ਜਲੰਧਰ ਵਿਖੇ ਜਾਗੋ ਮੌਕੇ ਸ਼ਰਾਬ ਦੇ ਪੈੱਗ ਤੋਂ ਹੋਏ ਝਗੜੇ ਨੇ ਧਾਰਿਆ ਖ਼ੂਨੀ ਰੂਪ, ਚੱਲੀਆਂ ਗੋਲੀਆਂ

Monday, Dec 05, 2022 - 04:13 PM (IST)

ਜਲੰਧਰ ਵਿਖੇ ਜਾਗੋ ਮੌਕੇ ਸ਼ਰਾਬ ਦੇ ਪੈੱਗ ਤੋਂ ਹੋਏ ਝਗੜੇ ਨੇ ਧਾਰਿਆ ਖ਼ੂਨੀ ਰੂਪ, ਚੱਲੀਆਂ ਗੋਲੀਆਂ

ਜਲੰਧਰ (ਬਿਊਰੋ)- ਆਮ ਤੌਰ ’ਤੇ ਸ਼ਰਾਬ ਨਾ ਪਿਆਉਣ ਕਾਰਨ ਕੁਝ ਲੋਕਾਂ ’ਚ ਝਗੜਾ ਹੋ ਜਾਂਦਾ ਹੈ ਅਤੇ ਬਾਅਦ ’ਚ ਕੁੱਟਮਾਰ ਹੋ ਜਾਂਦੀ ਹੈ ਪਰ ਲੱਧੇਵਾਲੀ ਇਲਾਕੇ ’ਚ ਇਸ ਦੇ ਉਲਟ ਹੋਇਆ ਅਤੇ ਸ਼ਰਾਬ ਦਾ ਪੈੱਗ ਨਾ ਪੀਣ ਨੂੰ ਲੈ ਕੇ 2 ਪੱਖਾਂ ’ਚ ਝਗੜਾ ਹੋ ਗਿਆ। ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਲੱਧੇਵਾਲੀ ਇਲਾਕੇ ’ਚ ਇਕ ਦੋਸਤ ਦੇ ਘਰ ਜਾਗੋ ਸਮਾਗਮ ’ਚ ਸ਼ਰਾਬ ਨਾ ਪੀਣ ਨੂੰ ਲੈ ਕੇ ਝਗੜਾ ਹੋ ਗਿਆ।

ਇਸ ਦੇ ਨਾਲ ਹੀ ਇਕ ਪੱਖ ਦੇ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ 3 ਨੌਜਵਾਨਾਂ ਨੂੰ ਜ਼ਖ਼ਮੀ ਕਰ ਦਿੱਤਾ। ਖ਼ੂਨ ਨਾਲ ਲਥਪਥ ਜ਼ਖ਼ਮੀਆਂ ਨੇ ਕਾਰ ’ਚ ਬੈਠ ਕੇ ਆਪਣੀ ਜਾਨ ਬਚਾਈ ਅਤੇ ਉਨ੍ਹਾਂ ਦੇ ਖ਼ੂਨ ਦੇ ਨਿਸ਼ਾਨ ਕਾਰ ’ਚ ਵੀ ਸਾਫ਼ ਵਿਖਾਈ ਦੇ ਰਹੇ ਸਨ। ਹਾਲਾਂਕਿ ਕਿਸੇ ਨੇ ਪੁਲਸ ਨੂੰ ਸੂਚਨਾ ਦਿੱਤੀ ਕਿ ਮੌਕੇ ’ਤੇ ਗੋਲੀਆਂ ਵੀ ਚੱਲੀਆਂ ਹਨ, ਜਿਸ ਕਾਰਨ ਸੀਨੀ. ਪੁਲਸ ਅਧਿਕਾਰੀਆਂ ਦੇ ਹੁਕਮਾਂ ’ਤੇ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਰਾਮਾ ਮੰਡੀ ਦੇ ਐੱਸ. ਐੱਚ. ਓ. ਅਜਾਇਬ ਸਿੰਘ ਅਤੇ ਸਪੈਸ਼ਲ ਆਪ੍ਰੇਸ਼ਨ ਯੂਨਿਟ ਦੇ ਇੰਚਾਰਜ ਇੰਦਰਜੀਤ ਸਿੰਘ ਵੀ ਪਹੁੰਚੇ ਅਤੇ ਜ਼ਖ਼ਮੀਆਂ ਤੋਂ ਜਾਣਕਾਰੀ ਲੈ ਕੇ ਜਾਂਚ ਸ਼ੁਰੂ ਕੀਤੀ।

ਇਹ ਵੀ ਪੜ੍ਹੋ :  ਈਰਾਨ ’ਚ ਹਿਜਾਬ ਕਾਨੂੰਨ ਖ਼ਿਲਾਫ਼ ਪ੍ਰਦਰਸ਼ਨਕਾਰੀਆਂ ਦੇ ਗੁੱਸੇ ਅੱਗੇ ਸਰਕਾਰ ਨੇ ਟੇਕੇ ਗੋਡੇ

