CBI ਵੱਲੋਂ ਰਿਸ਼ਵਤ ਮਾਮਲੇ ’ਚ ਭਗੌੜਾ ਕਾਬੂ, 4 ਸਾਲ ਪਹਿਲਾਂ ਮੰਗੀ ਸੀ ਰਿਸ਼ਵਤ
Sunday, Jul 14, 2024 - 01:05 PM (IST)
ਚੰਡੀਗੜ੍ਹ (ਪ੍ਰੀਕਸ਼ਿਤ) : ਸੀ. ਬੀ. ਆਈ. ਨੇ ਰਿਸ਼ਵਤ ਕਾਂਡ ’ਚ ਜ਼ਮਾਨਤ ’ਤੇ ਬਾਹਰ ਆਉਣ ਤੋਂ ਬਾਅਦ ਫ਼ਰਾਰ ਹੋਏ ਰਜਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦਰਜ ਕੇਸ ਤਹਿਤ ਸੀ.ਬੀ.ਆਈ. ਨੇ ਕਰੀਬ ਚਾਰ ਸਾਲ ਪਹਿਲਾਂ 2020 ’ਚ ਮਲੋਆ ਥਾਣੇ ’ਚ ਟਰੈਪ ਲਾ ਕੇ ਮੁਲਜ਼ਮ ਰਜਤ ਨੂੰ 14 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਸੀ। ਉਹ ਐੱਸ. ਐੱਚ. ਓ. ਦੇ ਡਰਾਈਵਰ ਸ਼ਿਵ ਕੁਮਾਰ ਦੇ ਕਹਿਣ ’ਤੇ ਸ਼ਿਕਾਇਤਕਰਤਾ ਨੂੰ ਕੇਸ ’ਚ ਨਾ ਫਸਾਉਣ ਤੇ ਉਸ ਨੂੰ ਰਿਹਾਅ ਕਰਨ ਬਦਲੇ ਰਿਸ਼ਵਤ ਦੀ ਮੰਗ ਕਰ ਰਿਹਾ ਸੀ।
ਗ੍ਰਿਫ਼ਤਾਰੀ ਤੋਂ ਕੁਝ ਮਹੀਨੇ ਬਾਅਦ ਉਹ ਜ਼ਮਾਨਤ ’ਤੇ ਬਾਹਰ ਆ ਕੇ ਫ਼ਰਾਰ ਹੋ ਗਿਆ ਸੀ। ਜ਼ਮਾਨਤ ’ਤੇ ਬਾਹਰ ਆਉਣ ਤੋਂ ਬਾਅਦ ਅਦਾਲਤ ’ਚ ਪੇਸ਼ ਨਾ ਹੋਣ ਕਾਰਨ ਅਦਾਲਤ ਨੇ ਉਸ ਨੂੰ ਭਗੌੜਾ ਕਰਾਰ ਦੇ ਦਿੱਤਾ। ਸ਼ੁੱਕਰਵਾਰ ਨੂੰ ਸੀ. ਬੀ. ਆਈ. ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਮਲੋਆ ਤੋਂ ਉਸ ਨੂੰ ਗ੍ਰਿਫ਼ਤਾਰ ਕੀਤਾ। ਸੀ. ਬੀ. ਆਈ. ਨੇ ਉਸ ਨੂੰ ਅਦਾਲਤ ’ਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਨਿਆਂਇਕ ਹਿਰਾਸਤ ’ਚ ਜੇਲ੍ਹ ਭੇਜ ਦਿੱਤਾ ਗਿਆ ਹੈ। 2020 ’ਚ ਮਲੋਆ ਦੇ ਰਹਿਣ ਵਾਲੇ ਦੀਪਕ ਨਾਂ ਦੇ ਨੌਜਵਾਨ ਨੇ ਰਜਤ ਤੇ ਇਕ ਹੋਰ ਪੁਲਸ ਮੁਲਾਜ਼ਮ ਸ਼ਿਵ ਕੁਮਾਰ ਖ਼ਿਲਾਫ਼ ਸੀ. ਬੀ. ਆਈ. ਨੂੰ ਰਿਸ਼ਵਤ ਮੰਗਣ ਦੀ ਸ਼ਿਕਾਇਤ ਦਿੱਤੀ ਸੀ। ਮਲੋਆ ਥਾਣੇ ’ਚ ਤਾਇਨਾਤ ਕੁੱਝ ਮੁਲਾਜ਼ਮ ਉਸ ਨੂੰ ਨਸ਼ੇ ਦੇ ਕੇਸ ’ਚ ਫਸਾਉਣ ਦੀਆਂ ਧਮਕੀਆਂ ਦੇ ਰਹੇ ਸਨ।
ਇਸ ਸਬੰਧੀ ਉਸ ਦੀ ਮੁਲਾਕਾਤ ਰਜਤ ਨਾਲ ਹੋਈ ਸੀ। ਰਜਤ ਐੱਸ.ਐੱਚ.ਓ. ਦੇ ਡਰਾਈਵਰ ਸ਼ਿਵ ਕੁਮਾਰ ਦੇ ਕਹਿਣ ’ਤੇ ਉਸ ਨੂੰ ਕੇਸ ’ਚ ਨਾ ਫਸਾਉਣ ਤੇ ਰਿਹਾਅ ਕਰਨ ਬਦਲੇ 20 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਸੀ। ਜਦੋਂ ਰਕਮ ਜ਼ਿਆਦਾ ਹੋਣ ਦੀ ਗੱਲ ਆਖੀ ਗਈ ਤਾਂ ਦੋਵਾਂ ਵਿਚਾਲੇ 14 ਹਜ਼ਾਰ ਰੁਪਏ ’ਚ ਗੱਲ ਤੈਅ ਹੋ ਗਈ। ਇਸ ਦੌਰਾਨ ਦੀਪਕ ਵੱਲੋਂ ਇਸ ਬਾਰੇ ਸੀ.ਬੀ.ਆਈ. ਦੀ ਸ਼ਿਕਾਇਤ ਦਿੱਤੀ ਗਈ, ਜਿਸ ’ਤੇ ਕਾਰਵਾਈ ਕਰਦਿਆਂ ਸੀ.ਬੀ.ਆਈ. ਨੇ ਟ੍ਰੈਪ ਲਾ ਕੇ ਗ੍ਰਿਫ਼ਤਾਰ ਕਰ ਲਿਆ ਸੀ। ਸੀ. ਬੀ. ਆਈ. ਨੇ ਉਸ ਦੀ ਨਿਸ਼ਾਨਦੇਹੀ ’ਤੇ ਐੱਸ. ਐੱਚ. ਓ. ਦੇ ਡਰਾਈਵਰ ਸ਼ਿਵ ਕੁਮਾਰ ਨੂੰ ਵੀ ਫੜ੍ਹ ਲਿਆ। ਰਜਤ ਜ਼ਮਾਨਤ ਮਿਲਣ ਤੋਂ ਬਾਅਦ ਫ਼ਰਾਰ ਹੋ ਗਿਆ ਸੀ ਤੇ ਅਦਾਲਤ ਵੱਲੋਂ ਭਗੌੜਾ ਐਲਾਨੇ ਜਾਣ ਤੋਂ ਬਾਅਦ ਸ਼ੁੱਕਰਵਾਰ ਨੂੰ ਸੀ.ਬੀ.ਆਈ. ਨੇ ਉਸ ਨੂੰ ਫੜ੍ਹ ਲਿਆ ਤੇ ਜੇਲ੍ਹ ਭੇਜ ਦਿੱਤਾ।