ਪੇਂਟਰ ਦੇ ਕਤਲ ਮਾਮਲੇ ''ਚ ਦੂਜੇ ਦਿਨ ਵੀ ਪਿੰਡ ਵਾਸੀਆਂ ਦਾ ਪ੍ਰਦਰਸ਼ਨ ਜਾਰੀ, ਨੈਸ਼ਨਲ ਹਾਈਵੇਅ ਕੀਤਾ ਜਾਮ
Wednesday, Sep 08, 2021 - 02:54 PM (IST)
ਖੰਨਾ (ਵਿਪਨ) : ਖੰਨਾ ਵਿਖੇ ਇੱਕ ਪੇਂਟਰ ਦੇ ਕਤਲ ਮਾਮਲੇ 'ਚ ਨਾਮਜ਼ਦ ਉਸਦੀ ਪਤਨੀ, ਧੀਆਂ ਤੇ ਸਾਲਿਆਂ ਨੂੰ ਗ੍ਰਿਫ਼ਤਾਰ ਨਾ ਕਰਨ 'ਤੇ ਲਗਾਤਾਰ ਦੂਜੇ ਦਿਨ ਪਿੰਡ ਵਾਸੀਆਂ ਨੇ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ਜਾਮ ਕੀਤਾ। ਇਸ ਦੌਰਾਨ ਪਿੰਡ ਵਾਸੀਆਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਰੋਸ ਵਜੋਂ ਤਿੰਨ ਦਿਨਾਂ ਬਾਅਦ ਵੀ ਪਰਿਵਾਰ ਵਾਲਿਆਂ ਨੇ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਨਹੀਂ ਕੀਤਾ। ਦੱਸਣਯੋਗ ਹੈ ਕਿ ਪਿੰਡ ਭੱਟੀਆਂ ਵਾਸੀ ਕੁਲਵਿੰਦਰ ਸਿੰਘ ਜੋ ਕਿ ਪੇਂਟਰ ਦਾ ਕੰਮ ਕਰਦਾ ਸੀ, ਦੀ ਸ਼ੱਕੀ ਹਾਲਾਤ 'ਚ ਮੌਤ ਹੋ ਗਈ ਸੀ।
ਇਸ ਘਟਨਾ ਸਬੰਧੀ ਪੁਲਸ ਨੇ ਮ੍ਰਿਤਕ ਦੀ ਪਤਨੀ, ਦੋ ਧੀਆਂ ਅਤੇ ਦੋ ਸਾਲਿਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਸੀ ਪਰ ਉਨ੍ਹਾਂ ਦੀ ਗ੍ਰਿਫ਼ਤਾਰੀ ਨਾ ਹੋਣ ਕਰਕੇ ਪਿੰਡ ਵਾਸੀਆਂ ਅੰਦਰ ਰੋਸ ਹੈ। ਇਸ ਕਾਰਨ ਲਗਾਤਾਰ ਦੂਜੇ ਦਿਨ ਪਿੰਡ ਵਾਸੀਆਂ ਵੱਲੋਂ ਨੈਸ਼ਨਲ ਹਾਈਵੇਅ ਜਾਮ ਕਰਦੇ ਹੋਏ ਪੁਲਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਪੁਲਸ ਨੇ ਦੋ ਦਿਨਾਂ ਦਾ ਸਮਾਂ ਲੈ ਕੇ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਦਾ ਭਰੋਸਾ ਦੇ ਦੇ ਜਾਮ ਖੁੱਲ੍ਹਵਾਇਆ।
ਉੱਥੇ ਹੀ ਮੌਕੇ 'ਤੇ ਪੁੱਜੇ ਐਸ. ਪੀ. (ਆਈ) ਮਨਪ੍ਰੀਤ ਸਿੰਘ ਨੇ ਕਿਹਾ ਕਿ ਪੁਲਸ ਨੇ ਕਤਲ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਿੰਡ ਵਾਸੀਆਂ ਨੂੰ ਕੋਈ ਗੁੰਮਰਾਹ ਕਰਕੇ ਧਰਨਾ ਲਗਵਾ ਰਿਹਾ ਹੈ ਅਤੇ ਮੁਜ਼ਾਹਰਾ ਕਰਨ ਵਾਲਿਆਂ ਨੂੰ ਸਮਝਾ ਦਿੱਤਾ ਗਿਆ ਹੈ।