ਘਰਾਂ ’ਚ ਵਡ਼ਿਆ ਪਾਣੀ; ਲੋਕਾਂ ਘੇਰੀ ਡੀ. ਸੀ. ਦੀ ਰਿਹਾਇਸ਼
Sunday, Jun 10, 2018 - 12:13 AM (IST)

ਰੂਪਨਗਰ, (ਵਿਜੇ)- ਜਿਸ ਸਮੇਂ ਸ਼ਹਿਰ ਵਾਸੀ ਚੈਨ ਦੀ ਨੀਂਦ ਸੌਂ ਰਹੇ ਸੀ ਅਤੇ ਉਸ ਦੌਰਾਨ ਮੀਂਹ ਨੇ ਸ਼ਹਿਰ ਵਾਸੀਆਂ ਨੂੰ ਚਿੰਤਾ ’ਚ ਪਾ ਦਿੱਤਾ। ਦਰਿਆਵਾਂ ਅਤੇ ਨਹਿਰਾਂ ’ਚ ਟਾਪੂ ਦੀ ਤਰ੍ਹਾਂ ਘਿਰੇ ਰੂਪਨਗਰ ਸ਼ਹਿਰ ਨੂੰ ਬਰਸਾਤ ਦੇ ਦਿਨਾਂ ’ਚ ਸਭ ਤੋਂ ਵੱਧ ਖਤਰਾ ਰਹਿੰਦਾ ਹੈ।
ਅੱਜ ਤਡ਼ਕੇ ਤੇਜ਼ ਮੀਂਹ ਨਾਲ ਸ਼ਹਿਰ ’ਚ ਜਿੱਥੇ ਜਲ-ਥਲ ਹੋ ਗਿਆ ਉਥੇ ਵੱਖ-ਵੱਖ ਮੁਹੱਲਿਆਂ ’ਚ ਲੋਕ ਸਾਰਾ ਦਿਨ ਘਰਾਂ ’ਚ ਵੜੇ ਬਰਸਾਤੀ ਪਾਣੀ ਨੂੰ ਬਾਲਟੀਆਂ ਦੀ ਮਦਦ ਨਾਲ ਬਾਹਰ ਕੱਢਦੇ ਰਹੇ। ਸਥਾਨਕ ਦਸਮੇਸ਼ ਕਾਲੋਨੀ ’ਚ ਹਾਲਤ ਬਦ ਤੋਂ ਬਦਤਰ ਦੇਖੇ ਗਏ। ਇਥੇ ਲੋਕਾਂ ਦੇ ਘਰ ’ਚ ਪਾਣੀ ਵਡ਼ਨ ਨਾਲ ਘਰਾਂ ’ਚ ਰੱਖਿਆ ਕੀਮਤੀ ਸਾਮਾਨ ਬਰਬਾਦ ਹੋ ਗਿਆ। ਦਸਮੇਸ਼ ਕਾਲੋਨੀ ਨਿਵਾਸੀਆਂ ਨੇ ਦੱਸਿਆ ਕਿ ਮਲਹੋਤਰਾ ਕਾਲੋਨੀ ਮੁੱਖ ਮਾਰਗ ਦੇ ਜ਼ਰੀਏ ਸ਼ਹਿਰ ਦਾ ਸਾਰਾ ਪਾਣੀ ਅੱਗੇ ਸਥਿਤ ਕਾਲੋਨੀਆਂ ’ਚ ਮਾਰ ਕਰਦਾ ਹੈ। ਦਸਮੇਸ਼ ਕਾਲੋਨੀ ਦੀ ਗਲੀ ਨੰ. 1 ਨੂੰ ਹਾਲ ਹੀ ’ਚ ਉੱਚਾ ਕੀਤਾ ਗਿਆ ਕਿਉਂਕਿ ਇਸ ’ਚ ਬਰਸਾਤੀ ਪਾਣੀ ਜਮ੍ਹਾ ਹੋ ਜਾਂਦਾ ਸੀ। ਪਰ ਹੁਣ ਉਕਤ ਗਲੀ ਨੂੰ ਉੱਚਾ ਕਰ ਦਿੱਤੇ ਜਾਣ ਕਾਰਨ ਕਾਲੋਨੀ ਦੇ ਘਰਾਂ ਦੇ ਲੈਵਲ ਡਾਊਨ ਹੋ ਜਾਣ ਕਾਰਨ ਪਾਣੀ ਸਿੱਧਾ ਘਰਾਂ ’ਚ ਮਾਰ ਕਰ ਰਿਹਾ ਹੈ।
