''ਸਿੱਧੂ ਸਾਹਿਬ ਹਰੀਕੇ ਪੱਤਣ ਤਾਂ ਕਾਮਯਾਬੀ ਨਹੀਂ ਮਿਲੀ, ਮੋਗਾ ''ਚ ਜਲ ਬੱਸਾਂ ਚਲਾ ਕੇ ਦੇਖ ਲਓ'' (ਤਸਵੀਰਾਂ)

Friday, Jun 23, 2017 - 01:01 PM (IST)


ਮੋਗਾ(ਪਵਨ ਗਰੋਵਰ/ਗੋਪੀ ਰਾਊਕੇ)-ਲਗਭਗ 5 ਸਾਲ ਪਹਿਲਾਂ ਲੁਧਿਆਣਾ-ਮੋਗਾ-ਫਿਰੋਜ਼ਪੁਰ ਨੈਸ਼ਨਲ ਹਾਈਵੇ ਨੂੰ ਚਾਰ-ਮਾਰਗੀ ਕਰਨ ਦਾ ਕੰਮ ਸ਼ੁਰੂ ਹੋਣ ਸਮੇਂ ਲੋਕਾਂ 'ਚ ਇਹ ਉਮੀਦ ਜਾਗੀ ਸੀ ਕਿ ਸ਼ਾਇਦ ਹੁਣ ਸ਼ਹਿਰ ਦਾ ਵਿਕਾਸ ਹੋਵੇਗਾ ਪਰ ਹਾਈਵੇ ਦਾ ਕੰਮ ਹੌਲੀ ਰਫ਼ਤਾਰ ਨਾਲ ਹੋਣ ਨਾਲ ਜਿੱਥੇ ਸ਼ਹਿਰ ਵਾਸੀਆਂ ਦਾ ਜਿਊਣਾ ਦੁੱਭਰ ਹੋ ਗਿਆ ਹੈ, ਉੱਥੇ ਹੀ ਮੀਂਹ ਕਾਰਨ ਸੜਕਾਂ 'ਤੇ ਝੀਲ ਦੇ ਰੂਪ 'ਚ ਖੜ੍ਹਾ ਗੰਦਾ ਪਾਣੀ ਲੋਕਾਂ ਲਈ ਪ੍ਰੇਸ਼ਾਨੀਆਂ ਦਾ ਸਬੱਬ ਬਣਿਆ ਹੋਇਆ ਹੈ। 
ਮੌਸਮ ਦੇ ਪਏ ਪਹਿਲੇ ਮੀਂਹ ਨੇ ਸੜਕਾਂ ਨੂੰ ਵੱਡੇ ਟੋਇਆਂ ਦਾ ਰੂਪ ਦੇ ਦਿੱਤਾ ਸੀ ਪਰ ਮਾਮਲਾ ਮੀਡੀਆ ਤੇ ਸੁਰਖ਼ੀਆਂ 'ਚ ਆਉਣ ਤੋਂ ਬਾਅਦ ਸੜਕ ਨਿਰਮਾਣ ਵਾਲੀ ਕੰਪਨੀ ਨੇ ਸੜਕਾਂ ਦੇ ਟੋਏ ਤਾਂ ਭਰ ਦਿੱਤੇ ਪਰ ਬੀਤੀ ਰਾਤ ਤੋਂ ਪੈ ਰਿਹਾ ਲਗਾਤਾਰ ਮੀਂਹ ਨੇ ਹੋਰ ਕਈ ਸਥਾਨਾਂ 'ਤੇ ਸੜਕਾਂ 'ਚ ਵੱਡੇ ਟੋਏ ਪਾ ਦਿੱਤੇ ਹਨ, ਜਿਸ ਕਾਰਨ ਅੱਜ ਮੇਨ ਹਾਈਵੇ 'ਤੇ ਚਾਰ ਥਾਵਾਂ ਉਪਰ ਵਾਹਨ ਧਸ ਗਏ। ਅਜਿਹੀ ਸਥਿਤੀ 'ਚ ਸੜਕ 'ਤੇ ਲੰਮੇ ਜਾਮ ਲੱਗ ਗਏ ਅਤੇ ਦੁਪਹਿਰ ਤੱਕ ਵੀ ਲੋਕ ਸੜਕਾਂ 'ਚ ਧਸੇ ਹੋਏ ਵਾਹਨਾਂ ਨੂੰ ਕੱਢਣ ਲਈ ਰੁੱਝੇ ਹੋਏ ਸਨ। ਇਸ ਤੋਂ ਇਲਾਵਾ ਮੋਗਾ ਸ਼ਹਿਰ ਦੇ ਅੰਮ੍ਰਿਤਸਰ ਰੋਡ ਅਤੇ ਬੱਸ ਸਟੈਂਡ ਦੇ ਬਾਹਰ ਭਾਰੀ ਮਾਤਰਾ 'ਚ ਪਾਣੀ ਜਮ੍ਹਾ ਹੋ ਗਿਆ। 
ਸ਼ਹਿਰ ਦਾ ਮੇਨ ਬਾਜ਼ਾਰ, ਦੱਤ ਰੋਡ, ਦੁਸਾਂਝ ਰੋਡ, ਨਿਊ ਟਾਊਨ, ਗੋਧੇਵਾਲਾ ਸਟੇਡੀਅਮ ਰੋਡ, ਨਾਨਕ ਨਗਰੀ, ਅਕਾਲਸਰ ਰੋਡ, ਪਹਾੜਾ ਸਿੰਘ ਚੌਕ, ਲਾਲ ਸਿੰਘ ਰੋਡ ਆਦਿ ਸੜਕਾਂ 'ਤੇ ਵੀ ਭਾਰੀ ਮੀਂਹ ਪੈਣ ਨਾਲ ਲੋਕਾਂ ਦੇ ਘਰਾਂ 'ਚ ਪਾਣੀ ਦਾਖਲ ਹੋ ਗਿਆ। ਸ਼ਹਿਰ ਦੀ ਇਸ ਬਦਤਰ ਹਾਲਤ 'ਤੇ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਸੀ. ਏ. ਪ੍ਰੇਮ ਸਿੰਗਲ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਕਰੋੜਾਂ ਰੁਪਏ ਖਰਚ ਕਰ ਕੇ ਹਰੀਕੇ ਪੱਤਣ ਝੀਲ 'ਚ ਜਲ ਬੱਸਾਂ ਦਾ ਟਰਾਇਲ ਸ਼ੁਰੂ ਕੀਤਾ ਸੀ, ਜੋ ਕਿ ਕਾਮਯਾਬ ਨਹੀਂ ਹੋ ਸਕਿਆ। 
ਉਨ੍ਹਾਂ ਕਿਹਾ ਕਿ ਅੱਜ ਮੋਗਾ ਦੀ ਹਾਲਤ ਇੰਨੀ ਬਦ ਤੋਂ ਬਦਤਰ ਹੋ ਚੁੱਕੀ ਹੈ ਕਿ ਲੋਕਾਂ ਦਾ ਪੈਦਲ ਤੁਰਨਾ ਵੀ ਮੁਸ਼ਕਿਲ ਹੋ ਚੁੱਕਾ ਹੈ। ਉਨ੍ਹਾਂ ਪੰਜਾਬ ਦੇ ਸਥਾਨਕ ਸਰਕਾਰਾਂ ਵਾਲੇ ਮੰਤਰੀ ਨਵਜੋਤ ਸਿੰਘ ਸਿੱਧੂ ਤੋਂ ਮਜ਼ਾਕੀਆ ਅੰਦਾਜ਼ 'ਚ ਮੰਗ ਕੀਤੀ ਕਿ 'ਸਿੱਧੂ ਸਾਹਿਬ ਹਰੀਕੇ ਪੱਤਣ ਤਾਂ ਕਾਮਯਾਬੀ ਨਹੀਂ ਮਿਲੀ, ਮੋਗਾ 'ਚ ਜਲ ਬੱਸਾਂ ਚਲਾ ਕੇ ਦੇਖ ਲਓ'।


Related News