ਮੌਸਮ ਵਿਭਾਗ ਵੱਲੋਂ ਪੰਜਾਬ ਵਿਚ ਭਾਰੀ ਮੀਂਹ ਦੀ ਚਿਤਾਵਨੀ, ਇਨ੍ਹਾਂ ਤਾਰੀਖ਼ਾਂ ਨੂੰ ਸੋਚ ਸਮਝ ਕੇ ਨਿਕਲਿਓ ਘਰੋਂ ਬਾਹਰ

Wednesday, Jul 31, 2024 - 06:21 PM (IST)

ਮੌਸਮ ਵਿਭਾਗ ਵੱਲੋਂ ਪੰਜਾਬ ਵਿਚ ਭਾਰੀ ਮੀਂਹ ਦੀ ਚਿਤਾਵਨੀ, ਇਨ੍ਹਾਂ ਤਾਰੀਖ਼ਾਂ ਨੂੰ ਸੋਚ ਸਮਝ ਕੇ ਨਿਕਲਿਓ ਘਰੋਂ ਬਾਹਰ

ਚੰਡੀਗੜ੍ਹ/ਜਲੰਧਰ (ਪੁਨੀਤ) : ਅੱਤ ਦੀ ਗਰਮੀ ਦੌਰਾਨ ਭਾਵੇਂ ਸੂਬੇ ਵਿਚ ਕਈ ਥਾਈਂ ਰੁਕ ਰੁਕ ਕੇ ਬਾਰਿਸ਼ ਹੋ ਰਹੀ ਹੈ ਪਰ ਇਸ ਦੇ ਬਾਵਜੂਦ ਹੁੰਮਸ ਭਰੀ ਗਰਮੀ ਨਾਲ ਲੋਕਾਂ ਦਾ ਤ੍ਰਾਹ ਨਿਕਲਿਆ ਪਿਆ ਹੈ। ਦੂਜੇ ਪਾਸੇ ਸੂਬੇ ਵਿਚ ਮੀਂਹ ਤੋਂ ਬਾਅਦ ਤਾਪਮਾਨ ਵਿਚ ਹਲਕੀ ਗਿਰਾਵਟ ਦਰਜ ਹੋਈ ਹੈ, ਜਿਸ ਨਾਲ ਜਨਤਾ ਨੂੰ ਗਰਮੀ ਤੋਂ ਮਾਮੂਲੀ ਰਾਹਤ ਮਿਲੀ ਹੈ। ਮੌਸਮ ਵਿਗਿਆਨ ਵਿਭਾਗ ਵੱਲੋਂ ਉੱਤਰ ਭਾਰਤ ਦੇ ਕਈ ਸੂਬਿਆਂ ਵਿਚ ਮੀਂਹ ਸਬੰਧੀ ਚਿਤਾਵਨੀ ਦਿੱਤੀ ਗਈ ਹੈ ਅਤੇ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ। ਪੰਜਾਬ, ਹਿਮਾਚਲ ਅਤੇ ਹਰਿਆਣਾ ਵਿਚ 31 ਜੁਲਾਈ ਅਤੇ 1 ਅਗਸਤ ਨੂੰ ਭਾਰੀ ਮੀਂਹ ਸਬੰਧੀ ਔਰੇਂਜ ਅਲਰਟ ਦੱਸਿਆ ਗਿਆ ਹੈ, ਜਦੋਂ ਕਿ 2 ਅਗਸਤ ਨੂੰ ਯੈਲੋ ਅਲਰਟ ਰਹੇਗਾ। ਪੰਜਾਬ ਵਿਚ ਪਿਛਲੇ ਕੁਝ ਦਿਨਾਂ ਤੋਂ ਮਾਨਸੂਨ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਅਤੇ ਮੀਂਹ ਰਾਹਤ ਬਣ ਕੇ ਵਰ੍ਹ ਰਿਹਾ ਹੈ। 

ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ ਵਿਚ ਭਲਕੇ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ, ਕਾਲਜ

