ਰੁਝੇਵਿਆਂ ਦਾ ਹਵਾਲਾ ਦੇ ਕੇ ਜੰਗੀ ਸ਼ਹੀਦਾਂ ਦੇ ਪਰਿਵਾਰ ਨੂੰ ਨਹੀਂ ਮਿਲੇ ਮਨਪ੍ਰੀਤ ਬਾਦਲ
Tuesday, Jun 13, 2017 - 11:13 AM (IST)
ਚੰਡੀਗੜ੍ਹ — ਦੇਸ਼ ਦੀ ਆਜ਼ਾਦੀ ਲਈ ਜਾਨਾਂ ਵਾਰਨ ਵਾਲੇ ਜੰਗੀ ਸ਼ਹੀਦਾਂ ਦੇ ਪਰਿਵਾਰਾਂ ਲਈ ਸਰਕਾਰ ਵਲੋਂ ਕੀਤੀ ਜਾਂਦੀ ਅਣਦੇਖੀ ਅਕਸਰ ਦੇਖਣ ਨੂੰ ਮਿਲ ਜਾਂਦੀ ਹੈ। ਕਈ ਸ਼ਹੀਦਾਂ ਦੇ ਪਰਿਵਾਰ ਸਰਕਾਰ ਵਲੋਂ ਵਿਤੀ ਸਹਾਇਤਾ ਨਾ ਮਿਲਣ ਕਾਰਨ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋ ਜਾਂਦੇ ਹਨ ਤਾਂ ਉਥੇ ਹੀ ਜਿਨ੍ਹਾਂ ਪਰਿਵਾਰਾਂ ਨੂੰ ਸਰਕਾਰਾਂ ਕੋਈ ਸਹਾਇਤਾ ਦੇਣ ਦਾ ਵਾਅਦਾ ਕਰਦੀਆਂ ਹਨ ਉਹ ਸਰਕਾਰੀ ਦਫਤਰਾਂ ਦੇ ਚੱਕਰ ਕੱਟ-ਕੱਟ ਕੇ ਹੰਬ ਜਾਂਦੇ ਹਨ।
ਪੰਜਾਬ 'ਚ ਸੱਤਾਧਾਰੀ ਕਾਂਗਰਸ ਸਰਕਾਰ ਵਲੋਂ ਚੋਣਾਂ ਜਿੱਤਣ ਲਈ ਹਰੇਕ ਵਰਗ ਨਾਲ ਕਈ ਤਰ੍ਹਾਂ ਦੇ ਵਾਅਦੇ ਕੀਤੇ ਗਏ ਪਰ ਜਿਥੇ ਉਨ੍ਹਾਂ ਵਾਅਦਿਆਂ ਨੂੰ ਨਿਭਾਉਣ ਦੇ ਮਾਮਲੇ 'ਚ ਪਿਛਲੇ ਤਿੰਨ ਮਹੀਨਿਆਂ ਤੋਂ ਸਰਕਾਰ ਅਸਮਰੱਥਤਾ ਜਤਾ ਰਹੀ ਹੈ। ਉਥੇ ਹੀ ਉਨ੍ਹਾਂ ਕੋਲ ਚੋਣਾਂ 'ਚ ਜਿੱਤ ਹਾਸਲ ਕਰਵਾਉਣ ਵਾਲੀ ਜਨਤਾ ਦੇ ਦੁਖ ਸੁਨਣ ਦਾ ਸਮਾਂ ਨਹੀਂ ਰਿਹਾ। ਇਸ ਦਾ ਤਾਜ਼ਾ ਉਦਾਹਰਣ ਕਾਂਗਰਸ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਮਨਪ੍ਰੀਤ ਬਾਦਲ ਨੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕਰਨ ਲਈ ਉਨ੍ਹਾਂ ਨੂੰ ਆਪਣੇ ਨਿਵਾਸ ਸਥਾਨ 'ਤੇ ਸਦਿਆ ਪਰ ਹੋਰ ਕੰਮਾ ਦੇ ਰੁਝੇਵਿਆਂ ਕਾਰਨ ਉਹ ਸ਼ਹੀਦਾਂ ਦੇ ਪਰਿਵਾਰ ਮੈਂਬਰਾਂ ਨੂੰ ਨਹੀਂ ਮਿਲੇ ਤੇ ਉਨ੍ਹਾਂ ਨੂੰ ਦਫਤਰ 'ਚ ਮੁਲਾਕਾਤ ਕਰਨ ਦਾ ਕਹਿ ਕੇ ਆਪਣੇ ਘਰ ਤੋਂ ਚਲੇ ਗਏ। ਜਿਸ ਕਾਰਨ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ 'ਚ ਕਾਫੀ ਰੋਸ ਪਾਇਆ ਜਾ ਰਿਹਾ ਹੈ।
