ਕਮਿਊਨਿਟੀ ਸੈਂਟਰ ’ਤੇ ਸੀ. ਐੈੱਮ. ਸਕਿਓਰਿਟੀ ਦਾ ਕਬਜ਼ਾ!
Monday, Jul 09, 2018 - 02:13 AM (IST)

ਪਟਿਆਲਾ, (ਰਾਜੇਸ਼ ਪੰਜੌਲਾ)- ਇੰਪਰੂਵਮੈਂਟ ਟਰੱਸਟ ਨੇ ਜਿਸ ਸਮੇਂ ਵਾਰਡ ਨੰਬਰ 29 ਵਿਚ ਪੈਂਦਾ ਐੈੱਸ. ਐੈੱਸ. ਟੀ. ਨਗਰ ਵਸਾਇਆ ਸੀ, ਉਸ ਸਮੇਂ ਇਥੋਂ ਦੇ ਲੋਕਾਂ ਦੀ ਸਹੂਲਤ ਲਈ ਕਮਿਊਨਿਟੀ ਸੈਂਟਰ ਦਾ ਨਿਰਮਾਣ ਕੀਤਾ ਗਿਆ ਸੀ ਤਾਂ ਕਿ ਟਰੱਸਟ ਤੋਂ ਇੱਥੇ ਪਲਾਟ ਲੈ ਕੇ ਘਰ ਬਣਾਉਣ ਵਾਲੇ ਲੋਕਾਂ ਨੂੰ ਆਪਣੇ ਸਮਾਜਕ ਕਾਰਜ ਸੰਪੂਰਨ ਕਰਨ ਲਈ ਐੈੱਸ. ਐੈੱਸ. ਟੀ. ਨਗਰ ਵਿਚ ਹੀ ਸਹੂਲਤਾਂ ਮੁਹੱਈਆ ਹੋ ਸਕਣ। ਜਦੋਂ ਤੋਂ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਬਣੀ ਹੈ, ਲੋਕਾਂ ਦੀ ਇਸ ਸਹੂਲਤ ਨੂੰ ਗ੍ਰਹਿਣ ਲੱਗ ਗਿਆ ਹੈ। ਸੀ. ਐੈੱਮ. ਸਕਿਓਰਿਟੀ ਨੇ ਇਸ ਕਮਿਊਨਿਟੀ ਸੈਂਟਰ ’ਤੇ ਨਾਜਾਇਜ਼ ਕਬਜ਼ਾ ਕਰ ਲਿਆ ਹੈ। ਇਕ ਹਜ਼ਾਰ ਤੋਂ ਵੱਧ ਘਰ ਇਸ ਦੀ ਸਹੂਲਤ ਤੋਂ ਵਾਂਝੇ ਹੋ ਗਏ ਹਨ।
1980 ’ਚ ਸਕੀਮ ਲਾਂਚ ਸਮੇਂ ਕਮਿਊਨਿਟੀ ਸੈਂਟਰ ਲਈ ਰੱਖੀ ਸੀ ਜ਼ਮੀਨ
ਐੈੱਸ. ਐੈੱਸ. ਟੀ. ਨਗਰ ਕੁੱਲ 180 ਏਕਡ਼ ਵਿਚ ਵਸਿਆ ਹੋਇਆ ਹੈ। ਟਰੱਸਟ ਨੇ ਸਾਲ 1980 ਵਿਚ ਇਸ ਸਕੀਮ ਦਾ ਨਿਰਮਾਣ ਕੀਤਾ ਸੀ ਅਤੇ 1997 ਤੱਕ ਇਹ ਸਕੀਮ ਪੂਰੀ ਤਰ੍ਹਾਂ ਡਿਵੈਲਪ ਹੋ ਗਈ ਸੀ। ਮੌਜੂਦਾ ਸਮੇਂ ਇਸ ਵਿਚ ਕੁੱਲ 1292 ਘਰ ਹਨ। ਸ਼ਹਿਰ ਦੀ ਅਬਾਦੀ ਵਧਣ ਤੋਂ ਬਾਅਦ ਟਰੱਸਟ ਨੇ ਇਹ ਰੈਜ਼ੀਡੈਂਸ਼ੀਅਲ ਸਕੀਮ ਬਣਾਈ ਸੀ। ਲੋਕਾਂ ਨੂੰ ਲੁਭਾਉਣ ਵਾਸਤੇ ਹੀ ਇੱਥੇ ਇਕ ਕਮਿਊਨਿਟੀ ਸੈਂਟਰ ਦੀ ਸਾਈਟ ਰੱਖੀ ਸੀ। ਇਸ ਦਾ ਨਿਰਮਾਣ ਵੀ ਟਰੱਸਟ ਨੇ ਖੁਦ ਕੀਤਾ ਸੀ।
ਇਕ ਪ੍ਰੋਗਰਾਮ ਦਾ 15 ਹਜ਼ਾਰ ਰੁਪਏ ਕਿਰਾਇਆ ਲੈਂਦਾ ਸੀ ਟਰੱਸਟ
ਇਥੇ ਵਿਆਹ, ਮੰਗਣੀ ਜਾਂ ਫਿਰ ਹੋਰ ਕੋਈ ਵੀ ਸਮਾਜਕ ਪ੍ਰੋਗਰਾਮ ਕਰਨ ਵਾਸਤੇ ਟਰੱਸਟ 15 ਹਜ਼ਾਰ ਦੇ ਚਾਰਜਜ਼ ਲੈ ਕੇ ਪ੍ਰੋਗਰਾਮ ਵਾਸਤੇ ਕਮਿਊਨਿਟੀ ਸੈਂਟਰ ਦਾ ਹਾਲ ਬੁੱਕ ਕਰਦਾ ਸੀ। ਪਿਛਲੇ ਦੋ ਦਹਾਕਿਆਂ ਤੋਂ ਖੇਤਰ ਦੇ ਲੋਕ ਇਸ ਸੈਂਟਰ ਦਾ ਫਾਇਦਾ ਲੈ ਰਹੇ ਸਨ ਕਿਉਂਕਿ ਇਸ ਵਿਚ 2 ਵੱਡੇ ਹਾਲ ਬਣੇ ਹੋਏ ਸਨ, ਜਿਨ੍ਹਾਂ ਵਿਚ ਲੋਕ ਆਪਣੇ ਪ੍ਰੋਗਰਾਮ ਆਸਾਨੀ ਨਾਲ ਕਰ ਲੈਂਦੇ ਸਨ। ਜੋ ਪ੍ਰੋਗਰਾਮ ਪ੍ਰਾਈਵੇਟ ਪੈਲੇਸ ਵਿਚ 2 ਲੱਖ ਰੁਪਏ ਦਾ ਖਰਚ ਕਰ ਕੇ ਹੁੰਦਾ ਹੈ, ਉਹ ਇਸ ਕਮਿਊਨਿਟੀ ਸੈਂਟਰ ਵਿਚ 15 ਹਜ਼ਾਰ ਰੁਪਏ ਵਿਚ ਹੋ ਜਾਂਦਾ ਸੀ। ਪਿਛਲੇ 1 ਸਾਲ ਤੋਂ ਇਸ ਕਮਿਊਨਿਟੀ ਸੈਂਟਰ ’ਤੇ ਮੁੱਖ ਮੰਤਰੀ ਦੀ ਸੁਰੱਖਿਆ ਵਿਚ ਤਾਇਨਾਤ ਪੁਲਸ ਨੇ ਕਬਜ਼ਾ ਕੀਤਾ ਹੋਇਆ ਹੈ। ਟਰੱਸਟ ਨੇ ਇਸ ਦੀ ਬੁਕਿੰਗ ਬੰਦ ਕੀਤੀ ਹੋਈ ਹੈ। ਸਮਾਜਕ ਪ੍ਰੋਗਰਾਮ ਕਰਨ ਲਈ ਆਪਣੀ ਕਾਲੋਨੀ ਤੋਂ ਬਾਹਰ ਬਣੇ ਪ੍ਰਾਈਵੇਟ ਮੈਰਿਜ ਪੈਲੇਸਾਂ ਵਿਚ ਜਾਣਾ ਪੈਂਦਾ ਹੈ।
ਟਰੱਸਟ ਨੂੰ ਲੱਗ ਰਿਹੈ ਚੂਨਾ
