ਸਮਾਰਟ ਗਰਿਡ ਪ੍ਰਾਜੈਕਟ ਨੂੰ ਮਨਿਸਟਰੀ ਦੇ ਅਪਰੂਵਲ ਦਾ ਇੰਤਜ਼ਾਰ

Tuesday, Jun 26, 2018 - 06:59 AM (IST)

ਚੰਡੀਗੜ੍ਹ, (ਰਾਜਿੰਦਰ)- ਚੰਡੀਗੜ੍ਹ ਪ੍ਰਸ਼ਾਸਨ ਦੇ 260 ਕਰੋੜ ਦੇ ਸਮਾਰਟ ਗਰਿਡ ਪ੍ਰਾਜੈਕਟ ਨੂੰ ਪਾਵਰ ਮਨਿਸਟਰੀ ਦੀ ਟੈਕਨੀਕਲ ਕਮੇਟੀ ਨੇ ਪਿਛਲੇ ਸਾਲ ਜੁਲਾਈ 'ਚ ਹਾਲਾਂਕਿ ਅਪਰੂਵਲ ਦੇ ਦਿੱਤੀ ਸੀ, ਫਿਰ ਇਸ ਪ੍ਰਾਜੈਕਟ 'ਤੇ ਕੰਮ ਹਾਲੇ ਸ਼ੁਰੂ ਹੋਣਾ ਬਾਕੀ ਹੈ ਕਿਉਂਕਿ ਇਸਨੂੰ ਹਾਲੇ ਤਕ ਮਨਿਸਟਰੀ ਵੱਲੋਂ ਅਪਰੂਵਲ ਨਹੀਂ ਮਿਲੀ ਹੈ। 
ਇਸ ਪ੍ਰਾਜੈਕਟ ਦਾ ਮੁੱਖ ਮੰਤਵ ਸਮਾਰਟ ਇਨਫਾਰਮੇਸ਼ਨ ਟੈਕਨਾਲੋਜੀ ਦਾ ਇਸਤੇਮਾਲ ਕਰਦੇ ਹੋਏ ਬਿਜਲੀ ਚੋਰੀ ਅਤੇ ਟਰਾਂਸਮਿਸ਼ਨ ਲਾਸ ਨੂੰ ਘੱਟ ਕਰਨਾ ਹੈ। ਸੁਪਰਡੈਂਟ ਇੰਜੀਨੀਅਰ ਐੱਮ. ਪੀ. ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪ੍ਰਾਜੈਕਟ ਨੂੰ ਮਨਿਸਟਰੀ ਆਫ ਪਾਵਰ ਨੂੰ ਕਰੀਬ 6 ਮਹੀਨੇ ਪਹਿਲਾਂ ਅਪਰੂਵਲ ਲਈ ਭੇਜਿਆ ਸੀ ਪਰ ਹਾਲੇ ਤਕ ਅਪਰੂਵਲ ਨਹੀਂ ਮਿਲੀ ਹੈ, ਜਿਵੇਂ ਹੀ ਉਨ੍ਹਾਂ ਨੂੰ ਇਸ ਸਬੰਧੀ ਅਪਰੂਵਲ ਮਿਲ ਜਾਵੇਗੀ ਤਾਂ ਉਹ ਇਸ 'ਤੇ ਕੰਮ ਸ਼ੁਰੂ ਕਰ ਦੇਣਗੇ। 
ਸਮਾਰਟ ਸਿਟੀ ਤਹਿਤ ਇਸ ਪ੍ਰਾਜੈਕਟ ਅੰਦਰ ਇਨਫਾਰਮੇਸ਼ਨ ਟੈਕਨਾਲੋਜੀ ਬੇਸਡ ਸਮੱਗਰੀ ਇੰਸਟਾਲ ਕੀਤੀ ਜਾਵੇਗੀ,  ਜੋ ਕਿ ਅਧਿਕਾਰੀਆਂ ਨੂੰ ਸਬੰਧਤ ਏਰੀਏ 'ਚ ਬਿਜਲੀ ਸਪਲਾਈ 'ਤੇ ਰੀਅਲ ਟਾਈਮ ਚੈਕਿੰਗ ਕਰਨ 'ਚ ਸਮਰੱਥ ਬਣਾਉਣਗੇ। ਇਸਤੋਂ ਇਲਾਵਾ ਮੌਜੂਦਾ ਬਿਜਲੀ ਦੇ ਮੀਟਰਾਂ ਨੂੰ ਸਮਾਰਟ ਮੀਟਰਾਂ 'ਚ ਬਦਲਿਆ ਜਾਵੇਗਾ।  