ਜਦੋਂ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਗਲੀਆਂ ’ਚ ਟਾਈਲਾਂ ਲਾਏ ਜਾਣ ਦੇ ਬਾਅਦ ਨਾਲੀਆਂ ਬੰਦ ਕਰ ਦਿੱਤੀਆਂ ਗਈਆਂ। ਬਰਸਾਤ ਦੇ ਕਾਰਨ ਸਥਿਤੀ ਨੂੰ ਵਿਗਡ਼ਦਾ ਦੇਖ ਮੌਕੇ ’ਤੇ ਵਾਰਡ ਕੌਂਸਲਰ ਸੰਦੀਪ ਕੌਰ ਜੱਗੀ ਅਤੇ ਉਨ੍ਹਾਂ ਦੇ ਪਤੀ ਗੁਰਵਿੰਦਰ ਸਿੰਘ ਜੱਗੀ ਨੂੰ ਬੁਲਾਇਆ ਗਿਆ। ਕਾਲੋਨੀ ਨਿਵਾਸੀਆਂ ਨੇ ਦੱਸਿਆ ਕਿ ਟਾਈਲਾਂ ਲਾਏ ਜਾਣ ਦੇ ਬਾਅਦ ਨਾਲੀਆਂ ਬੰਦ ਕੀਤੇ ਜਾਣ ਦੇ ਸਬੰਧ ’ਚ ਉਹ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪ ਚੁੱਕੇ ਹਨ। ਪਰ ਬਾਵਜੂਦ ਇਸ ਦੇ ਕੌਂਸਲ ਵੱਲੋਂ ਇਸ ਮਾਮਲੇ ’ਚ ਕੋਈ ਕਾਰਵਾਈ ਨਹੀਂ ਕੀਤੀ ਗਈ। ਅੱਜ ਮੀਂਹ ਨਾਲ ਹੋਏ ਨੁਕਸਾਨ ਦੇ ਸਬੰਧ ’ਚ ਕੌਂਸਲ ’ਚ ਸੰਪਰਕ ਕੀਤਾ ਗਿਆ ਤਾਂ ਕੌਂਸਲ ਪ੍ਰਧਾਨ ਤੋਂ ਲੈ ਕੇ ਹੋਰ ਅਧਿਕਾਰੀ ਇਕ ਦੂਸਰੇ ’ਤੇ ਜ਼ਿੰਮੇਵਾਰੀ ਦਾ ਪੱਲਾ ਝਾਡ਼ਦੇ ਰਹੇ। ਜਿਸ ਦੇ ਬਾਅਦ ਗੁੱਸੇ ’ਚ ਆਏ ਲੋਕਾਂ ਨੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਦੇ ਸਾਹਮਣੇ ਧਰਨਾ ਲਾਇਆ ਅਤੇ ਡੀ. ਸੀ. ਦੇ ਨਾ ਮਿਲਣ ਕਾਰਨ ਪ੍ਰਸ਼ਾਸਨ ਦੇ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ।
ਘਰਾਂ ’ਚ ਪਾਣੀ ਵਡ਼ਨ ਕਾਰਨ ਹੋਇਆ ਭਾਰੀ ਨੁਕਸਾਨ
ਦਸਮੇਸ਼ ਕਾਲੋਨੀ ਦੇ ਮਕਾਨ ਨੰ. 45 ’ਚ ਰਹਿੰਦੇ ਕਮਲ ਸੈਣੀ ਨੇ ਦੱਸਿਆ ਕਿ ਤਡ਼ਕੇ ਪਏ ਭਾਰੀ ਮੀਂਹ ਨਾਲ ਉਨ੍ਹਾਂ ਦੇ ਘਰ ’ਚ ਪਾਣੀ ਵਡ਼ਨ ਨਾਲ ਘਰ ’ਚ ਰੱਖਿਆ ਘਰੇਲੂ ਸਾਮਾਨ ਅਤੇ ਫਰਨੀਚਰ ਬਰਬਾਦ ਹੋ ਗਿਆ। ਇਸ ਦੇ ਇਲਾਵਾ ਬੈੱਡ, ਸੋਫੇ, ਅਲਮਾਰੀ, ਫਰਿੱਜ ਤੱਕ ਬਰਸਾਤੀ ਪਾਣੀ ਦੀ ਭੇਟ ਚਡ਼੍ਹ ਗਏ। ਜਦੋਂ ਕਿ ਘਰ ’ਚ ਤਿੰਨ-ਤਿੰਨ ਫੁੱਟ ਪਾਣੀ ਪਹੁੰਚਣ ਨਾਲ ਉਨ੍ਹਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਮਕਾਨ ਨੰ. 