ਪਿੰਡ ਵਾਸੀਆਂ ਨੇ ਬਠਿੰਡਾ-ਬਾਦਲ ਸਡ਼ਕ ’ਤੇ ਲਾਇਆ ਜਾਮ

Tuesday, Aug 28, 2018 - 05:47 AM (IST)

ਸੰਗਤ ਮੰਡੀ, (ਮਨਜੀਤ)- ਪਿੰਡ ਬਾਜਕ ਵਿਖੇ ਬਣੇ ਵਾਟਰ ਵਰਕਸ ਤੋਂ ਘਰਾਂ ਨੂੰ ਸਪਲਾਈ ਹੁੰਦੇ ਦੂਸ਼ਿਤ ਪਾਣੀ ਤੋਂ ਦੁਖੀ ਪਿੰਡ ਵਾਸੀਆਂ  ਨੇ ਬਠਿੰਡਾ-ਬਾਦਲ ਸਡ਼ਕ ’ਤੇ ਪੈਂਦੇ ਪਿੰਡ ਨੰਦਗਡ਼੍ਹ ਵਿਖੇ ਸਡ਼ਕ ਜਾਮ ਕਰ ਕੇ ਧਰਨਾ ਲਾਇਆ ਗਿਆ। ਧਰਨਾਕਾਰੀਆਂ ਵੱਲੋਂ ਵਾਟਰ ਸਪਲਾਈ ਵਿਭਾਗ ਤੇ  ਕਾਂਗਰਸ ਸਰਕਾਰ ਵਿਰੁੱਧ ਆਪਣੀ ਭਡ਼ਾਸ ਕੱਢੀ।  ਇਸ  ਮੌਕੇ ਦਿਹਾਤੀ ਮਜ਼ਦੂਰ ਸਭਾ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਵੀ ਸਮਰਥਨ ਦਿੰਦਿਆਂ ਧਰਨੇ ’ਚ ਸ਼ਮੂਲੀਅਤ ਕੀਤੀ ਗਈ। 
ਇਸ ਸਮੇਂ ਧਰਨਾਕਾਰੀ ਗੁਰਵੀਰ ਸਿੰਘ ਉਰਫ਼ ਨਿੱਕਾ, ਸਰਪੰਚ ਹਰਜਿੰਦਰ ਸਿੰਘ ਨੀਟਾ ਤੇ ਗੁਰਜੀਤ ਗਿੱਲ ਨੇ ਦੱਸਿਆ ਕਿ ਲਗਭਗ ਚਾਰ ਸਾਲ ਪਹਿਲਾਂ ਇਕ ਕਰੋਡ਼ 60 ਲੱਖ ਦੀ ਲਾਗਤ ਨਾਲ ਵਾਟਰ ਵਰਕਸ ਬਣਾਇਆ ਗਿਆ ਸੀ ਪਰ ਜਿਸ ਸਮੇਂ ਤੋਂ ਵਾਟਰ ਵਰਕਸ ਬਣਿਆ ਹੈ ਉਸ ਸਮੇਂ ਤੋਂ ਹੀ ਪਿੰਡ ’ਚ ਪਾਣੀ ਦੀ ਸਪਲਾਈ ਸਹੀ ਨਹੀਂ ਹੋ ਰਹੀ ਤੇ ਘਰਾਂ ’ਚ ਦੂਸ਼ਿਤ ਪਾਣੀ ਸਪਲਾਈ ਹੋ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਜੋ ਗੁਰਦੁਆਰਾ ਸਾਹਿਬ ਨੂੰ ਨਹਿਰੀ ਪਾਣੀ ਦੀ ਸਪਲਾਈ ਵਾਲੀ ਪਾਈਪ ਜਾਂਦੀ ਹੈ, ਉਸ ’ਚੋਂ ਵਾਟਰ ਵਰਕਸ ਦੇ ਟੈਂਕ ’ਚ ਪਾਣੀ ਪਾ ਕੇ ਬਡ਼ੀ ਮੁਸ਼ਕਿਲ ਨਾਲ ਢੰਗ ਟਪਾਇਆ ਜਾ ਰਿਹਾ ਹੈ। ਉਨ੍ਹਾਂ ਵਾਟਰ ਵਰਕਸ ਬਣਨ ’ਤੇ ਪਾਈਪ ਲਾਈਨ ਪਾਉਣ ਸਮੇਂ ਘਟੀਆ ਮਟੀਰੀਅਲ ਲੱਗੇ ਹੋਣ ਦੇ ਵੀ ਗੰਭੀਰ  ਦੋਸ਼ ਲਾਉਂਦਿਆਂ ਦੱਸਿਆ ਕਿ ਵਾਟਰ ਵਰਕਸ ਦੇ ਟੈਂਕ ’ਚ ਬਣਨ ਤੋਂ ਥੋਡ਼੍ਹੇ ਸਮੇਂ ਬਾਅਦ ਹੀ ਵੱਡੀਆਂ-ਵੱਡੀਆਂ ਤਰੇੜਾਂ ਪੈ ਗਈਆਂ, ਜਦਕਿ ਪਾਈਪਾਂ ਵੀ ਪਾਉਣ ਸਮੇਂ ਹੀ ਟੁੱਟੀਆਂ ਸਨ। ਉਨ੍ਹਾਂ ਅੱਗੇ ਕਿਹਾ ਕਿ ਵਾਟਰ ਵਰਕਸ ’ਚ ਜੋ ਪਾਣੀ ਸ਼ੁੱਧ ਕਰਨ ਲਈ ਵੱਡਾ ਫਿਲਟਰ ਲਾਇਆ ਗਿਆ ਹੈ ਉਸ ਦਾ ਵੇਸਟਿੰਗ ਪਾਣੀ ਵੀ ਦੁਬਾਰਾ ਫਿਰ ਪਾਣੀ ਵਾਲੇ ਟੈਂਕ ’ਚ ਹੀ ਪੈ ਰਿਹਾ ਹੈ। ਧਰਨੇ ਦੌਰਾਨ ਧਰਨਾਕਾਰੀਆਂ ਨੇ ਐਲਾਨ ਕੀਤਾ ਕਿ ਪਾਈਪਾਂ ਪਾਉਣ ਸਮੇਂ ਸਡ਼ਕ ਖ਼ਰਾਬ ਕਰਨ ਲਈ ਵਿਭਾਗ ਦੇ ਐਕਸੀਅਨ ਵਿਰੁੱਧ ਪੰਚਾਇਤ ਵੱਲੋਂ ਮਾਮਲਾ ਦਰਜ ਕਰਵਾਇਆ ਜਾਵੇਗਾ। ਧਰਨੇ ਦੇ ਮੱਦੇਨਜ਼ਰ ਥਾਣਾ ਨੰਦਗਡ਼੍ਹ ਦੇ ਮੁਖੀ ਭੁਪਿੰਦਰ ਸਿੰਘ ਤੇ ਥਾਣਾ ਸਦਰ ਦੇ ਮੁਖੀ ਪਰਮਜੀਤ ਸਿੰਘ ਡੋਡ ਪੁਲਸ ਪਾਰਟੀ ਸਮੇਤ ਮੌਜੂਦ ਸਨ। ਧਰਨਾਕਾਰੀਆਂ ਵੱਲੋਂ ਮੁੱਖ ਸਡ਼ਕ ਜਾਮ ਦੇ ਕਾਰਨ ਪੁਲਸ ਵੱਲੋਂ ਰਾਹਗੀਰਾਂ ਨੂੰ ਬਦਲਵੇਂ ਰਸਤਿਆਂ ਰਾਹੀਂ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਇਆ ਗਿਆ। ਧਰਨੇ ਦੌਰਾਨ ਉਸ ਸਮੇਂ ਸਥਿਤੀ ਗੰਭੀਰ ਬਣ ਗਈ ਜਦੋਂ ਧਰਨਾਕਾਰੀਆਂ ਨੂੰ ਵਿਭਾਗ ਦੇ ਐਕਸੀਅਨ ਵਿਸ਼ਵਾਸ ਦਿਵਾ ਰਹੇ ਸਨ ਕਿ ਉਹ ਪਾਣੀ ਦੀ ਸਪਲਾਈ ਨੂੰ ਚਾਰ  ਦਿਨਾਂ ’ਚ ਠੀਕ ਕਰਵਾ ਦੇਣਗੇ। ਇਸ ’ਤੇ ਧਰਨਾਕਾਰੀਆਂ ਵੱਲੋਂ  ਖਡ਼੍ਹੇ ਹੋ ਕੇ ਐਕਸੀਅਨ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਖਬਰ ਲਿਖੇ ਜਾਣ ਤੱਕ ਧਰਨਾਕਾਰੀਆਂ ਵੱਲੋਂ ਸਡ਼ਕ ਜਾਮ ਕਰ ਕੇ ਧਰਨਾ ਲਾਇਆ ਹੋਇਆ ਸੀ। ਧਰਨਾਕਾਰੀ ਮੰਗ ਕਰ ਰਹੇ ਸਨ ਕਿ ਜਿੰਨਾ ਸਮਾਂ ਉਨ੍ਹਾਂ ਨੂੰ ਡਿਪਟੀ ਕਮਿਸ਼ਨਰ ਵੱਲੋਂ ਧਰਨੇ ’ਚ ਆ ਕੇ ਵਿਸ਼ਵਾਸ ਨਹੀਂ ਦਿਵਾਇਆ ਜਾਂਦਾ ਉਨਾ ਸਮਾਂ ਉਹ ਧਰਨਾ ਸਮਾਪਤ ਨਹੀਂ ਕਰਨਗੇ। 
