ਵਿਰਾਸਤ-ਏ-ਖਾਲਸਾ ਨੇ ਕੀਤੇ 6 ਸਾਲ ਪੂਰੇ

11/28/2017 2:50:58 PM

ਸ੍ਰੀ ਆਨੰਦਪੁਰ ਸਾਹਿਬ (ਬਾਲੀ)- 25 ਨਵੰਬਰ 2017 ਨੂੰ ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖਾਲਸਾ ਦੇ 6 ਵਰ੍ਹੇ ਸਫਲਤਾਪੂਰਵਕ ਪੂਰੇ ਹੋਣ ਮੌਕੇ ਸਾਰੇ ਕਰਮਚਾਰੀਆਂ ਵੱਲੋਂ ਆਡੀਟੋਰੀਅਮ 'ਚ ਇਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਕਰਮਚਾਰੀਆਂ ਨੂੰ ਸਨਮਾਨਤ ਵੀ ਕੀਤਾ ਗਿਆ।
ਸਹਾਇਕ ਮੈਨੇਜਰ ਵਿਜ਼ਿਟਰ ਸਰਵਿਸਿਜ਼ ਸੁਖਮਨਦੀਪ ਸਿੰਘ ਨੇ ਦੱਸਿਆ ਕਿ ਵਿਰਾਸਤ-ਏ-ਖਾਲਸਾ ਦੇ 6 ਵਰ੍ਹੇ ਪੂਰੇ ਹੋਣ ਮੌਕੇ ਸਾਰੇ ਸਟਾਫ ਵੱਲੋਂ ਇਕ ਸਮਾਗਮ ਉਲੀਕਿਆ ਗਿਆ, ਜਿਸ ਵਿਚ ਮੁੱਖ ਤੌਰ 'ਤੇ ਪਹੁੰਚੇ ਮੈਨੇਜਰ-ਕਮ-ਕਾਰਜਕਾਰੀ ਇੰਜੀਨੀਅਰ ਭੁਪਿੰਦਰ ਸਿੰਘ ਚਾਨਾ ਨੇ ਇਸ ਸਫਲਤਾ ਲਈ ਜਿੱਥੇ ਸਟਾਫ ਦਾ ਧੰਨਵਾਦ ਕੀਤਾ, ਉਥੇ ਹੀ ਉਨ੍ਹਾਂ ਮੁੱਖ ਕਾਰਜਕਾਰੀ ਅਫਸਰ ਸ਼ਿਵ ਦੁਲਾਰ ਸਿੰਘ ਢਿੱਲੋਂ ਵੱਲੋਂ ਸਾਰਿਆਂ ਨੂੰ ਵਧਾਈ ਵੀ ਦਿੱਤੀ, ਜਦਕਿ ਉਨ੍ਹਾਂ ਆਪਣੇ ਪ੍ਰਭਾਵਸ਼ਾਲੀ ਸੰਬੋਧਨ ਦੌਰਾਨ ਸਾਰੇ ਕਰਮਚਾਰੀਆਂ ਨੂੰ ਇਸ ਸਫਲਤਾ ਦਾ ਸਿਹਰਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਯੋਗਦਾਨ ਤੋਂ ਬਿਨਾਂ ਸਫਲਤਾ ਦੇ ਇਹ 6 ਵਰ੍ਹੇ ਸੰਭਵ ਨਹੀਂ ਹੋ ਸਕਦੇ ਸਨ। ਚਾਨਾ ਤੋਂ ਇਲਾਵਾ ਸਮਾਗਮ ਨੂੰ ਸਕਿਓਰਿਟੀ ਇੰਚਾਰਜ ਕਰਨਲ ਬਲਦੇਵ ਸਿੰਘ ਗਿੱਲ, ਇੰਜੀਨੀਅਰ ਸੁਰਿੰਦਰ ਪਾਲ ਸਿੰਘ ਅਤੇ ਜਰਨੈਲ ਸਿੰਘ ਨੇ ਵੀ ਸੰਬੋਧਨ ਕੀਤਾ, ਜਦਕਿ ਸਟਾਫ ਵੱਲੋਂ ਮੈਨੇਜਰ ਅਤੇ ਹੋਰ ਅਧਿਕਾਰੀਆਂ ਦਾ ਇਥੇ ਪਹੁੰਚਣ 'ਤੇ ਗੁਰਵਿੰਦਰ ਕੌਰ ਵੱਲੋਂ ਸਵਾਗਤ ਕੀਤਾ ਗਿਆ।
