਨਕ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ 'ਤੇ ਪੁੱਜ ਗਿਆ। ਇਸ ਕਾਰਨ ਪਿੰਡਾਂ ਦੇ ਲੋਕਾਂ ਵਿਚ ਹੜ੍ਹ ਦਾ ਸਹਿਮ ਪੈਦਾ ਹੋ ਗਿਆ ਹੈ। ਪਾਣੀ ਦਾ ਪੱਧਰ ਵਧਣ ਨਾਲ ਘੱਗਰ ਨੇੜਲੇ ਕਿਸਾਨਾਂ ਨੂੰ ਫਸਲਾਂ ਦੇ ਖਰਾਬੇ ਦੀ ਚਿੰਤਾ ਵੀ ਸਤਾਉਣ ਲੱਗੀ ਹੈ। ਪਾਣੀ ਲਈ ਰੁਕਾਵਟ ਬਣੀ ਬੂਟੀ ਤੇ ਸਰਕੰਡੇ ਘੱਗਰ ਨੇੜੇ ਲੋਕਾਂ ਲਈ ਕਦੇ ਵੀ ਮੁਸੀਬਤ ਖੜ੍ਹੀ ਕਰ ਸਕਦੇ ਹਨ।
ਲੋਕਾਂ ਨੇ ਡਰੇਨਜ਼ ਵਿਭਾਗ ਪ੍ਰਤੀ ਆਪਣਾ ਰੋਸ ਪ੍ਰਗਟ ਕੀਤਾ ਕਿ ਲੱਖਾਂ ਰੁਪਏ ਦੇ ਫੰਡ ਆਉਣ ਤੋਂ ਬਾਅਦ ਵੀ ਵਿਭਾਗ ਦੁਆਰਾ ਸਮੇਂ 'ਤੇ ਘੱਗਰ ਦਰਿਆ ਦੀ ਸਫਾਈ ਨਹੀਂ ਕੀਤੀ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਜਿਹੜਾ ਖੇਤਰ ਪੰਜਾਬ ਦੇ ਜ਼ਿਲੇ ਅਧੀਨ ਹੈ, ਉਸ ਖੇਤਰ ਵਿਚ ਡਰੇਨਜ਼ ਵਿਭਾਗ ਨੂੰ ਸਮੇਂ ਤੇ ਸਫਾਈ ਕਰਨੀ ਚਾਹੀਦੀ ਹੈ। ਘੱਗਰ ਦਾ ਪਾਣੀ ਉਨ੍ਹਾਂ ਦੀਆਂ ਫਸਲਾਂ ਤੇ ਘਰਾਂ ਦੇ ਉਜਾੜੇ ਦਾ ਕਾਰਨ ਨਾ ਬਣ ਸਕੇ।
ਘੱਗਰ ਦੇ ਵਧੇ ਪਾਣੀ ਦੇ ਪੱਧਰ ਨਾਲ ਡਰੇਨਜ਼ ਵਿਭਾਗ ਹਰਕਤ ਵਿਚ ਆਇਆ। ਵਿਭਾਗ ਦੇ ਅਧਿਕਾਰੀਆਂ ਨੇ ਮੌਕੇ 'ਤੇ ਪੁੱਜੇ ਕੇ ਪਾਣੀ ਨੂੰ ਰੋਕਣ ਵਾਲੀ ਪੁਲ ਵਿਚ ਫਸੀ ਬੂਟੀ ਨੂੰ ਕੱਢਣ ਲਈ ਕੰਮ ਸ਼ੁਰੂ ਕੀਤਾ। ਡਰੇਨਜ਼ ਵਿਭਾਗ ਦੇ ਐਕਸੀਅਨ ਦਵਿੰਦਰ ਸਿੰਘ ਨੇ ਕਿਹਾ ਕਿ ਘੱਗਰ ਵਿਚ ਪਾਣੀ ਦਾ ਪੱਧਰ ਫਿਲਹਾਲ ਠੀਕ ਚੱਲ ਰਿਹਾ ਹੈ। ਘੱਗਰ ਦੀ ਸਫਾਈ ਸਬੰੰਧੀ ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਸਾਫ-ਸਫਾਈ ਨਹੀਂ ਕੀਤੀ ਜਾਂਦੀ। ਜਿਹੜੇ ਫੰਡ ਸਰਕਾਰ ਵੱਲੋਂ ਜਾਰੀ ਕੀਤੇ ਜਾਂਦੇ ਹਨ, ਉਹ ਹੋਰ ਕੰਮਾਂ ਲਈ ਹੀ ਪੂਰੇ ਨਹੀਂ ਹੋ ਪਾਉਂਦੇ। ਉਨ੍ਹਾਂ ਕਿਹਾ ਕਿ ਘੱਗਰ ਦਰਿਆ 'ਚ ਫਸੀ ਬੂਟੀ ਨੂੰ ਹਟਾਉਣ ਲਈ ਵਿਭਾਗ ਨੇ ਜੇ. ਸੀ. ਬੀ. ਮਸ਼ੀਨ ਲਾ ਦਿੱਤੀ ਹੈ। ਹਰ ਸਮੇਂ ਤਿੰਨ ਜੇ. ਈ. ਨਿਸ਼ਾਂਤ ਗਰਗ, ਪ੍ਰਦੀਪ ਕੁਮਾਰ ਤੇ ਨਰਿੰਦਰ ਕੁਮਾਰ ਮੌਜੂਦ ਰਹਿੰਦੇ ਹਨ। ਉਨ੍ਹਾਂ ਨਾਲ ਵਿਭਾਗ ਦਾ ਸੰਪਰਕ ਬਣਿਆ ਰਹਿੰਦਾ ਹੈ ਤੇ ਫਿਲਹਾਲ ਖਤਰੇ ਦੀ ਕੋਈ ਗੱਲ ਨਹੀਂ ਹੈ।