ਪਿੰਡ ਜਲਾਲਪੁਰ ''ਚ ਅਣਪਛਾਤੇ ਲੁਟੇਰਿਆਂ ਨੇ ਸੇਵਾਮੁਕਤ ਫੌਜੀ ''ਤੇ ਚਲਾਈ ਗੋਲੀ
Friday, Dec 11, 2020 - 09:12 PM (IST)
![ਪਿੰਡ ਜਲਾਲਪੁਰ ''ਚ ਅਣਪਛਾਤੇ ਲੁਟੇਰਿਆਂ ਨੇ ਸੇਵਾਮੁਕਤ ਫੌਜੀ ''ਤੇ ਚਲਾਈ ਗੋਲੀ](https://static.jagbani.com/multimedia/2020_2image_00_22_179057070firing.jpg)
ਟਾਂਡਾ ਉੜਮੁੜ,(ਵਰਿੰਦਰ ਪੰਡਿਤ) : ਪਿੰਡ ਜਲਾਲਪੁਰ 'ਚ ਅਣਪਛਾਤੇ ਲੁਟੇਰਿਆਂ ਵਲੋਂ ਅੱਜ ਸ਼ਾਮ ਇਕ ਸੇਵਾਮੁਕਤ ਫੌਜੀ 'ਤੇ ਗੋਲੀ ਚਲਾ ਕੇ ਜਾਨਲੇਵਾ ਹਮਲਾ ਕੀਤਾ ਗਿਆ, ਜਿਸ ਦੌਰਾਨ ਸੇਵਾਮੁਕਤ ਫੌਜੀ ਗੰਭੀਰ ਜ਼ਖਮੀ ਹੋ ਗਿਆ। | ਵਾਰਦਾਤ ਸ਼ਾਮ 8 ਵਜੇ ਦੀ ਦੱਸੀ ਜਾ ਰਹੀ ਹੈ।|ਗੋਲੀ ਲੱਗਣ ਕਾਰਨ ਗੰਭੀਰ ਜ਼ਖਮੀ ਹੋਏ ਜਵਿੰਦ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਜਲਾਲਪੁਰ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਜਵਿੰਦ ਸਿੰਘ ਜਦੋ ਬੇਗੋਵਾਲ ਤੋਂ ਆਪਣੀ ਪਤਨੀ ਸਰਬਜੀਤ ਕੌਰ ਨਾਲ ਕਿਸੇ ਸਮਾਗਮ ਤੋਂ ਵਾਪਿਸ ਆ ਰਿਹਾ ਸੀ ਤਾਂ ਜਦ ਉਹ ਆਪਣੇ ਘਰ ਨੇੜੇ ਪਹੁੰਚਿਆ ਤਾਂ ਉਸ ਦਾ ਪਿੱਛਾ ਕਰ ਰਹੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸ ਦੇ ਕਾਰ 'ਚੋਂ ਉਤਰਦਿਆਂ ਹੀ ਉਸ ਨੂੰ ਘੇਰ ਲਿਆ ਅਤੇ ਲੁੱਟਣ ਦੀ ਕੋਸ਼ਿਸ਼ ਕੀਤੀ।
ਜਵਿੰਦ ਸਿੰਘ ਦੇ ਵਿਰੋਧ ਕਰਨ 'ਤੇ ਲੁਟੇਰਿਆਂ ਨੇ ਗੋਲੀ ਚਲਾ ਦਿੱਤੀ, ਅਤੇ ਗੋਲੀ ਉਸ ਦੀ ਵੱਖੀ 'ਚ ਲੱਗੀ। ਇਸ ਦੌਰਾਨ ਉਸ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਵਿੱਚ ਮੁੱਢਲੀ ਡਾਕਟਰੀ ਮਦਦ ਤੋਂ ਬਾਅਦ ਜਲੰਧਰ ਰੈਫਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਸਵਾਰ ਕਾਰ ਦਾ ਪਿੱਛਾ ਕਰਦੇ ਆ ਰਹੇ ਸਨ ਅਤੇ ਪਿੰਡ ਜਲਾਲਪੁਰ ਵਿੱਚ ਆ ਕੇ ਉਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਐੱਸ. ਐੱਚ. ਓ. ਟਾਂਡਾ ਬਿਕਰਮ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। |