ਧਰਤੀ ਹੇਠਲਾ ਪਾਣੀ ਕੱਢਣਾ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਪੰਜਾਬ ਜਲਦ ਬਣ ਜਾਵੇਗਾ ਰੇਗਿਸਤਾਨ

09/11/2019 4:00:12 PM

ਜਲੰਧਰ (ਯੂ. ਐੱਨ. ਆਈ.)— ਪੰਜਾਬ ਦੀਆਂ ਰਵਾਇਤੀ ਫਸਲਾਂ ਝੋਨੇ ਅਤੇ ਕਣਕ ਦੀ ਖੇਤੀ ਲਈ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਧਰਤੀ ਹੇਠਲੇ ਪਾਣੀ ਦੇ ਬੇਹੱਦ ਜ਼ਿਆਦਾ ਵਰਤੋਂ ਕਾਰਣ ਰਾਜ 'ਚ ਜ਼ਮੀਨੀ ਪਾਣੀ ਦਾ ਪੱਧਰ ਹਰ ਸਾਲ ਔਸਤਨ ਅੱਧਾ ਮੀਟਰ ਦੀ ਦਰ ਨਾਲ ਹੇਠਾਂ ਡਿੱਗ ਰਿਹਾ ਹੈ, ਜਿਸ ਨਾਲ ਸੂਬੇ ਦਾ ਦੋਆਬਾ ਖੇਤਰ ਸਭ ਤੋਂ ਵੱਧ ਪ੍ਰਭਾਵਿਤ ਹੈ। ਜੇਕਰ ਇੰਨਾ ਜ਼ਿਆਦਾ ਪਾਣੀ ਕੱਢਣ ਦਾ ਸਿਲਸਿਲਾ ਜਾਰੀ ਰਹਿੰਦਾ ਹੈ ਤਾਂ ਪੰਜਾਬ ਜਲਦੀ ਹੀ ਰੇਗਿਸਤਾਨ ਬਣ ਜਾਵੇਗਾ। ਪੰਜਾਬ 'ਚ ਚੰਗੀ ਤਰ੍ਹਾਂ ਵਿਕਸਿਤ ਸਿੰਚਾਈ ਪ੍ਰਣਾਲੀ ਹੈ। ਇਸ ਸਮੇਂ ਨਹਿਰਾਂ ਦੇ ਪਾਣੀ ਨਾਲ ਲਗਭਗ 27 ਫੀਸਦੀ ਖੇਤੀ ਖੇਤਰ ਦੀ ਸਿੰਚਾਈ ਕੀਤੀ ਜਾ ਹੀ ਹੈ, ਜਦੋਂਕਿ 72 ਫੀਸਦੀ ਪਾਣੀ ਜ਼ਮੀਨ ਹੇਠੋਂ ਕੱਢ ਕੇ ਸਿੰਚਾਈ ਹੋ ਰਹੀ ਹੈ। ਕੰਡੀ ਖੇਤਰ ਤਹਿਤ ਆਉਣ ਵਾਲੇ ਲਗਭਗ ਇਕ ਫੀਸਦੀ ਖੇਤੀ ਵਾਲੇ ਖੇਤਰ 'ਚ ਵਰਖਾ ਨਾਲ ਸਿੰਚਾਈ ਕੀਤੀ ਜਾਂਦੀ ਹੈ। ਖੁਰਾਕੀ ਵਸਤਾਂ ਦੇ ਅਧੀਨ ਵਿਸ਼ੇਸ਼ ਰੂਪ 'ਚ ਝੋਨੇ ਹੇਠ ਲਗਾਤਾਰ ਵਧ ਰਹੇ ਖੇਤਰ ਦੇ ਨਤੀਜੇ ਵਜੋਂ ਰਾਜ 'ਚ ਪਾਣੀ ਦੇ ਵਸੀਲਿਆਂ ਦੀ ਵਰਤੋਂ ਹੋ ਰਹੀ ਹੈ। ਜ਼ਮੀਨ ਹੇਠਲੇ ਪਾਣੀ ਦੀ ਨਿਰਭਰਤਾ ਕਾਰਨ ਟਿਊਬਵੈੱਲਾਂ ਦਾ ਵਿਕਾਸ ਹੋ ਰਿਹਾ ਹੈ ਅਤੇ ਜ਼ਮੀਨ ਹੇਠਲੇ ਪਾਣੀ ਦੇ ਨਾਲ-ਨਾਲ ਬਿਜਲੀ ਦੀ ਖਪਤ ਦਾ ਬੋਝ ਵੀ ਵਧਿਆ ਹੈ। ਰਾਜ 'ਚ ਇਸ ਸਮੇਂ ਪ੍ਰਤੀ ਵਰਗ ਕਿਲੋਮੀਟਰ 'ਚ 138 ਟਿਊਬਵੈੱਲਾਂ ਦੇ ਹਿਸਾਬ ਨਾਲ ਕੁਲ ਮਿਲਾ ਕੇ 14 ਲੱਖ 19 ਹਜ਼ਾਰ ਟਿਊਬਵੈੱਲ ਚੱਲ ਰਹੇ ਹਨ। ਇਨ੍ਹਾਂ ਟਿਊਬਵੈੱਲਾਂ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵੱਲੋਂ 12008.98 ਲੱਖ ਕਿਲੋਵਾਟ ਬਿਜਲੀ ਦਿੱਤੀ ਜਾ ਰਹੀ ਹੈ। ਮਾੜੇ ਪ੍ਰਬੰਧ ਕਾਰਨ ਰਾਜ 'ਚ ਧਰਤੀ ਹੇਠਲੇ ਪਾਣੀ ਦਾ ਪੱਧਰ 20 ਤੋਂ 30 ਮੀਟਰ ਤਕ ਹੇਠਾਂ ਚਲਾ ਗਿਆ ਹੈ। ਸੰਗਰੂਰ ਅਤੇ ਪਾਤੜਾਂ 'ਚ ਇਹ ਪੱਧਰ 40 ਮੀਟਰ ਤਕ ਹੇਠਾਂ ਚਲਾ ਗਿਆ ਹੈ। ਸੰਗਰੂਰ, ਪਟਿਆਲਾ, ਲੁਧਿਆਣਾ, ਮੋਗਾ, ਬਰਨਾਲਾ, ਜਲੰਧਰ ਅਤੇ ਕਪੂਰਥਲਾ ਵਿਚ ਝੋਨੇ ਦੀ ਖੇਤੀ ਹੋਣ ਕਾਰਨ ਇਨ੍ਹਾਂ ਖੇਤਰਾਂ ਵਿਚ ਪਾਣੀ ਦਾ ਪੱਧਰ 200 ਮੀਟਰ ਤਕ ਹੇਠਾਂ ਚਲਾ ਗਿਆ।

35 ਸਾਲਾਂ 'ਚ ਸੂਬੇ 'ਚ 85 ਫੀਸਦੀ ਖੇਤਰ ਵਿਚ ਪਾਣੀ ਦਾ ਪੱਧਰ ਡਿੱਗਿਆ
ਜ਼ਮੀਨ ਹੇਠਲੇ ਪਾਣੀ 'ਤੇ ਬੇਹੱਦ ਨਿਰਭਰਤਾ ਕਾਰਨ ਰਾਜ 'ਚ ਪਾਣੀ ਦੇ ਪੱਧਰ ਬਾਰੇ ਪੜਚੋਲ ਰਿਪੋਰਟ 2017 ਦੇ ਖਰੜੇ ਅਨੁਸਾਰ ਪਿਛਲੇ 35 ਸਾਲਾਂ (1984-2017) ਵਿਚ ਰਾਜ ਵਿਚ 85 ਫੀਸਦੀ ਖੇਤਰ 'ਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਹੇਠਾਂ ਗਿਆ ਹੈ, ਜਦੋਂਕਿ ਲਗਭਗ 15 ਫੀਸਦੀ ਖੇਤਰ 'ਚ ਇਸ ਅਰਸੇ ਦੌਰਾਨ ਸੁਧਾਰ ਵੀ ਆਇਆ ਹੈ। ਇਹ ਦੇਖਿਆ ਗਿਆ ਹੈ ਕਿ ਜ਼ਮੀਨ ਹੇਠਲਾ ਪਾਣੀ ਦਾ ਪੱਧਰ ਡਿੱਗਣ ਵਾਲੇ ਖੇਤਰ ਵਿਚ ਇਹ ਗਿਰਾਵਟ ਹਰ ਸਾਲ ਲਗਭਗ 0.40 ਮੀਟਰ ਹੈ, ਜਦਕਿ ਇਸ ਪੱਧਰ ਦੀ ਗਿਰਾਵਟ ਲਈ ਜੇ ਪੂਰੇ ਇਲਾਕੇ ਨੂੰ ਦੇਖਿਆ ਜਾਵੇ ਤਾਂ ਹਰ ਸਾਲ ਲਗਭਗ 0.50 ਮੀਟਰ ਹੈ।

ਕੁੱਲ ਜ਼ਮੀਨ ਦੇ 3045 ਹਜ਼ਾਰ ਹੈਕਟੇਅਰ ਰਕਬੇ 'ਤੇ ਕੀਤੀ ਜਾ ਰਹੀ ਹੈ ਝੋਨੇ ਦੀ ਖੇਤੀ
ਅਜੋਕੇ ਸਮੇਂ ਵਿਚ ਰਾਜ ਕੋਲ ਸਾਲਾਨਾ 21 ਲੱਖ 67 ਹਜ਼ਾਰ 27 ਹੈਕਟੇਅਰ ਮੀਟਰ (ਐੱਚ. ਏ. ਐੱਮ.) ਪਾਣੀ ਉਪਲਬਧ ਹੈ ਜਦੋਂਕਿ ਸਿੰਚਾਈ ਲਈ 34 ਲੱਖ 59 ਹਜ਼ਾਰ 415 ਹੈਕਟੇਅਰ ਮੀਟਰ ਅਤੇ ਸਨਅਤੀ ਵਰਤੋਂ ਲਈ 1 ਲੱਖ 21 ਹਜ਼ਾਰ 772 ਐੱਚ. ਏ. ਐੱਮ. ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ, ਜਿਹੜੀ ਕੁੱਲ ਪਾਣੀ ਦਾ 165 ਫੀਸਦੀ ਹੈ। ਪੰਜਾਬ ਕੋਲ ਖੇਤੀਯੋਗ ਕੁੱਲ 7823 ਹਜ਼ਾਰ ਹੈਕਟੇਅਰ ਜ਼ਮੀਨ ਹੈ, ਜਿਸ ਵਿਚੋਂ 3046 ਹਜ਼ਾਰ ਹੈਕਟੇਅਰ 'ਤੇ ਸਿਰਫ ਝੋਨੇ ਦੀ ਖੇਤੀ ਕੀਤੀ ਜਾ ਰਹੀ ਹੈ, ਜਿਹੜੀ ਸਾਲ 1970-71 ਵਿਚ ਸਿਰਫ 390 ਹਜ਼ਾਰ ਹੈਕਟੇਅਰ ਵਿਚ ਕੀਤੀ ਜਾਂਦੀ ਸੀ। ਸੂਬੇ ਵਿਚ 1970-71 ਵਿਚ 554 ਹਜ਼ਾਰ ਹੈਕਟੇਅਰ ਦੇ ਮੁਕਾਬਲੇ ਹੁਣ 3495 ਹਜ਼ਾਰ ਹੈਕਟੇਅਰ ਵਿਚ ਕਣਕ ਦੀ ਖੇਤੀ ਕੀਤੀ ਜਾਂਦੀ ਹੈ। ਇਸ ਤਰ੍ਹਾਂ ਝੋਨੇ ਹੇਠਲੇ ਰਕਬੇ ਵਿਚ ਵਾਧਾ ਹੋਇਆ ਹੈ। ਖੇਤੀ ਵਿਭਾਗ ਕਿਸਾਨਾਂ ਨੂੰ ਝੋਨੇ ਦੀ ਰਵਾਇਤੀ ਫਸਲ ਛੱਡ ਕੇ ਹੋਰਨਾਂ ਵਪਾਰਕ ਫਸਲਾਂ ਵੱਲ ਉਤਸ਼ਾਹਿਤ ਕਰਨ ਦੇ ਕਈ ਪ੍ਰੋਗਰਾਮ ਚਲਾ ਰਿਹਾ ਹੈ।

