ਵਿਰਸਾ ਸਿੰਘ ਵਲਟੋਹਾ ਨੂੰ ਵੱਡੀ ਰਾਹਤ : 38 ਸਾਲ ਪੁਰਾਣੇ ਕਤਲ ਕੇਸ ’ਚੋਂ ਹੋਏ ਬਰੀ (ਵੀਡੀਓ)

Thursday, Apr 15, 2021 - 06:54 PM (IST)

ਤਰਨਤਾਰਨ (ਰਮਨ) - ਸੈਸ਼ਨ ਕੋਰਟ ਤਰਨ ਤਾਰਨ ਨੇ ਅੱਜ ਸਾਬਕਾ ਵਿਧਾਇਕ ਅਤੇ ਸੀਨੀਅਰ ਅਕਾਲੀ ਆਗੂ ਸ.ਵਿਰਸਾ ਸਿੰਘ ਵਲਟੋਹਾ ਨੂੰ 38 ਸਾਲ ਪੁਰਾਣੇ ਡਾਕਟਰ ਸੁਦਰਸ਼ਨ ਤਰੇਹਨ ਕਤਲ ਕੇਸ ਵਿੱਚੋਂ ਬਰੀ ਕਰ ਦਿੱਤਾ ਹੈ। ਇਸ ਬਹੁ ਚਰਚਿਤ ਕਤਲ ਕੇਸ ਵਿੱਚ ਲਗਭਗ ਸਵਾ ਦੋ ਸਾਲ ਪਹਿਲਾਂ ਵਲਟੋਹਾ ਦੇ ਖ਼ਿਲਾਫ਼ ਚਲਾਨ ਪੇਸ਼ ਕੀਤਾ ਗਿਆ ਸੀ। ਵਿਰਸਾ ਸਿੰਘ ਵਲਟੋਹਾ ਨੇ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ‘ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ’ ਦੇ ਮਹਾਂਵਾਕ ਅਨੁਸਾਰ ਝੂਠ ਦੀ ਹਾਰ ਅਤੇ ਸੱਚ ਦੀ ਜਿੱਤ ਹੋਈ ਹੈ। ਵਲਟੋਹਾ ਨੇ ਮਾਣਯੋਗ ਅਦਾਲਤ ਦਾ ਵੀ ਧੰਨਵਾਦ ਕੀਤਾ। 

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਗੁੰਡਾਗਰਦੀ ਦਾ ਨੰਗਾ-ਨਾਚ, ਸ਼ਰੇਆਮ ਔਰਤ ਦੇ ਕੱਪੜੇ ਉਤਾਰ ਕੀਤੀ ਜ਼ਬਰਦਸਤੀ ਦੀ ਕੋਸ਼ਿਸ਼ (ਵੀਡੀਓ)

ਵਲਟੋਹਾ ਨੇ ਕਿਹਾ ਕਿ ਮੈਨੂੰ ਰਾਜਨੀਤਿਕ ਅਤੇ ਮਾਨਸਿਕ ਤੌਰ 'ਤੇ ਖ਼ਤਮ ਕਰਨ ਲਈ ਇੱਕ ਗਿਣੀ ਮਿਥੀ ਸਾਜਿਸ਼ ਦੇ ਤਹਿਤ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ 'ਤੇ ਮੇਰੇ ਵਿਰੁੱਧ ਦੁਬਾਰਾ ਚਲਾਨ ਪੇਸ਼ ਕੀਤਾ ਗਿਆ, ਜਦਕਿ ਇਸ ਕੇਸ ਵਿੱਚੋਂ ਸੈਸ਼ਨ ਕੋਰਟ ਅੰਮ੍ਰਿਤਸਰ ਨੇ ਉਨ੍ਹਾਂ ਨੂੰ 1991 ਵਿੱਚ ਜ਼ਮਾਨਤ ਦੇ ਦਿੱਤੀ ਸੀ। ਬਾਅਦ ਵਿੱਚ ਸੰਬੰਧਤ ਅਦਾਲਤ ਵੱਲੋਂ ਉਨ੍ਹਾਂ ਨੂੰ ਇਸ ਕੇਸ ਵਿੱਚੋਂ ਡਿਸਚਾਰਜ ਕਰ ਦਿੱਤਾ ਗਿਆ ਸੀ। ਵਲਟੋਹਾ ਨੇ ਦੱਸਿਆ ਕਿ ਉਸਨੂੰ ਇਸ ਕੇਸ ਵਿੱਚ ਫਸਾਇਆ ਗਿਆ ਸੀ। ਵਲਟੋਹਾ ਨੇ ਇਸ ਕੇਸ ਦੀ ਪੱਖਪਾਤੀ ਰਿਪੋਰਟਿੰਗ ਕਰਨ ਵਾਲੇ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਨਾਲ ਸੰਬੰਧਤ ਉਨ੍ਹਾਂ ਪੱਤਰਕਾਰਾਂ ਦੀ ਰਿਪੋਰਟਿੰਗ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ, ਜਿੰਨ੍ਹਾਂ ਨੇ ਸੱਚਾਈ ਬਿਆਨ ਕਰਨ ਦੀ ਥਾਂ ਤੱਥਾਂ ਤੋਂ ਪਾਸੇ ਜਾਕੇ ਗਲਤ ਰਿਪੋਰਟਿੰਗ ਕੀਤੀ।

ਪੜ੍ਹੋ ਇਹ ਵੀ ਖਬਰ - ਬਟਾਲਾ : ਸਰਕਾਰੀ ਸਕੂਲ ਦੀ ਅਧਿਆਪਕਾ ’ਤੇ ਤੇਜ਼ਧਾਰ ਦਾਤਰ ਨਾਲ ਕਾਤਲਾਨਾ ਹਮਲਾ, ਹਾਲਤ ਨਾਜ਼ੁਕ (ਵੀਡੀਓ)

ਵਲਟੋਹਾ ਨੇ ਉਨ੍ਹਾਂ ਧਿਰਾਂ ਦੀ ਵੀ ਨਿੰਦਾ ਕੀਤੀ, ਜੋ ਬੀਤੇ ਵਿੱਚ ਆਪਣੇ ਆਪ ਨੂੰ ਮਨੁੱਖੀ ਅਧਿਕਾਰਾਂ ਦੀਆਂ ਅਲੰਬਰਦਾਰ ਅਤੇ ਸਿੱਖ ਨੌਜਵਾਨਾਂ ਨਾਲ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਜ਼ਿਆਦਤੀਆਂ ਵਿਰੁੱਧ ਲੜਣ ਦਾ ਦਾਅਵਾ ਤਾਂ ਕਰਦੀਆਂ ਰਹੀਆਂ ਪਰ ਅੱਜ ਸਰਕਾਰ ਪੱਖੀ ਰੋਲ ਨਿਭਾ ਰਹੀਆਂ ਹਨ। ਵਲਟੋਹਾ ਨੇ ਆਪਣੇ ਆਪ ਨੂੰ ਪੰਥਕ ਜਥੇਬੰਦੀਆਂ ਕਹਾਉਣ ਵਾਲਿਆਂ 'ਤੇ ਰੋਸ ਜਾਹਰ ਕਰਦਿਆਂ ਕਿਹਾ ਕਿ ਉਨ੍ਹਾਂ ਨਾਲ ਹੋਈ ਇਸ ਜ਼ਿਆਦਤੀ 'ਤੇ ਕੋਈ ਪੰਥਕ ਧਿਰ ਜਾਂ ਪੰਥਕ ਆਗੂ ਨਹੀਂ ਬੋਲਿਆ।

ਪੜ੍ਹੋ ਇਹ ਵੀ ਖਬਰ - ਗੁਰਦੁਆਰਾ ਸਾਹਿਬ ਦੇ ਮੁਲਾਜ਼ਮ ਦੇ ਕਤਲ ਦਾ ਮਾਮਲਾ: ਇਕਤਰਫਾ ਪਿਆਰ 'ਚ ਪਾਗਲ ਧੀ ਦੇ ਆਸ਼ਕ ਨੇ ਕੀਤਾ ਸੀ ਕਤਲ

ਅੰਤ ਵਿੱਚ ਵਲਟੋਹਾ ਨੇ ਕਿਹਾ ਕਿ ਸਿੱਖ ਕੌਮ ਨੂੰ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਗੰਭੀਰਤਾ ਨਾਲ ਯਤਨ ਕਰਨੇ ਚਾਹੀਦੇ ਹਨ। ਵਲਟੋਹਾ ਨੇ ਆਪਣੇ ਵਕੀਲਾਂ ਐਡਵੋਕੇਟ ਜੇ.ਐੱਸ ਢਿੱਲੋਂ ਅਤੇ ਐਡਵੋਕੇਟ ਕੰਵਲਜੀਤ ਸਿੰਘ ਬਾਠ ਦਾ ਵੀ ਧੰਨਵਾਦ ਕੀਤਾ, ਜਿੰਨ੍ਹਾਂ ਨੇ ਪਰਿਵਾਰਕ ਮੈਂਬਰਾਂ ਵਾਂਗ ਤਨਦੇਹੀ ਨਾਲ ਕੇਸ ਦੀ ਪੈਰਵੀ ਕੀਤੀ।

ਪੜ੍ਹੋ ਇਹ ਵੀ ਖਬਰ ਦੁਖ਼ਦ ਖ਼ਬਰ : ਵਿਸਾਖੀ ’ਤੇ ਬਿਆਸ ਦਰਿਆ ’ਚ ਨਹਾਉਣ ਗਈਆਂ ਦੋ ਕੁੜੀਆਂ ਰੁੜ੍ਹੀਆਂ, ਇਕ ਦੀ ਮੌਤ, ਦੂਜੀ ਲਾਪਤਾ


author

rajwinder kaur

Content Editor

Related News