ਜਿੱਥੇ ਐੈੱਸ. ਐੈੱਸ. ਟੀ. ਨਗਰ ਦੇ ਲੋਕਾਂ ਨੂੰ ਇਸ ਸਹੂਲਤ ਤੋਂ ਵਾਂਝਾ ਹੋਣਾ ਪੈ ਰਿਹਾ ਹੈ, ਉਥੇ ਇੰਪਰੂਵਮੈਂਟ ਟਰੱਸਟ ਨੂੰ ਵੀ ਵਿੱਤੀ ਚੂਨਾ ਲੱਗ ਰਿਹਾ ਹੈ। ਬੁਕਿੰਗ ਬੰਦ ਹੋਣ ਨਾਲ ਟਰੱਸਟ ਦੀ ਆਮਦਨ ਤਾਂ ਬੰਦ ਹੋ ਗਈ ਪਰ ਕਮਿਊਨਿਟੀ ਸੈਂਟਰ ਨੂੰ ਚਲਾਉਣ ਲਈ ਟਰੱਸਟ ਵੱਲੋਂ ਖਰਚ ਕੀਤਾ ਜਾ ਰਿਹਾ ਹੈ। ਹਰ ਮਹੀਨੇ 15 ਹਜ਼ਾਰ ਤੋਂ ਜ਼ਿਆਦਾ ਬਿਜਲੀ ਦਾ ਬਿੱਲ ਹੀ ਭਰਨਾ ਪੈਂਦਾ ਹੈ। ਇਸ ਤੋਂ ਇਲਾਵਾ ਮੇਨਟੀਨੈਂਸ ’ਤੇ ਵੀ ਖਰਚਾ ਕਰਨਾ ਪੈਂਦਾ ਹੈ। ਪਹਿਲਾਂ ਇਸ ਤੋਂ ਹੋਣ ਵਾਲੀ ਆਮਦਨ ਨਾਲ ਹੀ ਸਮੁੱਚੇ ਖਰਚੇ ਨਿਕਲ ਜਾਂਦੇ ਸਨ। ਅਕਸਰ ਹੀ ਇਸ ਕਮਿਊਨਿਟੀ ਸੈਂਟਰ ਵਿਚ ਕਿਸੇ ਨੇ ਕਿਸੇ ਪ੍ਰੋਗਰਾਮ ਦੀ ਬੁਕਿੰਗ ਰਹਿੰਦੀ ਸੀ, ਜਿਸ ਕਾਰਨ ਟਰੱਸਟ ਨੂੰ ਇਸ ਨਾਲ ਕਾਫੀ ਕਮਾਈ ਹੁੰਦੀ ਸੀ।
ਪੁਲਸ ਵਿਭਾਗ ਵੱਲੋਂ ਟਰੱਸਟ ਨੂੰ ਨਹੀਂ ਦਿੱਤੇ ਜਾ ਰਹੇ ਚਾਰਜਿਜ਼
ਨਿਯਮਾਂ ਮੁਤਾਬਕ ਪੁਲਸ ਵਿਭਾਗ ਨੂੰ ਇਸ ਕਮਿਊਨਿਟੀ ਸੈਂਟਰ ਦਾ ਇਸਤੇਮਾਲ ਕਰਨ ’ਤੇ ਇੰਪਰੂਵਮੈਂਟ ਟਰੱਸਟ ਨੂੰ ਚਾਰਜਜ਼ ਦੇਣੇ ਬਣਦੇ ਹਨ। ਉਨ੍ਹਾਂ ਵੱਲੋਂ ਅਜਿਹਾ ਨਹੀਂ ਕੀਤਾ ਜਾ ਰਿਹਾ। ਆਮ ਤੌਰ ’ਤੇ ਚਾਰਜਜ਼ ਨਾ ਦੇਣ ਕਾਰਨ ਲੋਕਾਂ ਨੂੰ ਨੋਟਿਸ ਕੱਢਣ ਵਾਲੇ ਟਰੱਸਟ ਵੱਲੋਂ ਕਦੇ ਵੀ ਪੁਲਸ ਵਿਭਾਗ ਨੂੰ ਇਸ ਦਾ ਬਿੱਲ ਬਣਾ ਕੇ ਨਹੀਂ ਭੇਜਿਆ ਜਾ ਰਿਹਾ। ਇੰਪਰੂਵਮੈਂਟ ਟਰੱਸਟ ਦੇ ਅਧਿਕਾਰੀਆਂ ’ਤੇ ਆਡਿਟ ਵਿਭਾਗ ਵੀ ਕਾਰਵਾਈ ਕਰ ਸਕਦਾ ਹੈ।
