ਸਾਬਕਾ ਵਿਧਾਇਕ ਪ੍ਰੋ. ਵਲਟੋਹਾ ਨੇ ਕਾਂਗਰਸ ''ਤੇ ਲਾਏ ਜੰਗਲ ਰਾਜ ਤੇ ਦਹਿਸ਼ਤ ਫੈਲਾਉਣ ਦੇ ਦੋਸ਼
Saturday, Jul 22, 2017 - 07:26 AM (IST)
ਖਾਲੜਾ(ਭਾਟੀਆ, ਲਾਲੂ ਘੁੰਮਣ)-ਜ਼ਿਲਾ ਤਰਨਤਾਰਨ ਦੇ ਥਾਣਾ ਖਾਲੜਾ ਦੇ ਪਿੰਡ ਮਾੜੀ ਕੰਬੋਕੇ ਦੇ ਵਾਸੀ ਸੁਖਬੀਰ ਸਿੰਘ ਦੇ ਕਤਲ 'ਤੇ ਸਿਆਸਤ ਪੂਰੀ ਤਰ੍ਹਾਂ ਭਖ ਚੁੱਕੀ ਹੈ। ਇਕ ਪਾਸੇ ਜਿਥੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਅਤੇ ਮੁੱਖ ਬੁਲਾਰੇ ਪ੍ਰੋ. ਵਿਰਸਾ ਸਿੰਘ ਵਲਟੋਹਾ ਵੱਲੋਂ ਕਾਂਗਰਸ ਉੱਪਰ ਸੂਬੇ 'ਚ ਜੰਗਲ ਰਾਜ ਅਤੇ ਕਾਂਗਰਸੀਆਂ 'ਤੇ ਦਹਿਸ਼ਤ ਫੈਲਾਉਣ ਦੇ ਦੋਸ਼ ਲਾਏ ਗਏ ਹਨ, ਉੱਥੇ ਹੀ ਦੂਜੇ ਪਾਸੇ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਅਕਾਲੀ ਦਲ ਨੂੰ ਹਰ ਮੁੱਦੇ ਨੂੰ ਕੈਸ਼ ਕਰਨ ਵਾਲੀ ਮੁੱਦਾਹੀਣ ਪਾਰਟੀ ਕਰਾਰ ਦਿੰਦਿਆਂ ਸੁਖਬੀਰ ਦੇ ਕਾਤਲਾਂ ਨੂੰ ਸਖਤ ਸਜ਼ਾ ਦਿਵਾਉਣ ਦਾ ਦਾਅਵਾ ਕੀਤਾ ਹੈ। ਜ਼ਿਕਰਯੋਗ ਹੈ ਕਿ ਬੀਤੇ ਕੱਲ ਖੇਤਾਂ ਨੂੰ ਜਾਂਦੇ ਕੱਚੇ ਪਹੇ 'ਤੇ ਖੜ੍ਹੇ ਪਾਣੀ ਨੂੰ ਲੈ ਕੇ ਹੋਏ ਮਾਮੂਲੀ ਤਕਰਾਰ ਉਪਰੰਤ ਸੁਖਬੀਰ ਸਿੰਘ ਨਾਮੀ ਨੌਜਵਾਨ ਦੀ ਕੁਝ ਲੋਕਾਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਇਸ ਮਾਮਲੇ ਪਿੱਛੇ ਭਾਵੇਂ ਕੋਈ ਧੜੇਬੰਦੀ ਜਾਂ ਨਿੱਜੀ ਰੰਜਿਸ਼ ਦਾ ਹੋਣਾ ਸਾਹਮਣੇ ਨਹੀਂ ਆਇਆ ਹੈ ਪਰ ਸੁਖਬੀਰ ਦੇ ਕਤਲ ਨੂੰ ਲੈ ਕੇ ਸਿਆਸੀ ਧਿਰਾਂ ਕਾਂਗਰਸ ਅਤੇ ਅਕਾਲੀ ਦਲ ਦਰਮਿਆਨ ਸਿਆਸਤ ਪੂਰੀ ਤਰ੍ਹਾਂ ਭਖ ਚੁੱਕੀ ਹੈ। ਇਕ ਪਾਸੇ ਜਿਥੇ ਸਾਬਕਾ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਪ੍ਰੋ. ਵਿਰਸਾ ਸਿੰਘ ਵਲਟੋਹਾ ਨੇ ਮੌਕੇ 'ਤੇ ਪਹੁੰਚ ਕੇ ਮ੍ਰਿਤਕ ਦੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ, ਉੱਥੇ ਹੀ ਉਨ੍ਹਾਂ ਵੱਲੋਂ ਸੁਖਬੀਰ ਸਿੰਘ ਨੂੰ ਅਕਾਲੀ-ਭਾਜਪਾ ਦਾ ਵਰਕਰ ਦੱਸਦਿਆਂ ਕਾਂਗਰਸ ਉੱਪਰ ਸੂਬੇ ਅੰਦਰ ਗੁੰਡਾਗਰਦੀ ਤੇ ਖ਼ੂਨ ਦੀ ਹੋਲੀ ਖੇਡ ਖੇਡਣ ਦੇ ਦੋਸ਼ ਲਾਉਂਦਿਆਂ ਕਿਹਾ ਕਿ ਜਦੋਂ ਦੀ ਸਰਕਾਰ ਬਣੀ ਹੈ, ਕਾਨੂੰਨ ਵਿਵਸਥਾ ਡਗਮਗਾ ਗਈ ਹੈ ਤੇ ਸੁਖਬੀਰ ਸਿੰਘ ਦੇ ਕਤਲ ਵਰਗੇ ਕਈ ਕਾਂਡ ਸੂਬੇ ਅੰਦਰ ਵਾਪਰ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕਾ ਖੇਮਕਰਨ 'ਚ ਪੁਲਸ ਦਾ ਕਾਨੂੰਨ 'ਤੇ ਕੋਈ ਕੰਟਰੋਲ ਨਹੀਂ ਹੈ ਅਤੇ ਕਾਂਗਰਸ ਵਾਲੇ ਕਾਨੂੰਨ ਨੂੰ ਆਪਣੇ ਹੱਥ ਦਾ ਖਿਡੌਣਾ ਸਮਝ ਰਹੇ ਹਨ।
ਉਨ੍ਹਾਂ ਕਿਹਾ ਕਿ ਸੁਖਬੀਰ ਦੇ ਪਰਿਵਾਰ ਨਾਲ ਉਨ੍ਹਾਂ ਨੂੰ ਪੂਰੀ ਹਮਦਰਦੀ ਹੈ ਤੇ ਸਰਕਾਰ ਵੱਲੋਂ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਡੀ. ਐੱਸ. ਪੀ. ਸੁਲੱਖਣ ਸਿੰਘ ਦਾ ਕਹਿਣਾ ਹੈ ਕਿ ਸੁਖਬੀਰ ਸਿੰਘ ਕਤਲ ਦੇ ਮਾਮਲੇ 'ਚ 8 ਲੋਕਾਂ ਨੂੰ ਨਾਮਜ਼ਦ ਕਰਨ ਤੋਂ ਇਲਾਵਾ ਅਣਪਛਾਤੇ ਲੋਕਾਂ ਖਿਲਾਫ ਵੀ ਕੇਸ ਦਰਜ ਕੀਤਾ ਗਿਆ ਹੈ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