ਮੰਗਲਵਾਰ ਸਵੇਰ ਤੋਂ ਪੰਜਾਬ ਵਿਚ ਹੁੰਮਸ ਭਰੀ ਗਰਮੀ ਦਾ ਕਹਿਰ ਜਾਰੀ ਸੀ ਪਰ ਬਾਅਦ ਦੁਪਹਿਰ ਪਏ ਮੀਂਹ ਕਰਕੇ ਮੌਸਮ ਵਿਚ ਹਲਕੀ ਤਬਦੀਲੀ ਮਹਿਸੂਸ ਕੀਤੀ ਗਈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਜਧਾਨੀ ਚੰਡੀਗੜ੍ਹ ਵਿਚ 30 ਐੱਮਐੱਮ ਮੀਂਹ ਪਿਆ। ਇਸ ਤੋਂ ਇਲਾਵਾ ਪਟਿਆਲਾ ਵਿਚ 4 ਐੱਮਐੱਮ, ਮੋਗਾ ਵਿਚ 2, ਪਠਾਨਕੋਟ ਵਿਚ 7.2 ਫ਼ਤਹਿਗੜ੍ਹ ਸਾਹਿਬ ਅਤੇ ਰੋਪੜ ਵਿਚ ਡੇਢ ਐੱਮਐੱਮ ਮੀਂਹ ਪਿਆ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਦਾ ਹਵਾਈ ਅੱਡਾ ਸਭ ਤੋਂ ਗਰਮ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 39.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ 4.4 ਡਿਗਰੀ ਸੈਲਸੀਅਸ ਵੱਧ ਰਿਹਾ ਹੈ। ਇਸੇ ਤਰ੍ਹਾਂ ਚੰਡੀਗੜ੍ਹ ਵਿਚ 36.2 ਡਿਗਰੀ ਸੈਲਸੀਅਸ, ਅੰਮ੍ਰਿਤਸਰ ਵਿਚ 38.1, ਲੁਧਿਆਣਾ ਵਿਚ 36.2, ਪਟਿਆਲਾ ਵਿਚ 36.3, ਪਠਾਨਕੋਟ ਵਿਚ 38.3, ਗੁਰਦਾਸਪੁਰ ਵਿਚ 38, ਨਵਾਂ ਸ਼ਹਿਰ ਵਿਚ 35.9, ਬਰਨਾਲਾ ਵਿਚ 37.4, ਫ਼ਤਹਿਗੜ੍ਹ ਸਾਹਿਬ ਵਿਚ 36.1 ਅਤੇ ਫਿਰੋਜ਼ਪੁਰ ਵਿਚ 39 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ : ਅਕਾਲੀ ਦਲ ਦੀ ਵੱਡੀ ਕਾਰਵਾਈ, ਬੀਬੀ ਜਗੀਰ ਕੌਰ, ਪ੍ਰੇਮ ਸਿੰਘ ਚੰਦੂਮਾਜਰਾ ਸਣੇ 8 ਆਗੂਆਂ ਨੂੰ ਪਾਰਟੀ 'ਚੋਂ ਕੱਢਿਆ

ਦੂਜੇ ਪਾਸੇ ਹਿਮਾਚਲ ਦੇ ਮਣੀਕਰਨ (ਤੋਸ਼) ਵਿਚ ਬੱਦਲ ਫਟਣ ਨਾਲ ਦੁਕਾਨਾਂ ਅਤੇ ਹੋਟਲ ਨੂੰ ਨੁਕਸਾਨ ਪੁੱਜਾ। ਇਸ ਕਾਰਨ ਪੁਲ ਅਤੇ ਦੁਕਾਨਾਂ ਵਹਿ ਗਈਆਂ। ਦੂਜੇ ਪਾਸੇ ਪਲਚਾਨ ਨੇੜੇ ਲੇਹ-ਮਨਾਲੀ ਹਾਈਵੇਅ ਫਿਰ ਤੋਂ ਬੰਦ ਹੋ ਗਿਆ ਹੈ। ਮੀਂਹ ਤੋਂ ਬਾਅਦ ਹਾਈਵੇਅ ’ਤੇ ਪਾਣੀ ਅਤੇ ਮਲਬਾ ਵੀ ਆ ਗਿਆ। ਇਥੇ ਅੰਜਨੀ ਮਹਾਦੇਵ ਨਾਲੇ ਵਿਚ ਫਿਰ ਤੋਂ ਪਾਣੀ ਦਾ ਪੱਧਰ ਵੱਧ ਚੁੱਕਾ ਹੈ ਅਤੇ ਨਾਲੇ ਨੇ ਆਪਣਾ ਰਸਤਾ ਬਦਲ ਲਿਆ ਹੈ। ਇਸ ਕਾਰਨ ਹਾਈਵੇਅ ਦੇ ਉੱਪਰੋਂ ਪਾਣੀ ਵਹਿਣ ਲੱਗਾ ਹੈ। ਇਸ ਤੋਂ ਪਹਿਲਾਂ ਪਿਛਲੇ ਹਫਤੇ ਮਨਾਲੀ ਦੇ ਸੋਲਾਂਗ ਨਾਲੇ ਵਿਚ ਫਲੈਸ਼ ਫਲੱਡ ਆਇਆ ਸੀ ਅਤੇ ਫਿਰ ਪਲਚਾਨ ਪਿੰਡ ਵਿਚ 3 ਘਰਾਂ ਨੂੰ ਨੁਕਸਾਨ ਪੁੱਜਾ ਸੀ।

ਇਹ ਵੀ ਪੜ੍ਹੋ : ਬੇਅਦਬੀ ਮਾਮਲੇ ਵਿਚ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਦੇ ਦੋਸ਼ਾਂ ਤੋਂ ਬਾਅਦ ਅਕਾਲੀ ਦਲ ਦਾ ਮੋੜਵਾਂ ਜਵਾਬ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News