ਪੁਲਸ ਵੱਲੋਂ ਲੋਕਾਂ ਲਈ ਬਣਾਏ ਗਏ ਇਸ ਕਮਿਊਨਿਟੀ ਸੈਂਟਰ ’ਤੇ ਨਾਜਾਇਜ਼ ਕਬਜ਼ਾ ਕਰਨਾ ਮੰਦਭਾਗਾ ਹੈ। ਮੈਂ ਆਪਣੇ ਪੋਤੇ ਦਾ ਜਨਮ-ਦਿਨ ਇੱਥੇ ਮਨਾਇਆ ਸੀ। ਖੇਤਰ ਦੇ ਲੋਕ ਆਪਣੇ ਜ਼ਿਆਦਾਤਰ ਪ੍ਰੋਗਰਾਮ ਇਥੇ ਕਰਦੇ ਸਨ। ਜਦੋਂ ਤੋਂ ਕਾਂਗਰਸ ਸਰਕਾਰ ਬਣੀ ਹੈ, ਲੋਕਾਂ ਤੋਂ ਇਹ ਸਹੂਲਤ ਵੀ ਖੋਹ ਲਈ ਗਈ ਹੈ। ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਸ਼ਹਿਰ ਵਾਸੀਅਾਂ ਨੂੰ ਹੋਰ ਸਹੂਲਤਾਂ ਮੁਹੱਈਆ ਕਰਵਾਉਣ, ਨਾ ਕਿ ਪਹਿਲਾਂ ਤੋਂ ਹੀ ਮਿਲੀਅਾਂ ਹੋਈਆਂ ਖੋਹੀਆਂ ਜਾਣ।
–ਕੇ. ਕੇ. ਸਚਦੇਵਾ, ਪ੍ਰੈੈੱਸ ਸਕੱਤਰ
ਐੈੱਸ. ਐੈੱਸ. ਟੀ. ਹਾਈਟਸ ਵੈੈੱਲਫੇਅਰ ਸੋਸਾਇਟੀ ਕਮਿਊਨਿਟੀ ਸੈਂਟਰ ਐੈੱਸ. ਐੈੱਸ. ਟੀ. ਨਗਰ ਦੇ 1292 ਘਰਾਂ ਲਈ ਇਕ ਵੱਡੀ ਸਹੂਲਤ ਸੀ। ਇਸ ਨੂੰ ਬਹਾਲ ਰੱਖਣਾ ਚਾਹੀਦਾ। ਸ਼ਹਿਰ ਵਿਚ ਕਈ ਸਰਕਾਰੀ ਬਿਲਡਿੰਗਾਂ ਖਾਲੀ ਪਈਆਂ ਹਨ। ਸੀ. ਐੈੱਮ. ਸਕਿਓਰਿਟੀ ਦਾ ਇੰਤਜ਼ਾਮ ਕਿਸੇ ਹੋਰ ਸਰਕਾਰੀ ਬਿਲਡਿੰਗ ਜਾਂ ਖਾਲੀ ਪਏ ਕੁਆਰਟਰਾਂ ਵਿਚ ਕਰ ਦੇਣਾ ਚਾਹੀਦਾ। ਮਹਿੰਗਾਈ ਦੇ ਇਸ ਦੌਰ ਵਿਚ ਆਮ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਸਹੂਲਤਾਂ ਦੀ ਜ਼ਿਆਦਾ ਲੋਡ਼ ਹੈ।
–ਰਾਜਿੰਦਰ ਬਾਂਸਲ, ਰੈਜ਼ੀਡੈਂਟ ਐੈੱਸ. ਐੈੱਸ. ਟੀ. ਨਗਰ