1980 'ਚ ਸਨ 6 ਲੱਖ ਟਿਊਬਵੈੱਲ, ਹੁਣ ਵਧ ਕੇ ਹੋਏ 14 ਲੱਖ ਤੋਂ ਵੱਧ
ਖੇਤੀ ਵਿਭਾਗ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ 1980-81 ਵਿਚ ਸੂਬੇ 'ਚ ਸਿਰਫ 6 ਲੱਖ ਟਿਊਬਵੈੱਲ ਚੱਲ ਰਹੇ ਸਨ, ਜਿਨ੍ਹਾਂ ਦੀ ਗਿਣਤੀ ਵਧ ਕੇ 2016-17 ਵਿਚ 14 ਲੱਖ 19 ਹਜ਼ਾਰ ਨੂੰ ਪਾਰ ਕਰ ਗਈ। ਇਸ 'ਚ 12.54 ਲੱਖ ਟਿਊਬਵੈੱਲ ਬਿਜਲੀ ਨਾਲ ਅਤੇ 1.65 ਲੱਖ ਡੀਜ਼ਲ ਨਾਲ ਚੱਲਦੇ ਹਨ। 31 ਮਾਰਚ 2017 ਦੇ ਅੰਕੜਿਆਂ ਅਨੁਸਾਰ ਰਾਜ ਦੇ ਭੂਗੋਲਿਕ ਖੇਤਰ 50 ਲੱਖ 36 ਹਜ਼ਾਰ 980 ਹੈਕਟੇਅਰ ਵਿਚ ਜ਼ਮੀਨ ਹੇਠਲਾ ਪਾਣੀ 21 ਲੱਖ 65 ਹਜ਼ਾਰ 27 ਹੈਕਟੇਅਰ ਏਕੜ ਫੁੱਟ ਅਰਥਾਤ 17.54 ਲੱਖ ਏਕੜ ਫੁੱਟ ਹੈ, ਜਦੋਂਕਿ ਪਾਣੀ ਕੱਢਣ ਦਾ ਸਿਲਸਿਲਾ 35 ਲੱਖ 81 ਹਜ਼ਾਰ 187 ਹੈਕਟੇਅਰ ਮੀਟਰ ਅਰਥਾਤ 28.03 ਲੱਖ ਏਕੜ ਫੁੱਟ ਚੱਲ ਰਿਹਾ ਹੈ। ਇਸ ਤਰ੍ਹਾਂ ਰਾਜ ਕੋਲ ਭਵਿੱਖ ਲਈ 14 ਲੱਖ 54 ਹਜ਼ਾਰ 43 ਹੈਕਟੇਅਰ ਮੀਟਰ ਅਰਥਾਤ 21.78 ਲੱਖ ਏਕੜ ਮੀਟਰ ਪਾਣੀ ਘੱਟ ਹੈ। ਖੇਤੀ ਵਿਭਾਗ ਦੇ ਸੰਯੁਕਤ ਨਿਰਦੇਸ਼ਕ ਰਾਜੇਸ਼ ਵਸ਼ਿਸ਼ਠ ਨੇ ਦੱਸਿਆ ਕਿ ਜਲ ਪ੍ਰਬੰਧਨ ਦੇ ਹਿਸਾਬ ਨਾਲ ਰਾਜ ਨੂੰ 150 ਪਾਣੀ ਦੇ ਬਲਾਕਾਂ ਵਿਚ ਵੰਡਿਆ ਗਿਆ ਹੈ। ਇਨ੍ਹਾਂ ਵਿਚ 109 ਬਲਾਕ ਅਜਿਹੇ ਹਨ ਜਿਨ੍ਹਾਂ ਵਿਚ ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ।


Related News