ਪਾਕਿ ਵੱਲੋਂ ਚਮੜਾ ਫੈਕਟਰੀਆਂ ਦਾ ਗੰਦਾ ਪਾਣੀ ਛੱਡਣ ਨਾਲ ਸਤਲੁਜ ਦਰਿਆ ਦਾ ਪਾਣੀ ਹੋਇਆ ਪ੍ਰਦੂਸ਼ਿਤ

Thursday, Dec 02, 2021 - 07:30 PM (IST)

ਫਿਰੋਜ਼ਪੁਰ (ਕੁਮਾਰ)-ਫਿਰੋਜ਼ਪੁਰ ’ਚ ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਸਤਲੁਜ ਦਰਿਆ ’ਚ ਪਾਕਿਸਤਾਨ ਵੱਲੋਂ ਚਮੜਾ ਫੈਕਟਰੀਆਂ ਦਾ ਗੰਦਾ ਪਾਣੀ ਛੱਡਣ ਕਾਰਨ ਦਰਿਆ ਦਾ ਪਾਣੀ ਕਾਲਾ ਹੋ ਗਿਆ ਹੈ ਅਤੇ ਦਰਿਆ ਦੇ ਆਸ-ਪਾਸ ਪੈਂਦੇ ਸਰਹੱਦੀ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ 15 ਦਿਨਾਂ ਤੋਂ ਪਾਕਿਸਤਾਨ ਵੱਲੋਂ ਦੂਸ਼ਿਤ ਪਾਣੀ ਦੀ ਸਪਲਾਈ ਛੱਡਣ ਤੋਂ ਬਾਅਦ ਪਾਣੀ ਪ੍ਰਦੂਸ਼ਿਤ ਤੇ ਜ਼ਹਿਰੀਲਾ ਹੋ ਗਿਆ ਹੈ। ਇਸ ਨਾਲ ਦਰਿਆ ’ਚ ਜੀਵ-ਜੰਤੂ ਮਰਨ ਲੱਗੇ ਹਨ। ਕੁਝ ਲੋਕਾਂ ਨੇ ਦੱਸਿਆ ਕਿ ਇਸ ਪਾਣੀ ਦੀ ਵਰਤੋਂ ਖੇਤਾਂ ’ਚ ਹੋਣ ਕਾਰਨ ਫਸਲ ’ਤੇ ਵੀ ਬੁਰਾ ਅਸਰ ਪੈਣ ਲੱਗਾ ਹੈ।

PunjabKesari

ਸਰਹੱਦੀ ਪਿੰਡ ਟੇਂਡੀ ਵਾਲਾ ਦੀਆਂ ਬਜ਼ੁਰਗ ਔਰਤਾਂ ਇੰਦਰੋ ਬੀਬੀ, ਬਲਬੀਰ ਸਿੰਘ, ਸੋਹਣ ਸਿੰਘ ਅਤੇ ਦਲੀਪ ਸਿੰਘ ਨੇ ਦੱਸਿਆ ਕਿ ਦਰਿਆ ਦੇ ਆਸ-ਪਾਸ ਪਿੰਡਾਂ ’ਚ ਰਹਿਣ ਵਾਲੇ ਲੋਕ ਚਮੜੀ, ਪੇਟ ਦੀਆਂ ਬਿਮਾਰੀਆਂ, ਦੰਦਾਂ ਦੇ ਝੜਨ ਤੇ ਬੱਚਿਆਂ ਦੀ ਚਮੜੀ ਤੇ ਹੱਥ ਖਰਾਬ ਹੋਣ ਆਦਿ ਬੀਮਾਰੀਆ ਦਾ ਸ਼ਿਕਾਰ ਹੋਣ ਲੱਗੇ ਹਨ।

PunjabKesari

ਦਰਿਆ ਦੇ ਦੂਸ਼ਿਤ ਪਾਣੀ ਕਾਰਨ ਵਾਤਾਵਰਨ ਵੀ ਦੂਸ਼ਿਤ ਹੋ ਰਿਹਾ ਹੈ ਤੇ ਟੂਟੀਆਂ ਵਿਚ ਵੀ ਗੰਦਾ ਪਾਣੀ ਆਉਣ ਲੱਗਾ ਹੈ। ਕੁਝ ਲੋਕਾਂ ਨੇ ਦੱਸਿਆ ਕਿ ਇਨ੍ਹਾਂ ਸਰਹੱਦੀ ਪਿੰਡਾਂ ’ਚ ਡਿਸਪੈਂਸਰੀਆਂ ਹਨ ਪਰ ਡਾਕਟਰ ਨਹੀਂ ਆਉਂਦੇ ਤੇ ਲੋਕਾਂ ਨੂੰ ਚਾਰ-ਪੰਜ ਦਿਨਾਂ ਬਾਅਦ ਵਾਟਰ ਵਰਕਸ ਤੋਂ ਪਾਣੀ ਦੀ ਸਪਲਾਈ ਮਿਲਦੀ ਹੈ।

