ਕੋਰੋਨਾ : ਪਿੰਡ ਜਵਾਹਰਪੁਰ ਦੇ ਪਹਿਲੇ ਪਾਜ਼ੇਟਿਵ ਮਰੀਜ਼ ਨੇ ਸਾਂਝੀ ਕੀਤੀ ਦਾਸਤਾਨ, ਜਾਣੋ ਕੀ ਬੋਲਿਆ

Tuesday, Apr 14, 2020 - 10:38 AM (IST)

ਕੋਰੋਨਾ : ਪਿੰਡ ਜਵਾਹਰਪੁਰ ਦੇ ਪਹਿਲੇ ਪਾਜ਼ੇਟਿਵ ਮਰੀਜ਼ ਨੇ ਸਾਂਝੀ ਕੀਤੀ ਦਾਸਤਾਨ, ਜਾਣੋ ਕੀ ਬੋਲਿਆ

ਮੋਹਾਲੀ (ਪਰਦੀਪ) : ਪੰਜਾਬ ਭਰ 'ਚ ਕੋਰੋਨਾ ਵਾਇਰਸ ਰੂਪੀ ਮਹਾਂਮਾਰੀ ਦੇ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਜ਼ਿਲਾ ਮੋਹਾਲੀ 'ਚ 56 ਤੱਕ ਪਹੁੰਚ ਚੁੱਕੀ ਹੈ, ਜਿਸ ਦੇ ਚੱਲਦਿਆਂ ਪਿੰਡ ਜਵਾਹਰਪੁਰ ਪੰਜਾਬ ਸੂਬੇ ਦਾ ਹਾਟਸਪਾਟ ਬਣ ਚੁੱਕਾ ਹੈ, ਜਿੱਥੇ 38 ਵਿਅਕਤੀਆਂ ਨੂੰ ਕੋਰੋਨਾ ਵਾਇਰਸ ਦੇ ਸੈਂਪਲਾਂ 'ਚ ਪਾਜ਼ੇਟਿਵ ਪਾਇਆ ਗਿਆ ਹੈ। 4 ਅਪ੍ਰੈਲ ਤੋਂ ਸ਼ੁਰੂ ਹੋਈ ਇਸ ਚੇਨ ਨੂੰ ਬੀਤੀ ਰਾਤ ਤੱਕ ਬ੍ਰੇਕ ਲੱਗੀ ਰਹੀ, ਜਿਸ ਦੇ ਚੱਲਦਿਆਂ ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀ ਟੀਮ ਨੂੰ ਜ਼ਰੂਰ ਸੁੱਖ ਦਾ ਸਾਹ ਆਇਆ ਹੋਵੇਗਾ ਅਤੇ ਸਿਹਤ ਵਿਭਾਗ ਵਲੋਂ ਬੀਤੇ ਦਿਨ ਤੀਜੀ ਵਾਰ ਪੂਰੇ ਪਿੰਡ ਨੂੰ ਸੈਨੇਟਾਈਜ਼ ਕੀਤਾ ਗਿਆ । ਪਿੰਡ ਜਵਾਹਰਪੁਰ ਦੇ ਰਹਿੰਦੇ ਬਾਕੀ ਸੈਂਪਲਾਂ ਦੀ ਰਿਪੋਰਟ 'ਚ ਏ. ਐੱਸ. ਆਈ. ਬਲਬੀਰ ਸਿੰਘ, ਕਾਂਸਟੇਬਲ ਸ਼ਰਤ ਚੰਦਰ ਅਤੇ ਮਹਿਲਾ ਕਾਂਸਟੇਬਲ ਜਸਵਿੰਦਰ ਕੌਰ ਦੇ ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ।