PunjabKesari

ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿੱਥੋਂ ਇਕ ਨੌਜਵਾਨ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਦੇ ਪਰਿਵਾਰ ਵਾਲੇ ਉਸ ਨੂੰ ਇਲਾਜ ਲਈ ਨਿੱਜੀ ਹਸਪਤਾਲ ਲੈ ਗਏ। ਜ਼ਖ਼ਮੀਆਂ ਦੀ ਪਛਾਣ ਦਿਨੇਸ਼ ਕੁਮਾਰ ਪੁੱਤਰ ਅਮਰ ਕੁਮਾਰ ਵਾਸੀ ਪਿੰਡ ਸੰਸਾਰਪੁਰ, ਦਿਵਾਸ਼ੂ ਪੁੱਤਰ ਰਾਜ ਕੁਮਾਰ ਵਾਸੀ ਜਲੰਧਰ ਛਾਉਣੀ ਅਤੇ ਗੰਭੀਰ ਜ਼ਖ਼ਮੀਆਂ ਦੀ ਪਛਾਣ ਸੁਖਪਾਲ ਵਾਸੀ ਸ਼ਾਲੀਮਾਰ ਗਾਰਡਨ ਵਜੋਂ ਹੋਈ ਹੈ। ਜ਼ਖ਼ਮੀ ਦਿਨੇਸ਼ ਨੇ ਦੱਸਿਆ ਕਿ ਉਸ ਦੇ ਦੋਸਤ ਦੇ ਭਰਾ ਦਾ ਵਿਆਹ ਹੋਣ ਕਾਰਨ ਬੀਤੀ ਦੇਰ ਰਾਤ ਉਸ ਦੇ ਘਰ ਲੱਧੇਵਾਲੀ ਵਿਖੇ ਜਾਗੋ ਦਾ ਸਮਾਗਮ ਸੀ ਅਤੇ ਉਨ੍ਹਾਂ ਨੂੰ ਬੁਲਾਇਆ ਗਿਆ ਸੀ। ਸਮਾਗਮ ਦੌਰਾਨ ਸ਼ਰਾਬ ਦਾ ਦੌਰ ਚੱਲਿਆ ਅਤੇ ਉਸ ਦਾ ਦੋਸਤ ਧੱਕੇ ਨਾਲ ਉਸ ਨਾਲ ਆਏ ਆਪਣੇ ਦੋਸਤ ਐਲਬਰਟ ਨੂੰ ਪੀਣ ਲਈ ਮਜਬੂਰ ਕਰਨ ਲੱਗਾ ਪਰ ਐਲਬਰਟ ਸ਼ਰਾਬ ਨਹੀਂ ਪੀਂਦਾ ਸੀ ਅਤੇ ਉਸ ਨੇ ਸਾਫ਼ ਇਨਕਾਰ ਕਰ ਦਿੱਤਾ।

ਸ਼ਰਾਬੀ ਹਾਲਤ ’ਚ ਦੋਸਤ ਨੇ ਗੁੱਸੇ ’ਚ ਪੈੱਗ ਐਲਬਰਟ ਦੇ ਮੂੰਹ ’ਤੇ ਮਾਰਿਆ ਅਤੇ ਸ਼ਰਾਬ ਉਸ ਦੀਆਂ ਅੱਖਾਂ ’ਚ ਪੈ ਗਈ। ਕੁਝ ਦਿਨ ਪਹਿਲਾਂ ਹੀ ਐਲਬਰਟ ਨੇ ਅੱਖਾਂ ਦਾ ਆਪ੍ਰੇਸ਼ਨ ਕਰਵਾਇਆ ਸੀ, ਕਿਉਂਕਿ ਉਸ ਦੀ ਇਕ ਅੱਖ ’ਚ ਕੋਈ ਨੁਕਸ ਸੀ। ਦਿਨੇਸ਼ ਅਨੁਸਾਰ ਇਸ ਗੱਲ ਦਾ ਵਿਰੋਧ ਕਰਨ ’ਤੇ ਸ਼ਰਾਬੀ ਹਾਲਤ ’ਚ ਵਿਵਾਦ ਕਰਨ ਵਾਲੇ ਦੋਸਤ ਨੇ ਉਸ ’ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਬਚਾਉਣ ਲਈ ਆਏ ਦਿਵਾਂਸ਼ੂ ਅਤੇ ਸੁਖਪਾਲ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉੱਥੇ ਹੀ ਐੱਸ. ਐੱਚ. ਓ. ਅਜਾਇਬ ਸਿੰਘ ਦਾ ਕਹਿਣਾ ਹੈ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਫਿਲਹਾਲ ਜ਼ਖ਼ਮੀਆਂ ਦੇ ਬਿਆਨ ਦਰਜ ਕਰਕੇ ਅਗਲੇਰੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਦੂਜੀ ਧਿਰ ਦਾ ਦੋਸ਼ ਹੈ ਕਿ ਦਿਨੇਸ਼ ਅਤੇ ਉਸ ਦੇ ਸਾਥੀ ਉਸ ਦੇ ਘਰ ਧੱਕੇ ਨਾਲ ਆ ਕੇ ਵਿਵਾਦ ਕਰਨ ਲੱਗੇ ਅਤੇ ਗੋਲੀਆਂ ਵੀ ਚਲਾਈਆਂ। ਇਸ ਮਾਮਲੇ ਦੀ ਵੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।


ਇਹ ਵੀ ਪੜ੍ਹੋ :  ਫਿਲੌਰ ਦੇ ਗੁਰੂਘਰ 'ਚ ਬੇਅਦਬੀ ਦੀ ਘਟਨਾ, ਗੋਲਕ ਨੂੰ ਤੋੜਨ ਦੀ ਕੀਤੀ ਗਈ ਕੋਸ਼ਿਸ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

shivani attri

Content Editor

Related News