PunjabKesari

ਇਹ ਵੀ ਪੜ੍ਹੋ : ਕਾਦੀਆਂ ਪਹੁੰਚੇ ਨਵਜੋਤ ਸਿੱਧੂ ਦਾ ਕੇਜਰੀਵਾਲ 'ਤੇ ਨਿਸ਼ਾਨਾ, ਖੜ੍ਹੇ ਕੀਤੇ ਵੱਡੇ ਸਵਾਲ

ਸਰਹੱਦੀ ਲੋਕਾਂ ਨੇ ਦੱਸਿਆ ਕਿ ਜ਼ਿਲ੍ਹਾ ਹੈੱਡਕੁਆਰਟਰ ਹੋਣ ਦੇ ਬਾਵਜੂਦ ਇਨ੍ਹਾਂ ਇਲਾਕਿਆਂ ’ਚ ਕਦੇ ਵੀ ਸਿਵਲ ਸਰਜਨ ਜਾਂ ਹੋਰ ਵੱਡੇ ਡਾਕਟਰਾਂ ਦੀ ਕੋਈ ਟੀਮ ਨਹੀਂ ਆਈ ਅਤੇ ਨਾ ਹੀ ਜ਼ਿਲ੍ਹਾ ਪ੍ਰਸ਼ਾਸਨ ਜਾਂ ਸਿਹਤ ਵਿਭਾਗ ਵੱਲੋਂ ਇਥੋਂ ਦੇ ਲੋਕਾਂ ਦੀ ਸਿਹਤ ਸੰਭਾਲ ਲਈ ਕੋਈ ਕੈਂਪ ਲਗਾਇਆ ਗਿਆ ਹੈ। ਸਰਹੱਦੀ ਲੋਕਾਂ ਅਨੁਸਾਰ ਗੰਦੇ ਪਾਣੀ ਦੀ ਸੇਮ ਨਾਲ ਜ਼ਮੀਨ ਵੀ ਪ੍ਰਦੂਸ਼ਿਤ ਹੋ ਰਹੀ ਹੈ।

PunjabKesari

ਵਰਣਨਯੋਗ ਹੈ ਕਿ ਅਜਿਹੇ ਗੰਦੇ ਪਾਣੀ ਨਾਲ ਖੇਤਾਂ ’ਚ ਉਗਾਈਆਂ ਫਸਲਾਂ ਆਮ ਲੋਕਾਂ ਦੀ ਸਿਹਤ ’ਤੇ ਵੀ ਮਾੜਾ ਪ੍ਰਭਾਵ ਪਾ ਸਕਦੀਆਂ ਹਨ ਅਤੇ ਲੋਕਾਂ ਨੂੰ ਲੱਗਣ ਵਾਲੀਆਂ ਵੱਡੀਆਂ ਬੀਮਾਰੀਆਂ ਦਾ ਕਾਰਨ ਵੀ ਬਣ ਸਕਦੀਆਂ ਹਨ। ਸਰਹੱਦੀ ਲੋਕਾਂ ਨੇ ਮੰਗ ਕੀਤੀ ਕਿ ਜ਼ਿਲ੍ਹਾ ਫਿਰੋਜ਼ਪੁਰ ਪ੍ਰਸ਼ਾਸਨ, ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਇਸ ਮੁੱਦੇ ਵੱਲ ਗੰਭੀਰਤਾ ਨਾਲ ਧਿਆਨ ਦੇਵੇ ਅਤੇ ਦੂਸ਼ਿਤ ਪਾਣੀ ਕਾਰਨ ਮਰ ਰਹੇ ਜੀਵ-ਜੰਤੂਆ ਤੇ ਸਰਹੱਦੀ ਲੋਕਾਂ ਦੀਆਂ ਭਿਆਨਕ ਬੀਮਾਰੀਆਂ ਤੋਂ ਬਚਿਆ ਜਾਵੇ।

ਇਹ ਵੀ ਪੜ੍ਹੋ : ਕੇਜਰੀਵਾਲ, ਚੰਨੀ ਤੇ ਅਕਾਲੀ ਦਲ ’ਚ ਝੂਠੇ ਵਾਅਦੇ ਕਰਨ ਦਾ ਚੱਲ ਰਿਹਾ ਮੁਕਾਬਲਾ : ਅਸ਼ਵਨੀ ਸ਼ਰਮਾ


Manoj

Content Editor

Related News