ਰਾਵੀ ਦਰਿਆ ’ਚ ਪਾਣੀ ਦਾ ਪੱਧਰ ਵਧਿਆ, ADC ਨੇ ਮਕੌੜਾ ਪੱਤਣ ’ਤੇ ਸਥਿਤੀ ਦਾ ਲਿਆ ਜਾਇਜ਼ਾ

07/31/2022 10:10:22 PM

ਬਹਿਰਾਮਪੁਰ/ਗੁਰਦਾਸਪੁਰ (ਗੋਰਾਇਆ, ਜੀਤ ਮਠਾਰੂ, ਵਿਨੋਦ, ਹੇਮੰਤ)-ਉਜ ਦਰਿਆ ’ਚ ਛੱਡੇ ਗਏ ਪਾਣੀ ਅਤੇ ਲਗਾਤਾਰ ਪੈ ਰਹੇ ਮੀਂਹ ਕਾਰਨ ਰਾਵੀ ਦਰਿਆ ’ਚ ਪਾਣੀ ਦਾ ਪੱਧਰ ਵਧ ਗਿਆ ਹੈ, ਜਿਸ ਸਬੰਧੀ ਅੱਜ ਸਵੇਰੇ ਜ਼ਿਲ੍ਹਾ ਪ੍ਰਸ਼ਾਸਨ ਨੇ ਦਰਿਆ ਨੇੜਲੇ ਪਿੰਡਾਂ ’ਚ ਰਹਿੰਦੇ ਲੋਕਾਂ ਨੂੰ ਸਾਵਧਾਨ ਕਰਨ ਲਈ ਅਲਰਟ ਜਾਰੀ ਕੀਤਾ। ਇਸ ਤਹਿਤ ਅੱਜ ਡਾ. ਨਿਧੀ ਕੁਮੁਦ ਬਾਮਬਾ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਵੱਲੋਂ ਮਕੌੜਾ ਪੱਤਣ ’ਤੇ ਦਰਿਆ ਨੇੜਲੇ ਪਿੰਡਾਂ ਬਾਊਪੁਰ ਜੱਟਾਂ ਆਦਿ ਦਾ ਦੌਰਾ ਕਰ ਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਐੱਸ. ਡੀ. ਐੱਮ. ਡੇਰਾ ਬਾਬਾ ਨਾਨਕ ਰਵਿੰਦਰਪਾਲ ਸਿੰਘ ਅਰੋੜਾ, ਪਰਮਪ੍ਰੀਤ ਸਿੰਘ ਗੁਰਾਇਆ ਤਹਿਸੀਲਦਾਰ ਦੀਨਾਨਗਰ, ਜਗਤਾਰ ਸਿੰਘ ਤਹਿਸੀਲਦਾਰ ਗੁਰਦਾਸਪੁਰ, ਦੀਨਾਨਗਰ ਦੇ ਨਾਇਬ ਤਹਿਸੀਲਦਾਰ ਅਭਿਸ਼ੇਕ ਵਰਮਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ। ਇਸ ਮੌਕੇ ਮਕੌੜਾ ਪੱਤਣ ਰਾਵੀ ਦਰਿਆ ਦੇ ਕੰਢੇ ’ਤੇ ਬੈਠੇ ਗੁੱਜਰਾਂ ਨੂੰ ਪਸ਼ੂਆਂ ਸਮੇਤ ਸੁਰੱਖਿਅਤ ਥਾਵਾਂ ’ਤੇ ਬਾਹਰ ਕੱਢਿਆ ਗਿਆ। ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਡਾ. ਨਿਧੀ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਨਿਰਦੇਸ਼ਾਂ ਹੇਠ ਜ਼ਿਲਾ ਪ੍ਰਸ਼ਾਸਨ ਵਲੋਂ ਅਣਸੁਖਾਵੇਂ ਹਾਲਾਤਾਂ ਨਾਲ ਨਜਿੱਠਣ ਲਈ ਪੁਖਤਾ ਪ੍ਰਬੰਧ ਕੀਤੇ ਹਨ ਪਰ ਰਾਵੀ ਦਰਿਆ ਨੇੜਲੇ ਰਹਿੰਦੇ ਪਿੰਡਾਂ ਦੇ ਲੋਕ ਸੁਚੇਤ ਰਹਿਣ ਤੇ ਅਹਿਤਿਆਤ ਰੱਖਣ।

