ਸੀਵਰੇਜ ਓਵਰਫਲੋਅ ਹੋਣ ਕਾਰਨ ਵਾਰਡ ਨੰ. 25 ਬਣਿਆ ਨਰਕ

Wednesday, Sep 13, 2017 - 02:25 AM (IST)

ਸੀਵਰੇਜ ਓਵਰਫਲੋਅ ਹੋਣ ਕਾਰਨ ਵਾਰਡ ਨੰ. 25 ਬਣਿਆ ਨਰਕ

ਮਾਨਸਾ,   (ਜੱਸਲ)-   ਸਥਾਨਕ ਸ਼ਹਿਰ ਦੇ ਵਾਰਡ ਨੰ. 25 'ਚ ਗੁਰਦੁਆਰਾ ਬਾਗ ਵਾਲਾ ਦੇ ਸਾਹਮਣੇ ਸੀਵਰੇਜ ਓਵਰਫਲੋਅ ਹੋਣ ਕਾਰਨ ਵਾਰਡ ਦੇ ਲੋਕਾਂ ਦੀ ਜ਼ਿੰਦਗੀ ਨਰਕ ਬਣ ਚੁਕੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਾਰਡ ਸੁਧਾਰ ਸੰਘਰਸ਼ ਕਮੇਟੀ ਦੇ ਆਗੂ ਰਜਿੰਦਰ ਸਿੰਘ ਤੇ ਸੰਦੀਪ ਸਿੰਘ ਨੇ ਦੱਸਿਆ ਕਿ ਸੀਵਰੇਜ ਦਾ ਗੰਦਾ ਪਾਣੀ ਕਈ ਦਿਨਾਂ ਤੋਂ ਗੁਰਦੁਆਰਾ ਸਾਹਿਬ ਦੇ ਸਾਹਮਣੇ ਸੜਕ 'ਤੇ ਖੜ੍ਹਾ ਹੈ, ਜਿਸ ਕਾਰਨ ਸਿਰਸਾ ਰੋਡ ਮੁੱਖ ਸੜਕ ਵੱਲ ਆਉਣ-ਜਾਣ ਵਾਲੇ ਰਾਹਗੀਰਾਂ ਅਤੇ ਵਾਰਡ ਵਾਸੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਗੂਆਂ ਨੇ ਦੱਸਿਆ ਕਿ ਸ਼ਹਿਰ ਦੀ ਸੀਵਰੇਜ ਵਿਵਸਥਾ ਨੂੰ ਠੀਕ ਰੱਖਣ ਦਾ ਠੇਕਾ ਇਕ ਪ੍ਰਾਈਵੇਟ ਕੰਪਨੀ ਕੋਲ ਹੈ। ਕੰਪਨੀ ਨੂੰ ਵਾਰ-ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਜਲਦ ਸੀਵਰੇਜ ਨੂੰ ਨਾ ਠੀਕ ਕੀਤਾ ਗਿਆ ਤਾਂ ਇਸ ਕੰਪਨੀ ਅਤੇ ਨਗਰ ਕੌਂਸਲ ਖਿਲਾਫ ਸੰਘਰਸ਼ ਸ਼ੁਰੂ ਕਰਨਗੇ। 
ਵਾਰਡ ਦੀ ਕੌਂਸਲਰ ਕਰਨੈਲ ਕੌਰ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਗੇਟ ਅੱਗੇ ਗੰਦਾ ਪਾਣੀ ਖੜ੍ਹਾ ਹੋਣ ਕਾਰਨ ਗੁਰਦੁਆਰਾ ਸਾਹਿਬ ਆਉਣ-ਜਾਣ ਵਾਲੀ ਸੰਗਤ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਸੰਬੰਧਿਤ ਪ੍ਰਾਈਵੇਟ ਕੰਪਨੀ ਨੂੰ ਵਾਰ-ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਉਹ ਜਲਦ ਹੀ ਇਸ ਸਬੰਧੀ ਡਿਪਟੀ ਕਮਿਸ਼ਨਰ ਮਾਨਸਾ ਨੂੰ ਮਿਲਣਗੇ। 


Related News