41 ਦੇ ਨਿਵਾਸੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਗਲੀ ਦਾ ਲੈਵਲ ਉੱਚਾ ਹੋਣ ਅਤੇ ਨਾਲੀਆਂ ਬੰਦ ਕੀਤੇ ਜਾਣ ਕਾਰਨ ਘਰ ’ਚ ਪਾਣੀ ਵਡ਼ ਗਿਆ ਅਤੇ ਘਰ ਦੇ ਸਾਰੇ ਮੈਂਬਰ ਬਰਸਾਤੀ ਪਾਣੀ ਨੂੰ ਕੱਢਦੇ ਹੋਏ ਮੁਸ਼ੱਕਤ ਕਰਦੇ ਦੇਖੇ ਗਏ। ਮਕਾਨ ਨੰ. 38 ਦੇ ਨਿਵਾਸੀ ਜਸਪਾਲ ਸਿੰਘ ਨੇ ਦੱਸਿਆ ਕਿ ਤੇਜ਼ ਮੀਂਹ ਦਾ ਪਾਣੀ ਉਨ੍ਹਾਂ ਦੇ ਘਰਾਂ ’ਚ ਮਾਰ ਕਰ ਗਿਆ। ਜਿਸ ਦੇ ਬਾਅਦ ਉਨ੍ਹਾਂ ਨੇ ਇੱਟਾਂ ਅਤੇ ਰੇਤ ਦੀਆਂ ਬੋਰੀਆਂ ਲਾ ਕੇ ਥੋੜ੍ਹਾ ਬਹੁਤਾ ਬਚਾਅ ਕੀਤਾ। ਇਸੇ ਤਰ੍ਹਾਂ ਕਾਲੋਨੀ ਨਿਵਾਸੀ ਨਾਇਰ ਵਕੀਲ ਦੇ ਘਰ ’ਚ ਬਰਸਾਤੀ ਪਾਣੀ ਜਮ੍ਹਾ ਹੋ ਗਿਆ।
ਹਰ ਸਾਲ ਬਰਸਾਤ ਦੌਰਾਨ ਹੋਣਾ ਪੈਂਦੈ ਪ੍ਰੇਸ਼ਾਨ : ਧਰਨਾਕਾਰੀ
ਡੀ. ਸੀ. ਦਫਤਰ ਦੇ ਸਾਹਮਣੇ ਧਰਨਾਕਾਰੀਅਾਂ ’ਚ ਸੁਖਦੇਵ ਸਿੰਘ, ਪਰਮਜੀਤ ਸਿੰਘ, ਬਲਵਿੰਦਰ ਸਿੰਘ, ਸੁਰਿੰਦਰ ਸਿੰਘ, ਬੀ. ਕੇ. ਜੋਸ਼ੀ, ਕ੍ਰਿਪਾਲ ਸਿੰਘ, ਪ੍ਰੇਮਲਤਾ, ਭੁਪਿੰਦਰ ਸਿੰਘ, ਸਤਵਿੰਦਰ ਸਿੰਘ, ਗੁਰਵਿੰਦਰ ਸਿੰਘ, ਅਮਰਿੰਦਰ ਸਿੰਘ, ਹਰਪ੍ਰੀਤ ਕੌਰ, ਸੁਰਜੀਤ ਕੌਰ, ਦਰਸ਼ਨਾ ਦੇਵੀ, ਰਜਿੰਦਰ ਸਿੰਘ, ਕਰਮ ਸਿੰਘ, ਮਹਿੰਦਰ ਕੌਰ, ਰਾਜ ਕੁਮਾਰ ਆਦਿ ਦੇ ਨਾਮ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਹਰ ਸਾਲ ਬਰਸਾਤ ਦੇ ਦਿਨਾਂ ’ਚ ਉਨ੍ਹਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈ ਅਤੇ ਬਰਸਾਤੀ ਪਾਣੀ ਦੀ ਮਾਰ ਨਾਲ ਲੋਕਾਂ ਦੇ ਘਰਾਂ ਨੂੰ ਖਤਰਾ ਪੈਦਾ ਹੋ ਗਿਆ ਹੈ।