ਇਹ ਵੀ ਪੜ੍ਹੋ : LPU ਨੇ 259 ਭੂਟਾਨੀ ਵਿਦਿਆਰਥੀਆਂ ਨੂੰ ਵਿਸ਼ੇਸ਼ ਚਾਰਟਡ ਜਹਾਜ਼ਾਂ ਰਾਹੀਂ ਭੂਟਾਨ ਭੇਜਿਆ
ਮੇਰੇ ਕਾਰਣ ਪਿੰਡ ਗੰਭੀਰ ਸੰਕਟ ਵਿਚ, ਬਹੁਤ ਅਫਸੋਸ
42 ਵਰ੍ਹਿਆਂ ਦੇ ਮੈਂਬਰ ਪੰਚਾਇਤ ਮਲਕੀਤ ਸਿੰਘ ਨੇ ਸਿਹਤ ਸਬੰਧੀ ਆਪਣੀ ਪੂਰੀ ਹੱਡ ਬੀਤੀ 'ਜਗ ਬਾਣੀ' ਟੀਮ ਨਾਲ ਸਾਂਝੀ ਕਰਦਿਆਂ ਕਿਹਾ ਕਿ ਉਨ੍ਹਾਂ ਕਾਰਣ ਅੱਜ ਪਿੰਡ ਇਕ ਗੰਭੀਰ ਸੰਕਟ 'ਚ ਹੈ ਅਤੇ ਇਸ ਗੱਲ ਦਾ ਉਨ੍ਹਾਂ ਨੂੰ ਸਾਰੀ ਉਮਰ ਅਫਸੋਸ ਰਹੇਗਾ ਅਤੇ ਨਾਲ ਹੀ ਉਹ ਵਾਹਿਗੁਰੂ ਦਾ ਸ਼ੁਕਰ ਕਰਦੇ ਹਨ ਕਿ ਉਨ੍ਹਾਂ ਹਾਲੇ ਵੀ ਆਪਣੀ ਸਿਹਤ ਸਬੰਧੀ ਜਲਦੀ ਪਤਾ ਲੱਗ ਗਿਆ ਸੀ। ਉਨ੍ਹਾਂ ਨੂੰ ਹਰ ਸਾਲ ਇਨ੍ਹਾਂ ਦਿਨਾਂ 'ਚ ਖਾਂਸੀ ਦੀ ਸ਼ਿਕਾਇਤ ਰਹਿੰਦੀ ਹੈ ਪਰ ਇਸ ਵਾਰ ਉਨ੍ਹਾਂ ਨੂੰ ਖਾਂਸੀ ਦੇ ਨਾਲ ਪਹਿਲਾਂ 98 ਫਿਰ 99, ਫਿਰ 100 ਅਤੇ ਫਿਰ ਇਕਦਮ 102 ਤੱਕ ਬੁਖਾਰ ਜਾ ਪੁੱਜਾ ਅਤੇ ਖਾਂਸੀ ਵੀ ਬਹੁਤ ਵੱਧ ਗਈ ਅਤੇ ਉਨ੍ਹਾਂ ਨੇ ਪਿੰਡ ਮੁਬਾਰਕਪੁਰ ਦੇ ਇਕ ਡਾਕਟਰ ਤੋਂ ਰੁਟੀਨ ਚੈੱਕਅਪ ਕਰਵਾਇਆ ਪਰ ਜਦੋਂ ਖਾਂਸੀ ਦੀ ਸ਼ਿਕਾਇਤ ਜ਼ਿਆਦਾ ਹੋਰ ਵੱਧ ਗਈ ਤਾਂ ਉਹ ਆਪਣੇ ਭਰਾ ਦੇ ਨਾਲ ਚੰਡੀਗੜ੍ਹ ਦੇ ਸੈਕਟਰ-32 ਸਥਿਤ ਪੁੱਜੇ ਅਤੇ ਆਪਣਾ ਇਲਾਜ ਸ਼ੁਰੂ ਕਰਵਾਇਆ ਅਤੇ ਕੋਰੋਨਾ ਵਾਇਰਸ ਦੇ ਸ਼ੁਰੂਆਤੀ ਲੱਛਣਾਂ ਦੇ ਕਾਰਣ ਉਨ੍ਹਾਂ ਦੇ ਸੈਂਪਲ ਲਏ ਗਏ ਅਤੇ ਆਪਣੇ ਭਰਾ ਦੇ ਨਾਲ 32 ਦੇ ਹਸਪਤਾਲ 'ਚ ਹੀ ਜਦੋਂ 4 ਅਪ੍ਰੈਲ ਨੂੰ ਸ਼ਾਮ 5 ਦੇ ਕਰੀਬ ਉਨ੍ਹਾਂ ਨੂੰ ਇਹ ਮਨਹੂਸ ਖਬਰ ਸੁਣਾਈ ਗਈ ਕਿ ਉਨ੍ਹਾਂ ਦੇ ਸੈਂਪਲ ਪਾਜ਼ੇਟਿਵ ਆਏ ਹਨ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਅਤੇ ਉਸ ਦਿਨ ਤੋਂ ਉਹ ਪੀ. ਜੀ. ਆਈ. ਵਿਖੇ ਜ਼ੇਰੇ ਇਲਾਜ ਸਨ।

