ਸਾਹਨੀ ਨੇ ਕੇਂਦਰੀ ਮੰਤਰੀ ਗਡਕਰੀ ਕੋਲ ਉਠਾਇਆ ਪੰਜਾਬ ਦੇ ਰਾਜ ਮਾਰਗਾਂ ਦਾ ਮੁੱਦਾ
Friday, Dec 13, 2024 - 12:08 AM (IST)
ਚੰਡੀਗੜ੍ਹ , (ਅੰਕੁਰ)- ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕਰ ਕੇ ਪੰਜਾਬ ਦੇ ਮਹੱਤਵਪੂਰਨ ਰਾਜ ਮਾਰਗਾਂ ’ਤੇ ਆਵਾਜਾਈ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਲਈ ਕਿਹਾ।
ਉਨ੍ਹਾਂ ਨੇ ਜੀ. ਟੀ. ਰੋਡ ਨੂੰ ਹਰਿਮੰਦਰ ਸਾਹਿਬ ਨਾਲ ਜੋੜਨ ਲਈ ਮਾਸ ਰੈਪਿਡ ਟਰਾਂਜ਼ਿਟ ਸਿਸਟਮ (ਐੱਮ. ਆਰ. ਟੀ. ਐੱਸ.) ਦੀ ਫੌਰੀ ਲੋੜ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਹਰ ਰੋਜ਼ ਡੇਢ ਲੱਖ ਤੋਂ ਵੱਧ ਸ਼ਰਧਾਲੂ ਦਰਬਾਰ ਸਾਹਿਬ ਆਉਂਦੇ ਹਨ ਤੇ ਇਥੇ ਟ੍ਰੈਫਿਕ ਦੀ ਕਾਫ਼ੀ ਸਮੱਸਿਆ ਰਹਿੰਦੀ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੇ ਤਿੰਨ ਮਹੱਤਵਪੂਰਨ ਬਾਈਪਾਸ ਪ੍ਰਾਜੈਕਟ ਸਰਹਿੰਦ ਸ਼ਹਿਣਾ ਬਾਈਪਾਸ (ਮੋਹਾਲੀ-ਬਰਨਾਲਾ), ਜ਼ੀਰਕਪੁਰ ਬਾਈਪਾਸ ਤੇ ਫ਼ਰੀਦਕੋਟ ਲਈ ਗ੍ਰੀਨ ਫੀਲਡ ਬਾਈਪਾਸ ਨੂੰ ਜਲਦੀ ਮੁਕੰਮਲ ਕਰਨ ਦੀ ਵੀ ਵਕਾਲਤ ਕੀਤੀ। ਇਹ ਪ੍ਰਾਜੈਕਟ ਮੁੱਖ ਮਾਰਗਾਂ ’ਤੇ ਭੀੜ-ਭੜੱਕੇ ਨੂੰ ਘੱਟ ਕਰਨ ਤੇ ਪੰਜਾਬ ਆਉਣ ਵਾਲੇ ਸੈਲਾਨੀਆਂ ਲਈ ਯਾਤਰਾ ਦੀ ਸਹੂਲਤ ਨੂੰ ਬਿਹਤਰ ਬਣਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।
ਉਨ੍ਹਾਂ ਇਹ ਵੀ ਮੰਗ ਕੀਤੀ ਕਿ ਪਰਾਲੀ ਸਾੜਨ ਦੀ ਸਮੱਸਿਆ ਨੂੰ ਘਟਾਉਣ ਲਈ ਜੈਵਿਕ ਰਹਿੰਦ-ਖੂੰਹਦ ਦੀ ਵਰਤੋਂ ਕਰਦਿਆਂ ਬਾਇਓਗੈਸ ਅਤੇ ਬਦਲਵੀਆਂ ਈਂਧਣ ਪਹਿਲਕਦਮੀਆਂ ਲਈ ਢੁਕਵਾਂ ਬਜਟ ਅਲਾਟ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਨੇ ਇਨ੍ਹਾਂ ਸਾਰੇ ਪ੍ਰਾਜੈਕਟਾਂ ਨੂੰ ਤੇਜ਼ ਕਰਨ ਲਈ ਢੁਕਵੇਂ ਬਜਟ ਦੀ ਵੰਡ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਲਾਭ ਮਿਲ ਸਕੇ, ਜਿਸ ਲਈ ਗਡਕਰੀ ਨੇ ਇਨ੍ਹਾਂ ਮਹੱਤਵਪੂਰਨ ਸੜਕੀ ਪ੍ਰੋਜੈਕਟਾਂ ਤੇ ਵਾਤਾਵਰਨ ਪਹਿਲਕਦਮੀਆਂ ਲਈ ਆਪਣੇ ਸਮਰਥਨ ਤੇ ਵਚਨਬੱਧਤਾ ਦਾ ਭਰੋਸਾ ਦਿੱਤਾ।