ਸ਼ਹਿਰ ਦੇ ਲੋਕਾਂ ਦੀ ਯਾਦ ਨਾਲ ਜੁੜੇ ਸਾਢੇ ਚਾਰ ਦਹਾਕਿਆਂ ਪੁਰਾਣੇ ਜਲ ਘਰ ਦੀ ਹੋਂਦ ਮਿਟੀ
Friday, Nov 24, 2017 - 12:23 AM (IST)

ਜ਼ੀਰਾ(ਅਕਾਲੀਆਂ ਵਾਲਾ)—1970 ਵਿਚ ਹੋਂਦ ਵਿਚ ਆਏ ਜ਼ੀਰਾ ਸ਼ਹਿਰ ਦੇ ਜਲ ਘਰ ਨੂੰ ਉਸ ਵਕਤ ਦੇਖ ਕੇ ਵੀ ਸ਼ਹਿਰ ਨਿਵਾਸੀਆਂ ਤੋਂ ਖੁਸ਼ੀ ਸੰਭਾਲੀ ਨਹੀਂ ਗਈ ਹੋਣੀ ਜਦੋਂ ਇਸਦਾ ਨਿਰਮਾਣ ਹੋਇਆ ਸੀ ਅਤੇ ਇਹ ਜਲ ਘਰ ਜ਼ੀਰਾ ਸ਼ਹਿਰ ਦੀ ਸੁੰਦਰਤਾ ਨੂੰ ਹੋਰ ਵੀ ਚਾਰ ਚੰਨ੍ਹ ਲਾਉਂਦਾ ਸੀ ਪਰ ਖੰਡਰ ਹੋ ਚੁੱਕੇ ਇਸ ਜਲ ਘਰ ਨੂੰ ਮਿਟਾਉਣ ਸਮੇਂ ਵੀ ਲੋਕਾਂ ਵਿਚ ਬਦਲਦੇ ਜ਼ਮਾਨੇ ਮੁਤਾਬਕ ਵੱਖਰਾ ਚਾਅ ਵੇਖਣ ਨੂੰ ਮਿਲ ਰਿਹਾ ਸੀ। ਹਰ ਇਕ ਚਿਹਰਾ ਇਸ ਜਲ ਘਰ ਵੱਲ ਆਪਣੇ ਫੋਨਾਂ ਨਾਲ ਵੀਡੀਓ ਅਤੇ ਫੋਟੋਆਂ ਬਣਾ ਰਿਹਾ ਸੀ ਕਿਉਂਕਿ ਇਸ ਦੀ ਹੋਂਦ ਜੋ ਕਿ ਜ਼ੀਰੇ ਦੇ ਇਤਿਹਾਸ ਨਾਲ ਜੁੜੀ ਹੋਈ ਹੈ, ਜੋ ਅਲੋਪ ਹੋਣ ਜਾ ਰਹੀ ਸੀ। ਇਸ ਦਾ ਮਲਬਾ ਨਗਰ ਕੌਂਸਲ ਵੱਲੋਂ 1 ਲੱਖ 77 ਹਜ਼ਾਰ ਵਿਚ ਤਜਰਬੇਕਾਰ ਨਿਲਾਮੀਕਾਰ ਨੂੰ ਵੇਚਿਆ ਗਿਆ ਹੈ। ਇਸ ਸਥਾਨ ਨੂੰ ਵਰਤੋਂ ਵਿਚ ਲਿਆਉਣ ਦੀ ਯੋਜਨਾ ਹੈ। ਇਸ ਜਲ ਘਰ ਵਾਲੀ ਜਗ੍ਹਾ 'ਤੇ ਬੱਚਿਆਂ ਅਤੇ ਸੀਨੀਅਰ ਸਿਟੀਜ਼ਨਾਂ ਲਈ ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਅਗਵਾਈ ਹੇਠ ਸੁੰਦਰ ਪਾਰਕ ਬਣਾਇਆ ਜਾਵੇਗਾ, ਜਿਸ ਵਿਚ ਝੂਲੇ, ਫੁਹਾਰੇ ਆਦਿ ਲਾਏ ਜਾਣਗੇ ਕਿਉਂਕਿ ਜ਼ੀਰਾ ਸ਼ਹਿਰ ਵਿਚ ਇਸ ਤਰ੍ਹਾਂ ਦਾ ਕੋਈ ਵੀ ਪਾਰਕ ਨਹੀਂ ਹੈ। ਸ਼ਹਿਰ ਨਿਵਾਸੀਆਂ ਨੇ ਵਿਧਾਇਕ ਕੁਲਬੀਰ ਜ਼ੀਰਾ ਕੋਲ ਆਵਾਜ਼ ਉਠਾਈ ਸੀ ਅਤੇ ਨਗਰ ਕੌਂਸਲ ਵੱਲੋਂ ਇਸ ਨੂੰ ਅਮਲੀ ਰੂਪ ਦੇਣ ਲਈ ਯੋਜਨਾ ਬਣਾਈ ਜਾ ਰਹੀ ਹੈ। ਸ਼ਹਿਰ ਨਿਵਾਸੀਆਂ ਨੂੰ ਪੀਣ ਵਾਲਾ ਪਾਣੀ ਦੇਣ ਲਈ ਅੱਠ ਵੱਡੇ ਬੋਰ ਚੱਲ ਰਹੇ ਹਨ। ਜੋ ਆਪਸ ਵਿਚ ਜੁੜੇ ਹੋਏ ਹਨ ਅਤੇ ਪਾਣੀ ਦੀ ਮੁਸ਼ਕਲ ਸ਼ਹਿਰ ਨਿਵਾਸੀਆਂ ਨੂੰ ਨਹੀਂ ਆ ਰਹੀ। ਗਰਮੀ ਦੇ ਸੀਜ਼ਨ ਤੋਂ ਪਹਿਲਾਂ ਦੋ ਹੋਰ ਨਵੇਂ ਬੋਰ ਕੌਂਸਲ ਵੱਲੋਂ ਕਰਵਾਏ ਜਾਣਗੇ।