''ਫੁਲਵਹਿਰੀ'' ਤੋਂ ਪਰੇਸ਼ਾਨ ਹੋ ਤਾਂ ਘਬਰਾਓ ਨਾ, ਇਹ ਹੈ ਇਲਾਜ (ਵੀਡੀਓ)
Monday, Jun 25, 2018 - 02:29 PM (IST)
ਚੰਡੀਗੜ੍ਹ (ਭਗਵਤ) : 'ਫੁਲਵਹਿਰੀ' ਵਰਗੀ ਬੀਮਾਰੀ ਤੋਂ ਵੱਡੀ ਗਿਣਤੀ 'ਚ ਲੋਕ ਪਰੇਸ਼ਾਨ ਹਨ ਅਤੇ ਉਨ੍ਹਾਂ ਨੂੰ ਲੱਗਣ ਲੱਗਦਾ ਹੈ ਕਿ ਸ਼ਾਇਦ ਉਨ੍ਹਾਂ ਦੀ ਇਹ ਬੀਮਾਰੀ ਕਦੇ ਸਹੀ ਨਹੀਂ ਹੋਵੇਗਾ ਪਰ ਇਸ ਬੀਮਾਰੀ ਦਾ ਵੀ ਇਲਾਜ ਹੈ। 'ਵਰਲਡ ਵੀਟੀਲੀਗੋ ਡੇਅ' 'ਤੇ ਇਸ ਬਾਰੇ ਪੀ. ਜੀ. ਆਈ., ਚੰਡੀਗੜ੍ਹ 'ਚ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਸਬੰਧੀ ਡਾ. ਦਵਿੰਦਰ ਪ੍ਰਸਾਦ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕਈ ਲੋਕਾਂ ਦਾ ਮੰਨਣਾ ਹੈ ਕਿ ਇਹ ਬੀਮਾਰੀ ਮੱਛੀ ਖਾਣ ਜਾਂ ਦੁੱਧ ਪੀਣ ਤੋਂ ਬਾਅਦ ਹੁੰਦੀ ਹੈ ਪਰ ਅਜਿਹਾ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਹ ਬੀਮਾਰੀ ਸੈਲਾਂ ਦੀ ਘਾਟ ਕਾਰਨ ਪੈਦਾ ਹੁੰਦੀ ਹੈ ਅਤੇ ਫਿਰ ਅੱਗੇ ਤੋਂ ਅੱਗੇ ਫੈਲਦੀ ਰਹਿੰਦੀ ਹੈ।
ਜਾਣੋ ਕੀ ਹੈ ਇਸ ਦਾ ਇਲਾਜ
ਡਾ. ਦਵਿੰਦਰ ਨੇ ਦੱਸਿਆ ਕਿ ਇਸ ਬੀਮਾਰੀ ਦਾ ਪਤਾ ਲੱਗਦੇ ਹੀ ਇਲਾਜ ਕਰਾਉਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਕਿਉਂਕਿ ਇਸ ਦਾ ਕਾਫੀ ਲੰਬਾ ਇਲਾਜ ਚੱਲਦਾ ਹੈ। ਉਨ੍ਹਾਂ ਦੱਸਿਆ ਕਿ ਇਸ ਬੀਮਾਰੀ ਦੇ ਇਲਾਜ ਲਈ ਪਹਿਲਾਂ ਇਸ ਨੂੰ ਰੋਕਣਾ ਪੈਂਦਾ ਹੈ ਅਤੇ ਫਿਰ ਦਾਗ ਖਤਮ ਕਰਨ ਲਈ ਕਰੀਮ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਦਾ ਇਲਾਜ ਕੋਈ ਮਹਿੰਗਾ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪਹਿਲੀ ਸਟੇਜ 'ਚ ਇਸ ਬੀਮਾਰੀ ਦਾ ਇਲਾਜ ਸ਼ੁਰੂ ਕਰ ਦਿੱਤਾ ਜਾਵੇਗਾ ਤਾਂ 100 ਫੀਸਦੀ ਇਸ ਬੀਮਾਰੀ ਨੂੰ ਜੜ੍ਹੋਂ ਖਤਮ ਕੀਤਾ ਜਾ ਸਕਦਾ ਹੈ।