ਇਹ ਵੀ ਪੜ੍ਹੋ : ਵੱਡੀ ਖਬਰ : ਕੋਰੋਨਾ ਦੇ ਗੜ੍ਹ ਮੋਹਾਲੀ 'ਚ 2 ਨਵੇਂ ਕੇਸ ਪਾਜ਼ੇਟਿਵ, ਕੁੱਲ ਪੀੜਤਾਂ ਦੀ ਗਿਣਤੀ 56 'ਤੇ ਪੁੱਜੀ
ਘਰ 'ਚ ਸਿਰਫ ਮੇਰਾ ਬੇਟਾ ਅਤੇ ਬੇਟੀ ਹੀ : ਮਲਕੀਤ ਸਿੰਘ
ਮੈਂਬਰ ਪੰਚਾਇਤ ਜਵਾਹਰਪੁਰ ਮਲਕੀਤ ਸਿੰਘ (43) ਤੋਂ ਇਲਾਵਾ ਉਸ ਦੀ ਪਤਨੀ ਹਰਵਿੰਦਰ ਕੌਰ (40), ਪਿਤਾ ਭਾਗ ਸਿੰਘ (65), ਮਾਤਾ ਬਲਵਿੰਦਰ ਕੌਰ (62), ਭਰਾ ਕੁਲਵਿੰਦਰ ਸਿੰਘ (38), ਭਰਾ ਦੀ ਪਤਨੀ ਸੀਮਾ (33), ਭਰਾ ਦਾ ਬੇਟਾ ਦਮਨਦੀਪ ਸਿੰਘ (12), ਬੇਟਾ ਅਰਸ਼ਦੀਪ ਸਮੇਤ ਘਰ ਦੇ 8 ਮੈਂਬਰਾਂ ਦੇ ਸੈਂਪਲਾਂ ਦੀ ਰਿਪੋਰਟ ਪਾਜ਼ੇਟਿਵ ਹੈ ਜਿਨ੍ਹਾਂ ਗਿਆਨ ਸਾਗਰ ਹਸਪਤਾਲ ਬਨੂੰਡ਼ ਵਿਚ 14 ਦਿਨਾਂ ਲਈ ਕੁਆਰੰਟਾਈਨ ਕੀਤਾ ਹੋਇਆ ਹੈ। ਮਲਕੀਤ ਸਿੰਘ ਅਨੁਸਾਰ ਘਰ ਵਿਚ ਹੁਣ ਉਨ੍ਹਾਂ ਦਾ 21 ਸਾਲਾ ਜਗਦੀਪ ਸਿੰਘ ਅਤੇ ਬੇਟੀ ਅਮਨਪ੍ਰੀਤ ਹੀ ਹਨ, ਜੋ ਕਿ ਉਸ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਖੁਦ ਮਾਨਸਿਕ ਪੀਡ਼ਾ ਝਲਦਿਆਂ ਇਹ ਪਹਾਡ਼ ਜਿੱਡਾ ਦੁੱਖ ਆਪਣੇ ਪਿੰਡੇ ’ਤੇ ਹਢਾ ਰਹੇ ਹਨ। ਮਲਕੀਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿਚ ਰਹਿਣ ਅਤੇ ਸੋਸ਼ਲ ਡਿਸਟੈਂਸ ਦੀ ਪਾਲਣਾ ਹਰ ਹਿੱਲੇ ਕਰਨਾ ਯਕੀਨੀ ਬਣਾਉਣ।
ਪਿੰਡ ’ਤੇ ਕੁਦਰਤੀ ਕਰੋਪੀ, ਪ੍ਰਮਾਤਮਾ ਆਪ ਹੀ ਕਰੇਗਾ ਸਭ ਠੀਕ : ਗੁਰਮਿੰਦਰ ਸਿੰਘ
ਪਿੰਡ ਦੇ ਸਰਪੰਚ ਕਮਲਜੀਤ ਕੌਰ ਦੇ ਪਤੀ ਗੁਰਮਿੰਦਰ ਸਿੰਘ ਮੈਂਬਰ ਬਲਾਕ ਸੰਮਤੀ ਡੇਰਾਬੱਸੀ ਨੇ ਗਿਆਨ ਸਾਗਰ ਹਸਪਤਾਲ ਬਨੂੰੜ ਤੋਂ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿੰਡ 'ਤੇ ਕੁਦਰਤੀ ਕਰੋਪੀ ਹੈ ਅਤੇ ਹੁਣ ਪ੍ਰਮਾਤਮਾ ਹੀ ਸਭ ਠੀਕ ਕਰੇਗਾ। ਜ਼ਿਕਰਯੋਗ ਹੈ ਕਿ ਗੁਰਮਿੰਦਰ ਸਿੰਘ ਅਤੇ ਮਲਕੀਤ ਸਿੰਘ ਦੇ 22 ਦੇ ਕਰੀਬ ਪਾਜ਼ੇਟਿਵ ਪਰਿਵਾਰਕ ਮੈਂਬਰ ਅਤੇ ਸੰਪਰਕ ਵਾਲੇ ਪਾਜ਼ੇਟਿਵ ਕੇਸ ਹਨ। ਗੁਰਮਿੰਦਰ ਨੇ ਕਿਹਾ ਕਿ ਕਰਫਿਊ ਦੌਰਾਨ ਲੋਕਾਂ ਨੂੰ ਘਰ ਵਿਚ ਹੀ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਸ ਦੇ ਭਤੀਜੇ ਦਾ ਡੇਢ ਸਾਲ ਬੱਚਾ ਵੀ ਕੋਰੋਨਾ ਵਾਇਰਸ ਨਾਲ ਪੀੜਤ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਰੂਪੀ ਮਹਾਮਾਰੀ ਖਿਲਾਫ ਸਾਨੂੰ ਸਾਰਿਆਂ ਨੂੰ ਮਿਲ ਕੇ ਲੜਾਈ ਲੜਨੀ ਚਾਹੀਦੀ ਹੈ ਅਤੇ ਇਸ ਲੜਾਈ ਵਿਚ ਹਮੇਸ਼ਾ ਸਾਕਾਰਾਤਮਕ ਰੂਪੀ ਹੀ ਅਪਣਾਉਣਾ ਚਾਹੀਦਾ ਹੈ।
ਅਗਲੇ 28 ਦਿਨ ਤਕ ਰੱਖਿਆ ਜਾਵੇਗਾ ਪੂਰਾ ਧਿਆਨ
ਇਕੱਲੇ ਪਿੰਡ ਜਵਾਹਰਪੁਰ ਦੇ ਹੀ 245 ਦੇ ਕਰੀਬ ਲਏ ਗਏ ਸੈਂਪਲਾਂ 'ਚੋਂ ਸਿਰਫ 3 ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ ਅਤੇ ਬੀਤੇ ਦਿਨ ਬਾਕੀ ਰਹਿੰਦੇ ਸਾਰੇ ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇਹ ਗੱਲ ਮੋਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਗੱਲਬਾਤ ਦੌਰਾਨ ਕਹੀ। ਡਾ. ਮਨਜੀਤ ਸਿੰਘ ਨੇ ਕਿਹਾ ਕਿ ਭਾਵੇਂ ਹਾਲੇ ਦੀ ਸਥਿਤੀ ’ਤੇ ਪੂਰਾ ਕੰਟਰੋਲ ਹੈ ਪਰ ਆਉਣ ਵਾਲੇ 14 ਦਿਨ ਤਕ ਹੀ ਨਹੀਂ, ਸਗੋਂ ਲਗਾਤਾਰ 28 ਦਿਨ ਤੱਕ ਪਿੰਡ ਜਵਾਹਰਪੁਰ ਸਮੇਤ ਜ਼ਿਲੇ ਭਰ 'ਚ ਸਿਹਤ ਸੇਵਾਵਾਂ ਨੂੰ ਲੈ ਕੇ ਪੂਰਾ ਧਿਆਨ ਰੱਖਿਆ ਜਾਵੇਗਾ। ਉਨ੍ਹਾਂ ਦੁਹਰਾਇਆ ਕਿ ਸਿਹਤ ਸਬੰਧੀ ਲੋਕਾਂ ਦੀ ਜਾਂਚ ਕਰਨ ਲਈ ਪਿੰਡ 'ਚ ਫਿਰ ਤੋਂ ਸਰਵੇ ਕੀਤਾ ਜਾਵੇਗਾ ਅਤੇ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ਾਂ ਦੀ ਪਛਾਣ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਤੁਰੰਤ ਕੁਆਰੰਟਾਈਨ ਕੀਤਾ ਜਾਵੇਗਾ।


author

Babita

Content Editor

Related News