ਉਨ੍ਹਾਂ ਅਪੀਲ ਕੀਤੀ ਕਿ ਲੋਕ ਦਰਿਆ ਦੇ ਕੰਢੇ ਵੱਲ ਨਾ ਜਾਣ, ਮਕੌੜਾ ਪੱਤਣ ਵਿਖੇ ਹੰਗਾਮੀ ਹਾਲਾਤ ਨੂੰ ਮੁੱਖ ਰੱਖਦੇ ਹੋਏ ਪਿੰਡਾਂ ਦੇ ਲੋਕਾਂ ਨੂੰ ਤੁਰੰਤ ਸੁਰੱਖਿਅਤ ਜਗ੍ਹਾ ’ਤੇ ਸ਼ਿਫਟ ਕਰਨ ਲਈ ਰਿਲੀਫ ਸੈਂਟਰ ਸਰਕਾਰੀ ਸ. ਸ. ਸਕੂਲ ਝਬਕਰਾ ਵਿਖੇ ਲੋੜੀਂਦਾ ਪ੍ਰਬੰਧ ਕੀਤਾ ਗਿਆ ਹੈ। ਹੜ੍ਹ ਵਰਗੀ ਸਥਿਤੀ ਨਾਲ ਨਿਪਟਣ ਲਈ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਹਨ ਅਤੇ ਇਸ ਤੋਂ ਇਲਾਵਾ ਮੈਡੀਸਨ, ਫੂਡ, ਜੇ.ਸੀ.ਬੀ, ਬੇੜੀਆਂ ਤੇ ਲਾਈਫ ਜੈਕਟਾਂ ਆਦਿ ਦੇ ਪ੍ਰਬੰਧ ਕੀਤੇ ਹੋਏ ਹਨ। ਉਨਾਂ ਸਮੂਹ ਐਸ.ਡੀ.ਐਮਜ਼, ਮਾਲ ਵਿਭਾਗ, ਪੇਂਡੂ ਵਿਭਾਗ ਸਮੇਤ ਵੱਖ-ਵੱਖ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਥਿਤੀ 'ਤੇ 24 ਘੰਟੇ ਨਿੱਜੀ ਤੌਰ 'ਤੇ ਨਿਗਰਾਨੀ ਰੱਖਣ।

ਉਨ੍ਹਾਂ ਕਿਹਾ ਕਿ ਰਾਵੀ ਦਰਿਆ ਦੇ ਨੇੜਲੇ ਪਿੰਡਾਂ ਦੇ ਸਰਪੰਚਾਂ, ਨੰਬਰਦਾਰਾਂ ਤੇ ਹੋਰ ਮੋਹਤਬਾਰ ਲੋਕਾਂ ਨਾਲ ਲਗਾਤਾਰ ਸੰਪਰਕ ਰੱਖਣ ਅਤੇ ਪਿੰਡਾਂ ਅੰਦਰ ਅਨਾਊਂਸਮੈਂਟਾਂ ਕਰ ਕੇ ਲੋਕਾਂ ਨੂੰ ਪਾਣੀ ਦੇ ਪੱਧਰ ਬਾਰੇ ਲਗਾਤਾਰ ਸੁਚੇਤ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਸੰਭਾਵੀ ਖਤਰੇ ਨਾਲ ਨਜਿਠਣਨਿਪਟਣ ਲਈ ਪੁਖਤਾ ਪ੍ਰਬੰਧ ਰੀਤੇ ਹਨ ਅਤੇ ਲੋਕ ਜ਼ਿਲਾ ਪ੍ਰਸ਼ਾਸਨ ਵਲੋਂ ਜਾਰੀ ਫਲੱਡ ਕੰਟਰੋਲ ਰੂਮ ਨੰਬਰਾਂ ’ਤੇ ਵੀ ਲੋੜ ਅਨੁਸਾਰ ਸੰਪਰਕ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲਾ ਰੈਵੇਨਿਊ ਦਫਤਰ 01874-247964, ਤਹਿਸੀਲ ਦਫਤਰ ਗੁਰਦਾਸਪੁਰ 01874-242644, ਤਹਿਸੀਲ ਦਫਤਰ ਬਟਾਲਾ 01871-241069, ਤਹਿਸੀਲ ਦਫਤਰ, ਡੇਰਾ ਬਾਬਾ ਨਾਨਕ 01871-247420, ਤਹਿਸੀਲ ਦਫਤਰ, ਦੀਨਾਨਗਰ 01875-220050 ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ। ਐੱਸ. ਡੀ. ਐੱਮਜ਼ ਡੇਰਾ ਬਾਬਾ ਨਾਨਕ ਰਵਿੰਦਰ ਸਿੰਘ ਅਰੋੜਾ ਤੇ ਤਹਿਸੀਲਦਾਰ ਜਗਤਾਰ ਸਿੰਘ ਵਲੋਂ ਡੇਰਾ ਬਾਬਾ ਨਾਨਕ ਖੇਤਰ ਦਾ ਦੌਰਾ ਕੀਤਾ ਗਿਆ ਤੇ ਵਿਭਾਗਾਂ ਦੇ ਅਧਿਕਾਰੀਆਂ ਤੇ ਲੋਕਾਂ ਨਾਲ ਗੱਲਬਾਤ ਕਰ ਕੇ ਸਥਿਤੀ ਦਾ ਜਾਇਜ਼ਾ ਲਿਆ।


Manoj

Content Editor

Related News