ਕਾਲੋਨੀ ਦੇ ਪਾਣੀ ਦੇ ਲੈਵਲ ਦਾ ਪਤਾ ਲਾਇਆ ਜਾਵੇਗਾ : ਰਜਨੀਸ਼ ਸੂਦ
ਦਸਮੇਸ਼ ਕਾਲੋਨੀ ’ਚ ਬਰਸਾਤੀ ਪਾਣੀ ਦੇ ਕਹਿਰ ਦਾ ਪਤਾ ਚੱਲਣ ’ਤੇ ਮੌਕੇ ’ਤੇ ਈ. ਓ. ਰਜਨੀਸ਼ ਸੂਦ ਨੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਉਨਾਂ ਕਿਹਾ ਕਿ ਜਲਦ ਹੀ ਆਰਕੀਟੈਕਚਰ ਤੋਂ ਉਕਤ ਕਾਲੋਨੀ ਦੇ ਪਾਣੀ ਦੇ ਲੈਵਲ ਦਾ ਪਤਾ ਲਾਇਆ ਜਾਵੇਗਾ। ਇਸ ਦੇ ਇਲਾਵਾ ਜਿਨ੍ਹਾਂ ਨਾਲੀਆਂ ਅਤੇ ਨਾਲਿਆਂ ਨੂੰ ਬੰਦ ਕੀਤਾ ਗਿਆ ਹੈ, ਦੇ ਬਾਰੇ ’ਚ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਇਕ ਦੂਜੇ ’ਤੇ ਸੁੱਟਦੇ ਰਹੇ ਚਿੱਕੜ
ਅੱਜ ਬਰਸਾਤੀ ਪਾਣੀ ਦੇ ਕਹਿਰ ਨੂੰ ਲੈ ਕੇ ਕਾਲੋਨੀ ਨਿਵਾਸੀਆਂ ਨੇ ਪਹਿਲਾਂ ਵਾਰਡ ਕੌਂਸਲਰ ਨੂੰ ਇਸ ਦੀ ਸੂਚਨਾ ਦਿੱਤੀ। ਮੌਕੇ ’ਤੇ ਪਹੁੰਚੇ ਵਾਰਡ ਕੌਂਸਲਰ ਦੇ ਪਤੀ ਗੁਰਵਿੰਦਰ ਸਿੰਘ ਜੱਗੀ ਨੇ ਜਦੋਂ ਕੌਂਸਲ ਪ੍ਰਧਾਨ ਪਰਮਜੀਤ ਸਿੰਘ ਮਾਕਡ਼ ਨੂੰ ਸੂਚਿਤ ਕੀਤਾ ਤਾਂ ਉਨ੍ਹਾਂ ਪੱਲਾ ਝਾਡ਼ਦੇ ਹੋਏ ਈ. ਓ. ਨਾਲ ਗੱਲ ਕਰਨ ਨੂੰ ਕਿਹਾ। ਜਿਸ ਦੇ ਬਾਅਦ ਈ. ਓ. ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਸੈਨੇਟਰੀ ਇੰਸਪੈਕਟਰ ਨਾਲ ਸੰਪਰਕ ਕਰਨ ਨੂੰ ਕਿਹਾ, ਜਿਸ ’ਤੇ ਸੈਨੇਟਰੀ ਇੰਸਪੈਕਟਰ ਨੇ ਵੀ ਕਾਰਵਾਈ ਨੂੰ ਲੈ ਕੇ ਪੱਲਾ ਝਾਡ਼ ਦਿੱਤਾ।