ਪਰੌਂਠੇ ਵੇਚਣ ਵਾਲੀ ਬੀਬੀ ਨੂੰ ਮਿਲੀ ਬੀਬੀਆਂ ਦੇ ਕਮਿਸ਼ਨ ਦੀ ਚੇਅਰਪਰਸਨ, ਦਿੱਤਾ ਦੀਵਾਲੀ ਦਾ ਤੋਹਫ਼ਾ

Saturday, Nov 07, 2020 - 12:35 AM (IST)

ਪਰੌਂਠੇ ਵੇਚਣ ਵਾਲੀ ਬੀਬੀ ਨੂੰ ਮਿਲੀ ਬੀਬੀਆਂ ਦੇ ਕਮਿਸ਼ਨ ਦੀ ਚੇਅਰਪਰਸਨ, ਦਿੱਤਾ ਦੀਵਾਲੀ ਦਾ ਤੋਹਫ਼ਾ

ਜਲੰਧਰ,(ਸੋਨੂੰ) : ਸ਼ਹਿਰ ਦੇ ਫਗਵਾੜਾ ਗੇਟ 'ਚ ਪਰੌਂਠੇ ਵੇਚ ਕੇ ਗੁਜ਼ਾਰਾ ਕਰਨ ਵਾਲੀ 70 ਸਾਲਾ ਬੀਬੀ ਨਾਲ ਸ਼ੁੱਕਰਵਾਰ ਨੂੰ ਪੰਜਾਬ ਰਾਜ ਦੇ ਬੀਬੀਆਂ ਦੇ ਕਮਿਸ਼ਨ (ਪੀ. ਐਸ. ਡਬਲਯੂ ਸੀ) ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਮੁਲਾਕਾਤ ਕੀਤੀ। ਇਸ ਦੌਰਾਨ ਮਨੀਸ਼ਾ ਗੁਲਾਟੀ ਨੇ ਬੀਬੀ ਕੋਲੋਂ ਉਨ੍ਹਾਂ ਦੇ ਹਾਲਾਤ ਬਾਰੇ ਜਾਣਿਆ ਅਤੇ ਉਨ੍ਹਾਂ ਦੀ ਹਿੰਮਤ ਤੇ ਜਜ਼ਬੇ ਲਈ ਉਨ੍ਹਾਂ ਨੂੰ ਪ੍ਰਸੰਸਾ ਪੱਤਰ ਸਮੇਤ ਦੀਵਾਲੀ ਦਾ ਤੋਹਫ਼ਾ ਵੀ ਦਿੱਤਾ ।  
ਉਨ੍ਹਾਂ ਕਿਹਾ ਕਿ ਮੈਂ ਸੋਸ਼ਲ ਮੀਡੀਆ 'ਤੇ ਮਾਤਾ ਜੀ ਦੀ ਵੀਡੀਓ ਦੇਖੀ, ਜਿਸ ਨੂੰ ਦੇਖ ਕੇ ਮਨ ਬਹੁਤ ਪਸੀਜਿਆ ਪਰ ਇਨ੍ਹਾਂ ਦੀ ਹਿੰਮਤ ਨੂੰ ਸਲਾਮ ਕਰਦੇ ਹੋਏ, ਜਜ਼ਬੇ ਨੂੰ ਦੇਖਦੇ ਹੋਏ, ਇਨ੍ਹਾਂ ਨੂੰ ਪ੍ਰਸੰਸਾ ਪੱਤਰ ਸਮੇਤ ਦੀਵਾਲੀ ਦੇ ਤੋਹਫ਼ੇ ਦੇਣ ਲਈ ਅਸੀਂ ਇਥੇ ਪਹੁੰਚੇ ਹਾਂ। ਉਨ੍ਹਾਂ ਕਿਹਾ ਕਿ ਇਹ ਸਭ ਦੇਖ ਕੇ ਦੁੱਖ ਹੋਇਆ ਕਿ ਉਕਤ ਬੀਬੀ ਦੀ ਇਕ ਧੀ ਵੀ ਹੈ, ਜੋ ਕਿ ਹਾਈ ਕੁਆਲੀਫਾਇਡ ਹੈ ਅਤੇ ਬੀਬੀ ਦਾ ਪਤੀ ਸੂਬੇਦਾਰ ਹੈ, ਜੋ ਕਿ ਬੀਬੀ ਨੂੰ ਪੁੱਛਦੇ ਹੀ ਨਹੀਂ। ਉਨ੍ਹਾਂ ਕਿਹਾ ਕਿ ਬੀਬੀ ਦੀ ਦੇਖਭਾਲ ਲਈ ਉਨ੍ਹਾਂ ਦੀ ਧੀ ਵੀ ਜ਼ਿੰਮੇਵਾਰ ਹੈ ਅਤੇ ਉਸ ਨੂੰ ਵੀ ਅਦਾਲਤ 'ਚ ਸੱਦਿਆ ਜਾਵੇਗਾ, ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਤੇ ਜਵਾਬਦੇਹੀ ਮੰਗੀ ਜਾਵੇਗੀ। ਉਨ੍ਹਾਂ ਕਿਹਾ ਕਿ ਬੀਬੀ ਦੀ ਪੈਨਸ਼ਨ ਲਗਾਈ ਜਾਵੇਗੀ ਅਤੇ ਕੋਸ਼ਿਸ਼ ਕੀਤੀ ਜਾਵੇਗੀ ਕਿ ਮਾਤਾ ਜੀ ਆਉਣ ਵਾਲੀਆਂ ਸਰਦੀਆਂ 'ਚ ਆਪਣੇ ਘਰ ਕੰਮ ਕਰਨ। ਉਨ੍ਹਾਂ ਕਿਹਾ ਪੰਜਾਬ ਸਰਕਾਰ ਵਲੋਂ ਵੀ ਬੀਬੀ ਦੀ ਜੋ ਮਦਦ ਹੋਵੇਗੀ ਉਹ  ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ 'ਤੇ ਜਲੰਧਰ 'ਚ ਪਰੌਂਠੇ ਵੇਚ ਕੇ ਗੁਜ਼ਾਰਾ ਕਰਨ ਵਾਲੀ 70 ਸਾਲਾ ਬੀਬੀ ਦੀ ਇਕ ਵੀਡੀਓ ਵਾਇਰਲ ਹੋ ਰਹੀ ਸੀ, ਜਿਸ ਨੂੰ ਕਈ ਪੰਜਾਬੀ ਕਲਾਕਾਰਾਂ ਵਲੋਂ ਵੀ ਸ਼ੇਅਰ ਕੀਤਾ ਗਿਆ ਅਤੇ ਬੀਬੀ ਜੀ ਦੀ ਮਦਦ ਲਈ ਅਪੀਲ ਕੀਤੀ ਗਈ ਸੀ।


author

Deepak Kumar

Content Editor

Related News