ਮੇਅਰ ਕਮੇਟੀ ਮੈਂਬਰਾਂ ਨੂੰ ਉਡੀਕਦੇ ਰਹੇ, ਨਾ ਆਏ ਕਮੇਟੀ ਮੈਂਬਰ

Friday, Mar 02, 2018 - 04:29 AM (IST)

ਮੇਅਰ ਕਮੇਟੀ ਮੈਂਬਰਾਂ ਨੂੰ ਉਡੀਕਦੇ ਰਹੇ, ਨਾ ਆਏ ਕਮੇਟੀ ਮੈਂਬਰ

ਮੋਗਾ,  (ਪਵਨ ਗਰੋਵਰ, ਗੋਪੀ ਰਾਊਕੇ)-  ਪਿਛਲੇ ਤਿੰਨ ਵਰ੍ਹਿਆਂ ਤੋਂ ਮੋਗਾ ਸ਼ਹਿਰ ਦੇ ਲਟਕਦੇ ਵਿਕਾਸ ਕਾਰਜਾਂ ਦੇ ਮੁੜ ਪਟੜੀ 'ਤੇ ਆਉਣ ਦੀਆਂ ਉਮੀਦਾਂ 'ਤੇ ਇਕ ਵਾਰ ਫਿਰ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ, ਕਿਉਂਕਿ ਅੱਜ ਸ਼ਹਿਰ ਦੇ ਵਿਕਾਸ ਕੰਮਾਂ ਨੂੰ ਮਨਜ਼ੂਰੀ ਦੇਣ ਲਈ ਰੱਖੀ ਗਈ ਐੱਫ. ਐਂਡ ਸੀ. ਸੀ. ਕਮੇਟੀ ਦੀ ਮੀਟਿੰਗ ਕੋਰਮ ਨਾ ਪੂਰਾ ਹੋਣ ਕਰ ਕੇ ਅਚਾਨਕ ਰੱਦ ਹੋ ਗਈ। ਭਾਵੇਂ ਕਮੇਟੀ ਦੀ ਮੀਟਿੰਗ ਲਈ ਨਗਰ ਨਿਗਮ ਮੋਗਾ ਦੇ ਮੇਅਰ ਅਤੇ ਕਮੇਟੀ ਚੇਅਰਮੈਨ ਅਕਸ਼ਿਤ ਜੈਨ ਮਿੱਥੇ ਸਮੇਂ 10 ਵਜੇ ਨਿਗਮ ਦਫਤਰ ਪਹੁੰਚ ਗਏ ਸਨ ਪਰ 11 ਵਜੇ ਤਕ ਕਮੇਟੀ ਮੈਂਬਰਾਂ ਦੇ ਨਾ ਪੁੱਜਣ ਕਰ ਕੇ ਇਸ ਮੀਟਿੰਗ ਨੂੰ ਆਖਿਰਕਾਰ ਰੱਦ ਕਰਨਾ ਪਿਆ। ਸੂਤਰਾਂ ਦਾ ਦੱਸਣਾ ਹੈ ਕਿ ਇਸ ਮੀਟਿੰਗ 'ਚ ਇਕ ਕਰੋੜ ਤੋਂ ਵੱਧ ਦੇ ਫੰਡ ਪਾਸ ਕੀਤੇ ਜਾਣੇ ਸਨ, ਜਿਨ੍ਹਾਂ ਨਾਲ ਸ਼ਹਿਰ 'ਚ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਉਣ ਦੀ ਯੋਜਨਾਬੰਦੀ ਕਰਨੀ ਸੀ।
ਪਹਿਲਾਂ ਹੀ ਉੱਪ ਚੋਣ ਕਰ ਕੇ ਲੇਟ ਹੋਈ ਹੈ ਕਮੇਟੀ ਦੀ ਮੀਟਿੰਗ
ਇਕੱਤਰ ਕੀਤੇ ਵੇਰਵਿਆਂ 'ਚ ਇਹ ਤੱਥ ਉੱਭਰ ਕੇ ਸਾਹਮਣੇ ਆਇਆ ਹੈ ਕਿ ਸ਼ਹਿਰ ਦੇ ਵਾਰਡ ਨੰਬਰ 25 ਦੀ ਉੱਪ ਚੋਣ ਨੂੰ ਲੈ ਕੇ ਕਾਫੀ ਸਮਾਂ ਪਹਿਲਾਂ ਐੱਫ. ਐਂਡ ਸੀ. ਸੀ. ਕਮੇਟੀ ਅਤੇ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ਨਹੀਂ ਸੀ ਹੋ ਸਕੀ, ਕਿਉਂਕਿ ਚੋਣ ਨੂੰ ਲੈ ਕੇ ਆਦਰਸ਼ ਚੋਣ ਜ਼ਾਬਤਾ ਲੱਗਾ ਹੋਇਆ ਸੀ। ਇਸ ਦੀ ਪੁਸ਼ਟੀ ਕਰਦਿਆਂ ਮੇਅਰ ਅਕਸ਼ਿਤ ਜੈਨ ਨੇ ਕਿਹਾ ਕਿ ਉੱਪ ਚੋਣ ਕਰ ਕੇ ਨਿਗਮ ਦੀਆਂ ਮੀਟਿੰਗਾਂ ਲੇਟ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਸਬੰਧੀ ਸੀਨੀਅਰ ਡਿਪਟੀ ਮੇਅਰ ਅਨਿਲ ਬਾਂਸਲ, ਡਿਪਟੀ ਮੇਅਰ ਜਰਨੈਲ ਸਿੰਘ, ਕੌਂਸਲਰ ਗੁਰਮਿੰਦਰਜੀਤ ਸਿੰਘ ਬਬਲੂ ਅਤੇ ਕੌਂਸਲਰ ਵਿਨੈ ਸ਼ਰਮਾ ਤੋਂ ਇਲਾਵਾ ਕਮਿਸ਼ਨਰ ਨਗਰ ਨਿਗਮ ਮੋਗਾ ਨੂੰ ਮੀਟਿੰਗ ਦੇ ਏਜੰਡੇ ਦੀ ਕਾਪੀ ਅਤੇ ਸਮਾਂ ਦੱਸਿਆ ਗਿਆ ਸੀ। ਉਨ੍ਹਾਂ ਕਿਹਾ ਕਿ ਉਹ ਅੱਜ ਮੀਟਿੰਗ ਕਰ ਕੇ ਮਿੱਥੇ ਸਮੇਂ 'ਤੇ ਪਹੁੰਚੇ ਸਨ ਪਰ ਕਮੇਟੀ ਦੇ ਬਾਕੀ ਮੈਂਬਰਾਂ ਦੇ ਨਾ ਪਹੁੰਚਣ ਕਰ ਕੇ ਮੀਟਿੰਗ ਕੋਰਮ ਪੂਰਾ ਨਾ ਹੋਣ ਕਰ ਕੇ ਰੱਦ ਕਰਨੀ ਪਈ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਸਾਰੇ ਕੌਂਸਲਰ ਸ਼ਹਿਰ ਦੇ ਵਿਕਾਸ ਲਈ ਸਹਿਯੋਗ ਕਰਨ, ਤਾਂ ਜੋ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕੀਤਾ ਜਾ ਸਕੇ।


Related News