ਖ਼ਾਕੀ ਮੁੜ ਸ਼ਰਮਸਾਰ, ਚਿੱਟਾ ਪੀਂਦਾ ਪੁਲਸ ਮੁਲਾਜ਼ਮ ਪਿੰਡ ਵਾਸੀਆਂ ਨੇ ਕੀਤਾ ਕਾਬੂ

Tuesday, Feb 07, 2023 - 09:32 PM (IST)

ਬਾਲਿਆਂਵਾਲੀ (ਸ਼ੇਖਰ)-ਅੱਜ ਨੇੜਲੇ ਪਿੰਡ ਪਿੱਥੋ ਵਿਖੇ ਪਿੰਡ ਵਾਸੀਆਂ ਵੱਲੋਂ ਇਕ ਪੁਲਸ ਮੁਲਾਜ਼ਮ ਨੂੰ ਚਿੱਟਾ ਪੀਂਦੇ ਕਾਬੂ ਕਰਨ ਦਾ ਸਮਾਚਾਰ ਹੈ। ਪੁਲਸ ਮੁਲਾਜ਼ਮ ਦੀ ਪਛਾਣ ਸਿਪਾਹੀ ਰਣਜੀਤ ਸਿੰਘ ਵਾਸੀ ਜਿਉਂਦ ਵਜੋਂ ਹੋਈ ਹੈ। ਉਕਤ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਵਿੰਦਰ ਸਿੰਘ ਦੀਪੂ ਮੰਡੀ ਕਲਾਂ ਨੇ ਦੱਸਿਆ ਕਿ ਉਕਤ ਪੁਲਸ ਮੁਲਾਜ਼ਮ ਨੂੰ ਪਿੱਥੋ ਪਿੰਡ ਦੇ ਲੋਕਾਂ ਵੱਲੋਂ ਕਾਬੂ ਕੀਤਾ ਗਿਆ ਸੀ ਅਤੇ ਜਦੋਂ ਉਨ੍ਹਾਂ ਉਕਤ ਪੁਲਸ ਮੁਲਾਜ਼ਮ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਚਿੱਟਾ ਮੰਡੀ ਕਲਾਂ ਪਿੰਡ ਦੇ ਇਕ ਵਿਅਕਤੀ ਅਤੇ ਔਰਤ ਤੋਂ ਲੈ ਕੇ ਆਉਂਦਾ ਹੈ। ਉਪਰੰਤ ਪਿੱਥੋ ਵਾਸੀ ਉਸ ਨੂੰ ਲੈ ਕੇ ਮੰਡੀ ਕਲਾਂ ਆ ਗਏ, ਜਿੱਥੇ ਮੰਡੀ ਕਲਾਂ ਵਾਸੀਆਂ ਵੱਲੋਂ ਕਿਸਾਨ ਯੂਨੀਅਨ ਦੇ ਸਹਿਯੋਗ ਨਾਲ ਕਥਿਤ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨੂੰ ਲੈ ਕੇ ਰਾਮਪੁਰਾ-ਮੌੜ ਰੋਡ ’ਤੇ ਮੰਡੀ ਕਲਾਂ ਡਰੇਨ ਵਿਖੇ ਧਰਨਾ ਲਗਾ ਦਿੱਤਾ ਗਿਆ, ਜਿਸ ਕਾਰਨ ਸੜਕ ’ਤੇ ਜਾਮ ਲੱਗ ਗਿਆ।

ਇਹ ਖ਼ਬਰ ਵੀ ਪੜ੍ਹੋ : ਲੁਧਿਆਣਾ ਦੀ ਅਦਾਲਤ ਦੇ ਬਾਹਰ ਚੱਲੀਆਂ ਗੋਲ਼ੀਆਂ, ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਪੜ੍ਹੋ Top 10

PunjabKesari

ਧਰਨਾਕਾਰੀਆਂ ਵੱਲੋਂ ਉਕਤ ਪੁਲਸ ਮੁਲਾਜ਼ਮ ਅਤੇ ਕਥਿਤ ਤੌਰ ’ਤੇ ਚਿੱਟਾ ਵੇਚਣ ਵਾਲੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਨ ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਹਲਕਾ ਮੌੜ ਤੋਂ ਚੋਣ ਲੜ ਚੁੱਕੇ ਸਮਾਜ ਸੇਵੀ ਨੌਜਵਾਨ ਆਗੂ ਲਖਵੀਰ ਸਿੰਘ ਲੱਖਾ ਸਿਧਾਣਾ ਵੀ ਧਰਨੇ ’ਚ ਪਹੁੰਚ ਗਏ ਸਨ।

ਇਹ ਖ਼ਬਰ ਵੀ ਪੜ੍ਹੋ : ਮਾਂ ਦਾ ਕਲੇਜਾ ਬਣਿਆ ਪੱਥਰ, 3 ਦਿਨਾ ਬੱਚੀ ਜਿਊਂਦੀ ਜ਼ਮੀਨ ’ਚ ਦੱਬੀ

ਕੀ ਕਹਿੰਦੇ ਹਨ ਥਾਣਾ ਮੁਖੀ

ਇਸ ਮਸਲੇ ਬਾਰੇ ਥਾਣਾ ਬਾਲਿਆਂਵਾਲੀ ਦੇ ਮੁਖੀ ਇੰਸ. ਮਨਜੀਤ ਸਿੰਘ ਨੇ ਕਿਹਾ ਕਿ ਉਕਤ ਪੁਲਸ ਮੁਲਾਜ਼ਮ ਕੋਲੋਂ ਕੋਈ ਨਸ਼ਾ ਤਾਂ ਬਰਾਮਦ ਨਹੀਂ ਹੋਇਆ ਪਰ ਉਸ ਦੀ ਬਾਂਹ ’ਤੇ ਸਰਿੰਜਾਂ ਦੇ ਨਿਸ਼ਾਨ ਜ਼ਰੂਰ ਹਨ। ਉਨ੍ਹਾਂ ਕਿਹਾ ਕਿ ਐੱਸ. ਐੱਸ. ਪੀ. ਬਠਿੰਡਾ ਮੌਕੇ ’ਤੇ ਪਹੁੰਚ ਰਹੇ ਹਨ ਅਤੇ ਉਨ੍ਹਾਂ ਦੇ ਆਉਣ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


Manoj

Content Editor

Related News