ਧਰਨੇ ’ਚ ਕੌਣ-ਕੌਣ ਸਨ ਸ਼ਾਮਲ
 ਪਿੰਡ ਦੇ ਸਰਪੰਚ ਹਰਜਿੰਦਰ ਨੀਟਾ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਮਿੱਠੂ ਸਿੰਘ ਘੁੱਦਾ, ਦਰਸ਼ਨ ਸਿੰਘ, ਗੁਰਜੀਤ ਗਿੱਲ, ਰਾਜਾ ਢਿੱਲੋਂ, ਜਗਵੀਰ ਉਰਫ਼ ਨਿੱਕਾ, ਲਛਮਣ ਗਿੱਲ, ਪੰਚ ਸੇਵਕ ਸਿੰਘ, ਹਾਕਮ ਸਿੰਘ, ਸਮੁੰਦਰ ਸਿੰਘ ਸੰਧੂ, ਦੀਪੂ ਸਿੰਘ, ਅਮਰੀਕ ਸਿੰਘ, ਇਕਬਾਲ ਸਿੰਘ, ਗੋਨਾ ਸਿੰਘ ਢਿੱਲੋਂ, ਨਾਜਰ ਸਿੰਘ, ਗੁਰਦੁਆਰਾ ਕਮੇਟੀ ਪ੍ਰਧਾਨ ਬਲਕੌਰ ਸਿੰਘ, ਬੱਗੋ ਗਿੱਲ, ਗੁਰਦੀਪ ਕੰਗ, ਸਾਬਕਾ ਪੰਚ ਬਲਦੇਵ ਸਿੰਘ, ਰਾਜਾ ਢਿੱਲੋਂ  ਤੇ ਹਰਵੀਰ ਗਿੱਲ ਮੌਜੂਦ ਸਨ।
 ਕੀ ਕਹਿਣੈ  ਐਕਸੀਅਨ ਅਮਿਤ ਕੁਮਾਰ ਦਾ
 ਇਸ ਸਬੰਧੀ ਵਾਟਰ ਸਪਲਾਈ ਵਿਭਾਗ ਦੇ ਐਕਸੀਅਨ ਅਮਿਤ ਕੁਮਾਰ ਨੇ ਕਿਹਾ ਕਿ ਰਜਬਾਹੇ ਤੋਂ ਜੋ ਪਾਣੀ ਦੀ ਮੇਨ ਪਾਈਪ ਲਾਈਨ ਵਾਟਰ ਵਰਕਸ ਨੂੰ ਜਾਂਦੀ ਹੈ ਉਸ ’ਚ ਲੀਕੇਜ ਚੱਲ ਰਹੀ ਸੀ, ਜਿਸ ਨੂੰ ਠੀਕ ਕਰਵਾਇਆ ਜਾ ਰਿਹਾ ਸੀ ਪਰ ਠੇਕੇਦਾਰ ਦੀ ਅਣਗਹਿਲੀ ਕਾਰਨ ਕੰਮ ਲੇਟ ਹੋ ਗਿਆ, ਜਿਸ ਕਾਰਨ ਪਿੰਡ ਵਾਸੀਆਂ ਨੂੰ ਪਾਣੀ ਦੀ ਸਮੱਸਿਆ ਆਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਪਿੰਡ ਵਾਸੀਆਂ ਤੋਂ ਪੰਜ ਦਿਨਾਂ ਦਾ ਸਮਾਂ ਮੰਗਿਆ ਸੀ ਪਰ ਉਹ ਇਸ ਗੱਲ ’ਤੇ ਸਹਿਮਤ ਨਹੀਂ ਹੋਏ। ਉਨ੍ਹਾਂ ਦੱਸਿਆ ਕਿ ਠੇਕੇਦਾਰ ਵੱਲੋਂ ਕੰਮ ਧਿਆਨ ਨਾਲ ਨਹੀਂ ਕੀਤਾ ਗਿਆ, ਜਿਸ ’ਤੇ ਉਨ੍ਹਾਂ ਵੱਲੋਂ ਠੇਕੇਦਾਰ ਵਿਰੁੱਧ ਕਾਰਵਾਈ ਕੀਤੀ ਜਾਵੇਗੀ। 
 


Related News