ਇਸ ਦੌਰਾਨ ਧਾਰਮਿਕ ਰੰਗ ਨਾਲ ਸਮਾਗਮ ਦੀ ਸ਼ੁਰੂਆਤ ਤੇਜਿੰਦਰ ਸਿੰਘ ਵੱਲੋਂ ਕੀਤੀ ਗਈ, ਜਦਕਿ ਪ੍ਰਦੀਪ ਸਿੰਘ ਵੱਲੋਂ ਸ਼ਾਨਦਾਰ ਗੀਤ ਅਤੇ ਭੰਗੜੇ ਦੀ ਪੇਸ਼ਕਾਰੀ ਕਰਕੇ ਆਡੀਟੋਰੀਅਮ 'ਚ ਬੈਠੇ ਸਰੋਤਿਆਂ ਨੂੰ ਹੈਰਾਨ ਕਰ ਦਿੱਤਾ, ਜਦਕਿ ਇਸ ਦੌਰਾਨ ਵਿਰਾਸਤ-ਏ-ਖਾਲਸਾ ਦੇ ਨਿਰਮਾਣ ਤੋਂ ਲੈ ਕੇ ਚਲਾਉਣ ਤੱਕ ਅਹਿਮ ਯੋਗਦਾਨ ਪਾਉਣ ਵਾਲੇ ਮਰਹੂਮ ਬਲਵਿੰਦਰ ਸਿੰਘ ਬੈਂਸ ਦੀ ਯਾਦ 'ਚ ਮੌਨ ਧਾਰਨ ਕਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ।
ਸੁਖਮਨਦੀਪ ਸਿੰਘ ਨੇ ਦੱਸਿਆ ਕਿ ਸਮਾਗਮ ਦਾ ਮੁੱਖ ਮੰਤਵ ਸਟਾਫ ਦੀ ਹੌਸਲਾ ਅਫਜ਼ਾਈ ਕਰਨਾ ਵੀ ਸੀ। ਇਸ ਦੌਰਾਨ ਸਾਫਟ ਸਰਵਿਸ ਲਈ ਸਨਮਾਨਤ ਹੋਣ ਵਾਲਿਆਂ 'ਚ ਹਰਮਿੰਦਰ ਸਿੰਘ, ਸੁਭਾਸ਼ ਚੰਦ, ਅਸ਼ੋਕ ਕੁਮਾਰ, ਸਰਵਣ ਸਿੰਘ, ਜੋਤੀ ਦੇਵੀ ਤੇ ਇਨ੍ਹਾਂ ਦੇ ਸੁਪਰਵਾਈਜ਼ਰ ਹੇਮ ਰਾਜ ਅਤੇ ਸਰਵਣ ਸਿੰਘ ਸ਼ਾਮਲ ਸਨ, ਜਦਕਿ ਸਾਫਟ ਸਰਵਿਸ ਵਿਚ ਹੀ ਬੈਸਟ ਯੂਨੀਫਾਰਮ ਲਈ ਸੁਪਰਵਾਈਜ਼ਰ ਇੰਦਰਜੀਤ ਸਿੰਘ ਨੂੰ ਸਨਮਾਨਤ ਕੀਤਾ ਗਿਆ।
ਤਕਨੀਕੀ ਸਟਾਫ 'ਚ ਰਾਕੇਸ਼ ਕੁਮਾਰ, ਮਿਥੁਨ ਵਰਮਾ, ਲਿਫਟ ਆਪ੍ਰੇਟਰ ਅਜੇ ਕੁਮਾਰ, ਐੱਚ. ਵੀ. ਏ. ਸੀ. 'ਚ ਦਵਿੰਦਰ ਸਿੰਘ ਲਵਲੀ, 66 ਕੇ. ਵੀ. ਸਬ-ਸਟੇਸ਼ਨ ਦੇ ਵਿਜੇ ਕੁਮਾਰ, ਡਬਲਿਊ. ਟੀ. ਪੀ. ਲਈ ਵਿਸ਼ਾਲ ਕੁਮਾਰ, ਆਡੀਓ ਵਿਜ਼ੁਅਲ ਲਈ ਵਿਨੇ ਕੁਮਾਰ, ਸ਼ਿਫਟ ਇੰਜੀਨੀਅਰ ਅਭਿਸ਼ੇਕ ਮਹਿਤਾ ਅਤੇ ਪ੍ਰਦੀਪ ਕੁਮਾਰ, ਸਕਿਓਰਿਟੀ ਸਰਵਿਸ 'ਚ ਜਸਬੀਰ ਸਿੰਘ ਢੇਰ ਤੇ ਹਰਮੇਸ਼ ਕੌਰ, ਵਿਜ਼ਿਟਰ ਸਰਵਿਸਿਜ਼ 'ਚ ਪ੍ਰਦੀਪ ਸਿੰਘ ਅਤੇ ਗੁਰਵਿੰਦਰ ਕੌਰ ਨੂੰ ਸਨਮਾਨਤ ਕੀਤਾ ਗਿਆ, ਜਦਕਿ ਸਭ ਤੋਂ ਪੁਰਾਣੇ ਕਰਮਚਾਰੀ ਭੁਪਿੰਦਰ ਸਿੰਘ ਨੂੰ ਉਚੇਚੇ ਤੌਰ 'ਤੇ ਸਨਮਾਨਤ ਕੀਤਾ ਗਿਆ। ਇਸ ਮੌਕੇ ਇੰਜੀਨੀਅਰ ਰਾਜੇਸ਼ ਕੁਮਾਰ, ਮੈਨੇਜਰ ਏ ਟੂ ਜ਼ੈੱਡ ਮੋਹਿਤ ਰਾਣਾ, ਸੁਪਰਵਾਈਜ਼ਰ ਪੁਸ਼ਪਦੀਪ ਸਿੰਘ ਆਦਿ ਹਾਜ਼ਰ ਸਨ।


Related News