ਮਨਿਸਟਰੀ ਵੱਲੋਂ ਪਾਇਲਟ ਪ੍ਰਾਜੈਕਟ ਨੂੰ ਅਪਰੂਵਲ ਮਿਲਣ ਤੋਂ ਬਾਅਦ ਵੀ ਪ੍ਰਸ਼ਾਸਨ ਉਸਨੂੰ ਸ਼ੁਰੂ ਨਹੀਂ ਕਰ ਸਕਿਆ ਹੈ। ਸਮਾਰਟ ਗਰਿਡ ਪ੍ਰਾਜੈਕਟ ਤਹਿਤ ਇੰਡਸਟ੍ਰੀਅਲ ਏਰੀਆ ਫੇਜ਼-1, 2 'ਚ ਪਾਇਲਟ ਪ੍ਰਾਜੈਕਟ ਸ਼ੁਰੂ ਕੀਤਾ ਜਾਣਾ ਸੀ। ਇਸ ਏਰੀਏ 'ਚ ਸਾਰੇ ਖਪਤਕਾਰਾਂ ਦੇ ਪੁਰਾਣੇ ਮੀਟਰ ਸਮਾਰਟ ਮੀਟਰ ਨਾਲ ਬਦਲੇ ਜਾਣੇ ਸਨ। ਇਸਨੂੰ ਐਡਵਾਂਸਡ ਮੀਟਰਿੰਗ ਇਨਫ੍ਰਾਸਟਰਕਚਰ ਨਾਮ ਦਿੱਤਾ ਗਿਆ ਸੀ। ਇਸ ਤਹਿਤ ਬਿਜਲੀ ਦੀ ਸਾਰੀ ਲਾਈਨ ਅੰਡਰ ਗਰਾਊਂਡ ਕਰਨ ਨਾਲ ਹੀ ਸਬ-ਸਟੇਸ਼ਨ ਅਤੇ ਸਪਲਾਈ ਨੈੱਟਵਰਕ ਮਜ਼ਬੂਤ ਕੀਤਾ ਜਾਣਾ ਸੀ। ਪ੍ਰਸ਼ਾਸਨ ਨੇ ਪਿਛਲੇ ਸਾਲ ਜੁਲਾਈ 'ਚ ਰੂਰਲ ਇਲੈਕਟ੍ਰੀਫਿਕੇਸ਼ਨ ਕਾਰਪੋਰੇਸ਼ਨ ਲਿਮਟਿਡ (ਆਰ. ਈ. ਸੀ. ਐੱਲ.) ਨੂੰ ਇਸਦਾ ਕੰਮ ਵੀ ਅਲਾਟ ਕਰ ਦਿੱਤਾ ਸੀ, ਜਿਸ ਦੀ ਅੱਗੇ ਇਸ ਕੰਮ ਨੂੰ ਅਲਾਟ ਕਰਨ ਦੀ ਜ਼ਿੰਮੇਵਾਰੀ ਸੀ ਪਰ ਤਿੰਨ ਵਾਰ ਟੈਂਡਰ ਕੱਢਣ ਦੇ ਬਾਵਜੂਦ ਉਹ ਇਸ ਦਾ ਕੰਮ ਅਲਾਟ ਕਰਨ ਵਿਚ ਅਸਫਲ ਰਹੀ ਹੈ। 
30 ਹਜ਼ਾਰ  ਸਮਾਰਟ ਬਿਜਲੀ ਦੇ ਮੀਟਰ ਇੰਸਟਾਲ ਕੀਤੇ ਜਾਣਗੇ
ਆਰ. ਈ. ਸੀ. ਐੱਲ. ਦੇ ਅੰਡਰ ਇਥੇ 30 ਕਰੋੜ ਰੁਪਏ ਦੀ ਲਾਗਤ ਨਾਲ 30 ਹਜ਼ਾਰ ਸਮਾਰਟ ਬਿਜਲੀ ਦੀ ਮੀਟਰ ਇੰਸਟਾਲ ਕੀਤੇ ਜਾਣੇ ਹਨ। ਇਸ ਤੋਂ ਇਲਾਵਾ ਪ੍ਰਾਜੈਕਟ ਤਹਿਤ ਪੂਰੇ ਸ਼ਹਿਰ ਵਿਚ 260 ਕਰੋੜ ਰੁਪਏ ਅੰਦਾਜ਼ਨ ਰਾਸ਼ੀ ਤੋਂ ਪ੍ਰਸ਼ਾਸਨ ਨੇ ਅਪਰੂਵਲ ਮਿਲਣ ਤੋਂ ਬਾਅਦ ਸਮਾਰਟ ਮੀਟਰ ਲਾਉਣੇ ਹਨ।  
ਸਕਾਡਾ ਕਰੇਗਾ ਕੰਟਰੋਲ 
ਇਸ ਪਾਇਲਟ ਪ੍ਰਾਜੈਕਟ ਦਾ ਕੰਟਰੋਲ ਬਿਜਲੀ ਵਿਭਾਗ ਵਿਚ ਸੁਪਰਵਾਈਜ਼ਰੀ ਕੰਟਰੋਲ ਐਂਡ ਡਾਟਾ ਐਕਿਊਜ਼ੇਸ਼ਨ (ਸਕਾਡਾ) ਵੱਲੋਂ ਹੋਵੇਗਾ। ਇਸ ਕੰਟਰੋਲ ਰੂਮ 'ਚ ਬੈਠਾ ਕਰਮਚਾਰੀ ਕਿਸੇ ਵੀ ਖਪਤਕਾਰ ਦੀ ਕੰਜਪਸ਼ਨ ਜ਼ਿਆਦਾ ਹੋਣ 'ਤੇ ਬਿਜਲੀ ਕੱਟ ਲਾ ਦੇਵੇਗਾ, ਨਾਲ ਹੀ ਉਸਨੂੰ ਮੈਸੇਜ ਵੀ ਦੇਵੇਗਾ। ਉਥੇ ਹੀ ਇਸ ਵਿਚ ਲਾਈਨ ਟੁੱਟਣ ਜਾਂ ਫਾਲਟ ਦਾ ਵੀ ਪਤਾ ਲਗਦਾ ਰਹੇਗਾ। ਸਕਾਡਾ ਨਾਲ ਹੀ ਸਬੰਧਤ ਐੱਸ. ਡੀ. ਓ. ਨੂੰ ਡਾਇਰੈਕਸ਼ਨ ਹੋਵੇਗੀ। ਇਸ ਵਿਚ ਏਰੀਆ ਦੇ ਖਪਤਕਾਰ ਦੀ ਬਿਜਲੀ ਚਲੀ ਜਾਣ 'ਤੇ ਦੂਜੇ ਸਬ-ਸਟੇਸ਼ਨ ਤੋਂ ਸਕਾਡਾ ਦੇ ਕੰਪਿਊਟਰਾਈਜ਼ ਸਿਸਟਮ ਨਾਲ ਆਟੋਮੈਟਿਕ ਜੋੜੀ ਜਾਵੇਗੀ। ਸਮਾਰਟ ਮੀਟਰ ਦਾ ਕੰਟਰੋਲ ਬਿਜਲੀ ਵਿਭਾਗ ਦੇ ਦਫ਼ਤਰ ਵਿਚ ਹੋਵੇਗਾ, ਬਿਲਿੰਗ ਵੀ ਸਕਾਡਾ ਰੂਮ ਤੋਂ ਹੀ ਜੈਨਰੇਟ ਹੋ ਸਕੇਗੀ। ਸਮਾਰਟ ਮੀਟਰ ਲੱਗਣ ਨਾਲ ਬਿਜਲੀ ਚੋਰੀ ਦਾ ਪਤਾ ਸਕਾਡਾ ਵਿਚ ਕੰਪਿਊਟਰ 'ਤੇ ਬੈਠੇ ਕਰਮਚਾਰੀ ਨੂੰ ਲਗ ਸਕੇਗਾ। ਉਸ ਖਿਲਾਫ ਉਥੇ ਹੀ ਸ਼ਿਕਾਇਤ ਵੀ ਦਰਜ ਕਰਵਾਈ ਜਾ ਸਕੇਗੀ। ਇਸਦੇ ਨਾਲ ਹੀ ਕੰਟਰੋਲ ਰੂਮ ਤੋਂ ਹੀ ਸਬੰਧਤ ਖਪਤਕਾਰ ਦਾ ਕੁਨੈਕਸ਼ਨ ਵੀ ਕੱਟ ਕੀਤਾ ਜਾ ਸਕੇਗਾ।   


Related News