ਇਹ ਕਮਿਊਨਿਟੀ ਸੈਂਟਰ ਲੋਕਾਂ ਦੀ ਸਹੂਲਤ ਲਈ ਬਣਾਇਆ ਗਿਆ ਸੀ। ਇਸ ਗੱਲ ਦੀ ਜਾਣਕਾਰੀ ਮੁੱਖ ਮੰਤਰੀ ਨੂੰ ਵੀ ਨਹੀਂ ਹੋਵੇਗੀ ਕਿ ਉਨ੍ਹਾਂ ਦੀ ਸਕਿਓਰਿਟੀ ਨੇ ਇੱਥੇ ਕਬਜ਼ਾ ਕੀਤਾ ਹੋਇਆ ਹੈ। ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਪੁਲਸ ਲਾਈਨ ਵਿਚ ਬਣੇ ਕੁਆਰਟਰਾਂ ਜਾਂ ਫਿਰ ਬਿਜਲੀ ਬੋਰਡ ਜਾਂ ਹੋਰ ਕਿਸੇ ਵਿਭਾਗ ਦੇ ਖਾਲੀ ਕੁਆਰਟਰਾਂ ਵਿਚ ਸਕਿਓਰਿਟੀ ਦਾ ਇੰਤਜ਼ਾਮ ਕਰਨ।
ਸੀ. ਐੈੱਮ. ਹਾਊਸ ਦੇ ਬਿਲਕੁੱਲ ਨੇਡ਼ੇ ਹੀ ਪੀ. ਡਬਲਿਊ. ਡੀ. ਵੱਲੋਂ ਬਣਾਏ ਗਏ ਨਵੇਂ ਕੁਆਰਟਰ ਖਾਲੀ ਪਏ ਹਨ। ਉਨ੍ਹਾਂ ਵਿਚੋਂ ਇਕ ਬਲਾਕ ਸਕਿਓਰਿਟੀ ਨੂੰ ਅਲਾਟ ਕੀਤਾ ਜਾ ਸਕਦਾ ਸੀ। ਖੇਤਰ ਦੇ ਲੋਕਾਂ ਦੀ ਸਹੂਲਤ ਲਈ ਇਸ ਕਮਿਊਨਿਟੀ ਸੈਂਟਰ ਨੂੰ ਖਾਲੀ ਕਰਨਾ ਚਾਹੀਦਾ ਤਾਂ ਕਿ ਉਹ ਆਪਣੇ ਛੋਟੇ-ਮੋਟੇ ਪ੍ਰੋਗਰਾਮ ਇਥੇ ਘੱਟ ਖਰਚ ਵਿਚ ਕਰ ਸਕਣ। –ਸੁਨੀਤਾ ਗੁਪਤਾ, ਕੌਂਸਲਰ ਵਾਰਡ ਨੰਬਰ 29
ਮੈਂ ਇਸ ਸਬੰਧੀ ਖੇਤਰ ਦੇ ਵਿਧਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਨਾਲ ਗੱਲ ਕਰਾਂਗਾ। ਇਸ ਕਮਿਊਨਿਟੀ ਸੈਂਟਰ ਨੂੰ ਲੋਕਾਂ ਲਈ ਖਾਲੀ ਕਰਵਾਇਆ ਜਾਵੇਗਾ। ਹਾਲੇ ਤੱਕ ਇਸ ਦੀ ਸੂਚਨਾ ਮੁੱਖ ਮੰਤਰੀ ਜਾਂ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੂੰ ਨਹੀਂ ਹੈ। ਉਨ੍ਹਾਂ ਨਾਲ ਗੱਲ ਕਰ ਕੇ ਇਸ ਸਮੱਸਿਆ ਦਾ ਹੱਲ ਕੱਢਿਆ ਜਾਵੇਗਾ। ਲੋਕਾਂ ਨੂੰ ਮਿਲੀ ਇਸ ਸਹੂਲਤ ਨੂੰ ਬਹਾਲ ਕਰਵਾਇਆ ਜਾਵੇਗਾ।
–ਸ਼ੀਸ਼ਪਾਲ ਮਿੱਤਲ, ਪ੍ਰਧਾਨ ਐੈੱਸ. ਐੈੱਸ. ਟੀ. ਨਗਰ ਵੈੈੱਲਫੇਅਰ ਐਸੋਸੀਏਸ਼ਨ