ਪਾਣੀ ਪੀਣ ਲਈ ਮਾਸਕ ਉਤਾਰਿਆ ਤਾਂ ਥਾਣੇਦਾਰ ਨੇ ਕੱਟਿਆ ਚਲਾਨ

06/17/2020 6:32:10 PM

ਬੁਢਲਾਡਾ (ਬਾਂਸਲ) : ਦੁਕਾਨ 'ਤੇ ਬੈਠੇ ਵਿਅਕਤੀ ਨੂੰ ਪਿਆਸ ਲੱਗਣ 'ਤੇ ਜਦੋਂ ਮਾਸਕ ਲਹਾ ਕੇ ਉਸ ਨੂੰ ਪਾਣੀ ਪਿਆਉਣ ਲੱਗਾ ਤਾਂ ਥਾਣੇਦਾਰ ਨੇ ਉਸ ਦਾ ਚਲਾਨ ਕੱਟ ਦਿੱਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਫੁਹਾਰਾ ਚੌਕ 'ਤੇ ਬੂਟਾਂ ਦੀ ਦੁਕਾਨ ਕਰਦੇ ਸੋਰਵ ਕੁਮਾਰ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਅਤਿਆਤ ਵਜੋਂ ਸਮਾਜਿਕ ਦੂਰੀ ਅਤੇ ਮਾਸਕ ਦੀ ਪਾਲਣਾ ਕਰਦਿਆਂ ਕੋਰੋਨਾ ਮਹਾਮਾਰੀ ਖਿਲਾਫ ਲੜੀ ਜਾ ਰਹੀ ਜੰਗ ਵਿਚ ਸਹਿਯੋਗ ਦੇ ਰਹੇ ਹਾਂ ਪਰ ਉਸ ਸਮੇਂ ਉਹ ਹੈਰਾਨ ਪ੍ਰੇਸ਼ਾਨ ਹੋ ਗਿਆ ਜਦੋਂ ਇਕ ਥਾਣੇਦਾਰ ਨੇ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਮਾਸਕ ਲੱਗੇ ਹੋਣ ਦੇ ਬਾਵਜੂਦ ਉਸ ਦਾ ਚਲਾਨ ਕੱਟ ਕੇ 500 ਰੁਪਏ ਦੀ ਪਰਚੀ ਹੱਥ 'ਤੇ ਰੱਖ ਦਿੱਤੀ। 

ਸ਼ਹਿਰ ਵਿਚ ਕੁਝ ਪੁਲਸ ਮੁਲਾਜ਼ਮਾਂ ਦੀ ਭੱਦੀ ਸ਼ਬਦਾਵਲੀ ਤੋਂ ਪ੍ਰੇਸ਼ਾਨ ਲੋਕਾਂ ਨੇ ਐੱਸ. ਐੱਸ. ਪੀ. ਮਾਨਸਾ ਨੂੰ ਅਪੀਲ ਕੀਤੀ ਗਈ ਸੀ ਕਿ ਚਲਾਨ ਦੀ ਆੜ ਹੇਠ ਪੁਲਸ ਦੇ ਅਕਸ ਨੂੰ ਖਰਾਬ ਕਰਨ ਵਾਲੇ ਅਜਿਹੇ ਲੋਕਾਂ ਨੂੰ ਨੱਥ ਪਾਈ ਜਾਵੇ। ਨਗਰ ਸੁਧਾਰ ਸਭਾ, ਜਰਨਲ ਮਰਚੈਟਸ ਅਤੇ ਗਾਰਮੈਂਟ ਨੇ ਇਸ ਸੰਬੰਧੀ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਦਿੱਤਾ ਜਾ ਚੁੱਕਿਆ ਹੈ। ਇਸ ਸੰਬੰਧੀ ਐੱਸ. ਐੱਚ. ਓ. ਸਿਟੀ ਇੰਸ. ਗੁਰਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਸਕ ਅਤੇ ਸਮਾਜਿਕ ਦੂਰੀ ਦੀ ਪਾਲਣਾ ਇਸ ਮਹਾਮਾਰੀ ਵਿਚ ਆਮ ਲੋਕਾਂ ਨੂੰ ਸੁਰੱਖਿਅਤ ਕਰਨ ਲਈ ਜ਼ਰੂਰੀ ਹੈ ਪਰੰਤੂ ਪੁਲਸ ਦੇ ਕਿਸੇ ਵੀ ਮੁਲਾਜ਼ਮ ਨੂੰ ਭੱਦੀ ਸ਼ਬਦਾਵਲੀ ਵਰਤਣ ਦਾ ਅਧਿਕਾਰ ਨਹੀਂ ਹੈ। ਉਹ ਇਸ ਮਾਮਲੇ ਦੀ ਜਾਂਚ ਕਰਨਗੇ। ਉਨ੍ਹਾਂ ਸ਼ਹਿਰ ਦੇ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕੋਰੋਨਾ ਮਹਾਮਾਰੀ ਖਿਲਾਫ ਲੜੀ ਜਾ ਰਹੀ ਲੜਾਈ ਵਿਚ ਸਹਿਯੋਗ ਦੇਣ ਲਈ ਕਿਹਾ।


Gurminder Singh

Content Editor

Related News