ਵਿਕਾਸ ਦੀ ਦੌੜ ''ਚ ਪਛੜ ਕੇ ਰਹਿ ਗਿਆ ਸ਼ਹਿਰ ਦਾ 29 ਨੰਬਰ ਵਾਰਡ

Thursday, Oct 05, 2017 - 12:11 PM (IST)

ਵਿਕਾਸ ਦੀ ਦੌੜ ''ਚ ਪਛੜ ਕੇ ਰਹਿ ਗਿਆ ਸ਼ਹਿਰ ਦਾ 29 ਨੰਬਰ ਵਾਰਡ

ਮੋਗਾ (ਪਵਨ ਗਰੋਵਰ, ਗੋਪੀ ਰਾਊਕੇ) - ਨਗਰ ਨਿਗਮ ਮੋਗਾ ਅੰਦਰ ਵਿਕਾਸ ਦਾ ਪਹੀਆ ਨਾ ਰੁੜ੍ਹਨ ਕਰ ਕੇ ਪਿਛਲੇ ਢਾਈ ਵਰ੍ਹਿਆਂ ਤੋਂ ਸ਼ਹਿਰ ਦੇ ਲਗਭਗ ਸਾਰੇ ਵਾਰਡਾਂ ਦੇ ਹੀ ਲੋਕ ਪ੍ਰੇਸ਼ਾਨੀ ਦੇ ਆਲਮ 'ਚੋਂ ਲੰਘ ਰਹੇ ਹਨ। ਤਾਜ਼ਾ ਮਾਮਲਾ ਸ਼ਹਿਰ ਦੇ ਵਾਰਡ ਨੰਬਰ-29 ਦਾ ਹੈ, ਜਿਥੇ ਸੜਕਾਂ ਅਤੇ ਸਟਰੀਟ ਲਾਈਟਾਂ ਦੇ ਪਾਸ ਹੋਏ ਪ੍ਰਾਜੈਕਟ ਸ਼ੁਰੂ ਨਾ ਹੋਣ ਕਰ ਕੇ ਵਾਰਡ ਦੇ ਲੋਕਾਂ ਦਾ ਗੁੱਸਾ ਹੁਣ ਸੱਤਵੇਂ ਅਸਮਾਨ 'ਤੇ ਪੁੱਜ ਗਿਆ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਆਪਣੇ ਵਾਰਡ ਦੀਆਂ ਸਮੱਸਿਆਵਾਂ ਦੇ ਹੱਲ ਲਈ ਲੰਮੇ ਸਮੇਂ ਤੋਂ 'ਚਾਰਾਜੋਈ' ਕਰ ਰਹੇ ਵਾਰਡ ਕੌਂਸਲਰ ਜਗਤਾਰ ਸਿੰਘ ਦੀ ਗੱਲ ਵੀ ਨਗਰ ਨਿਗਮ ਮੋਗਾ ਦੇ ਅਧਿਕਾਰੀਆਂ ਵੱਲੋਂ ਨਾ ਸੁਣੇ ਜਾਣ ਮਗਰੋਂ ਆਖਿਰਕਾਰ ਹੁਣ ਵਾਰਡ ਕੌਂਸਲਰ ਨੂੰ ਹੀ ਵਾਰਡ ਵਾਸੀਆਂ ਨਾਲ ਰੋਹ ਦਾ 'ਝੰਡਾ' ਚੁੱਕਣਾ ਪਿਆ ਹੈ। ਅੱਜ ਵਾਰਡ 'ਚੋਂ ਲੰਘ ਰਹੇ ਗੰਦਗੀ ਨਾਲ ਭਰੇ ਨਾਲੇ ਦੀ ਸਫਾਈ ਦੀ ਗੁਹਾਰ ਲਾਉਂਦਿਆਂ ਕੌਂਸਲਰ ਜਗਤਾਰ ਸਿੰਘ ਅਤੇ ਬਲਦੇਵ ਸਿੰਘ ਢਿੱਲੋਂ ਨੇ ਦੱਸਿਆ ਕਿ ਭਾਵੇਂ ਵਾਰਡ ਹੋਰ ਸਮੱਸਿਆਵਾਂ 'ਚ ਵੀ ਘਿਰਿਆ ਹੋਇਆ ਹੈ ਪਰ ਸਭ ਤੋਂ ਵੱਡੀ ਸਮੱਸਿਆ ਵਾਰਡ 'ਚੋਂ ਸਾਰੇ ਸ਼ਹਿਰ ਦੀ ਨਿਕਾਸੀ ਵਾਲੇ ਲੰਘਦੇ ਗੰਦੇ ਨਾਲੇ ਦੀ ਹੈ, ਜਿਸ ਦੀ ਸਫਾਈ ਨਾ ਹੋਣ ਕਰ ਕੇ ਵਾਰਡ ਦੇ ਵਸਨੀਕ ਕਿਸੇ ਵੇਲੇ ਵੀ ਗੰਭੀਰ ਬੀਮਾਰੀ ਦਾ ਸ਼ਿਕਾਰ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਨਾਲੇ ਦੀ ਗੰਦਗੀ ਕਰ ਕੇ ਵਾਰਡ ਦੇ ਲੋਕਾਂ ਜਿਊਣਾ ਦੁੱਭਰ ਹੋ ਗਿਆ ਹੈ। ਉਨ੍ਹਾਂ 'ਚਿਤਾਵਨੀ' ਭਰੇ ਸ਼ਬਦਾਂ 'ਚ ਕਿਹਾ ਕਿ ਜੇਕਰ ਵਾਰਡ ਦੀਆਂ ਸਮੱਸਿਆਵਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ 'ਚ ਵਾਰਡ ਦੇ ਵਸਨੀਕ ਲੜੀਵਾਰ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਵਾਰਡ ਦੇ ਹੋਰ ਵਸਨੀਕ ਵੀ ਹਾਜ਼ਰ ਸਨ।


Related News