ਕਈ ਮਹੀਨਿਆਂ ਤੋਂ ਬਿਨਾਂ ਆਰ. ਸੀ. ਦੇ ਚੱਲ ਰਹੀ ਹੈ ਕੇਂਦਰੀ ਮੰਤਰੀ ਦੀ ਗੱਡੀ

Wednesday, Sep 20, 2017 - 03:55 AM (IST)

ਕਈ ਮਹੀਨਿਆਂ ਤੋਂ ਬਿਨਾਂ ਆਰ. ਸੀ. ਦੇ ਚੱਲ ਰਹੀ ਹੈ ਕੇਂਦਰੀ ਮੰਤਰੀ ਦੀ ਗੱਡੀ

ਸਾਂਪਲਾ ਨੂੰ ਅਲਾਟ ਫੈਂਸੀ ਨੰਬਰ ਦਾ ਮਾਮਲਾ 
ਜਲੰਧਰ(ਅਮਿਤ)-ਆਰ. ਟੀ. ਏ. ਦਫਤਰ (ਡੀ. ਟੀ. ਓ. ਦਫਤਰ) ਦੇ ਅੰਦਰ ਹਾਲ ਹੀ ਵਿਚ ਇਕ ਫੈਂਸੀ ਨੰਬਰ ਪੀ ਬੀ 08 ਏ ਐੱਫ 0024 ਜੋ 2001 ਵਿਚ ਨਕੋਦਰ ਨਿਵਾਸੀ ਸੁਖਦੇਵ ਸਿੰਘ ਦੀ ਫੋਰਡ ਆਈਕਨ ਗੱਡੀ ਨੂੰ ਅਲਾਟ ਕੀਤਾ ਗਿਆ ਸੀ ਅਤੇ ਬਾਅਦ ਵਿਚ 2009 ਦੇ ਅੰਦਰ ਇਸੇ ਨੰਬਰ ਨੂੰ ਕੇਂਦਰੀ ਮੰਤਰੀ ਵਿਜੇ ਸਾਂਪਲਾ ਦੀ ਇਨੋਵਾ ਗੱਡੀ ਨੂੰ ਅਲਾਟ ਕੀਤੇ ਜਾਣ ਦੀ ਗੱਲ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿਚ ਹਰ ਰੋਜ਼ ਘਟਨਾਕ੍ਰਮ ਬੜੀ ਤੇਜ਼ੀ ਨਾਲ ਬਦਲ ਰਹੇ ਹਨ ਅਤੇ ਕੋਈ ਨਾ ਕੋਈ ਨਵੀਂ ਗੱਲ ਸਾਹਮਣੇ ਆ ਰਹੀ ਹੈ।  ਇਸੇ ਲੜੀ ਵਿਚ ਜੋ ਨਵਾਂ ਤੱਥ ਸਾਹਮਣੇ ਆਇਆ ਹੈ, ਉਹ ਇਹ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਕੇਂਦਰੀ ਮੰਤਰੀ ਵਿਜੇ ਸਾਂਪਲਾ ਦੀ ਗੱਡੀ ਬਿਨਾਂ ਆਰ. ਸੀ. ਦੇ ਹੀ ਸੜਕਾਂ 'ਤੇ ਦੌੜ ਰਹੀ ਹੈ ਅਤੇ ਉਨ੍ਹਾਂ ਵਲੋਂ ਨਵੀਂ ਆਰ. ਸੀ. (ਡੁਪਲੀਕੇਟ) ਬਣਾਉਣ ਲਈ ਕੋਈ ਬਿਨੈ ਪੱਤਰ ਡੀ. ਟੀ. ਓ. ਦਫਤਰ ਦੇ ਕੋਲ ਦਿੱਤਾ ਹੀ ਨਹੀਂ ਗਿਆ ਹੈ। ਸੂਤਰਾਂ ਮੁਤਾਬਕ ਅਜਿਹੀ ਵੀ ਚਰਚਾ ਹੈ ਕਿ ਕੁਝ ਮਹੀਨੇ ਪਹਿਲਾਂ ਸਾਂਪਲਾ ਵਲੋਂ ਹੁਸ਼ਿਆਰਪੁਰ ਵਿਚ ਆਪਣੀ ਗੱਡੀ ਦੀ ਆਰ. ਸੀ. ਗੁਆਚਣ ਦੀ ਰਿਪੋਰਟ ਲਿਖਵਾਈ ਜਾ ਚੁੱਕੀ ਹੈ ਪਰ ਸੋਚਣ ਵਾਲੀ ਗੱਲ ਹੈ ਕਿ ਜੇਕਰ ਰਿਪੋਰਟ ਲਿਖਵਾਈ ਗਈ ਸੀ ਤਾਂ ਫਿਰ ਡੁਪਲੀਕੇਟ ਆਰ. ਸੀ. ਬਣਾਉਣ ਲਈ ਡੀ. ਟੀ. ਓ. ਦਫਤਰ ਵਿਖੇ ਬਿਨੈ ਪੱਤਰ ਕਿਉਂ ਨਹੀਂ ਜਮ੍ਹਾ ਕਰਵਾਇਆ ਗਿਆ ਅਤੇ ਜੇਕਰ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਸੀ ਕਿ ਉਨ੍ਹਾਂ ਦੀ ਗੱਡੀ ਦੀ ਆਰ. ਸੀ. ਪੁਲਸ ਦੇ ਕੋਲ ਪਈ ਹੋਈ ਹੈ ਤਾਂ ਉਨ੍ਹਾਂ ਵਲੋਂ  ਗੱਡੀ ਦੀ ਆਰ. ਸੀ. ਪੁਲਸ ਪ੍ਰਸ਼ਾਸਨ ਕੋਲੋਂ ਲੈਣ ਦਾ ਕੋਈ ਯਤਨ ਕਿਉਂ ਨਹੀਂ ਕੀਤਾ ਗਿਆ। ਇੰਨਾ ਹੀ ਨਹੀਂ, ਹਾਲ ਹੀ ਵਿਚ ਸਾਹਮਣੇ ਆਈ ਗੜਬੜੀ ਜਿਸ ਵਿਚ ਇਸ ਗੱਲ ਦਾ ਪਤਾ ਲੱਗਾ ਹੈ ਕਿ ਉਨ੍ਹਾਂ ਦੀ ਗੱਡੀ 'ਤੇ ਲੱਗਾ ਨੰਬਰ ਕਿਸੇ ਹੋਰ ਦੀ ਗੱਡੀ ਦਾ ਹੈ। ਉਨ੍ਹਾਂ ਵਲੋਂ ਆਪਣੀ ਗੱਡੀ ਦੀ ਆਰ. ਸੀ. ਸਹੀ ਕਰਵਾਉਣ ਲਈ ਵੀ ਵਿਭਾਗ ਦੇ ਕੋਲ ਕੋਈ ਬਿਨੈ ਪੱਤਰ ਕਿਉਂ ਨਹੀਂ ਜਮ੍ਹਾ ਕਰਵਾਇਆ ਗਿਆ। 
ਜਾਣਕਾਰੀ ਮੁਤਾਬਕ ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਵਲੋਂ ਕਮਿਸ਼ਨਰ ਪੀ. ਕੇ. ਸਿਨ੍ਹਾ ਦੇ ਕੋਲ ਜੋ ਰਿਪੋਰਟ ਭੇਜੀ ਗਈ ਸੀ, ਉਸ ਵਿਚ ਇਸ ਗੱਲ ਦਾ ਜ਼ਿਕਰ ਜ਼ਰੂਰ ਕੀਤਾ ਗਿਆ ਹੈ ਕਿ ਵਿਭਾਗ ਤੋਂ ਗਲਤੀ ਹੋਈ ਹੈ ਅਤੇ ਗਲਤੀ ਸੁਧਾਰਨ ਲਈ ਪੁਲਸ ਦੇ ਕੋਲ ਪਈ ਹੋਈ ਓਰੀਜਨਲ ਆਰ. ਸੀ. ਉਨ੍ਹਾਂ ਦੇ ਕੋਲ ਭੇਜੀ ਜਾਵੇ ਤਾਂ ਕਿ ਉਨ੍ਹਾਂ ਦੀ ਗੱਡੀ ਨੂੰ ਕੋਈ ਹੋਰ ਨੰਬਰ ਲਗਾ ਕੇ ਨਵੀਂ ਆਰ. ਸੀ. ਜਾਰੀ ਕੀਤੀ ਜਾ ਸਕੇ।  ਉਂਝ ਇਥੇ ਦੱਸਣਯੋਗ ਹੈ ਕਿ ਡੀ. ਟੀ. ਓ. ਦਫਤਰ ਦੇ ਕੋਲ ਵਿਜੇ ਸਾਂਪਲਾ ਦੀ ਗੱਡੀ ਦਾ ਕੋਈ ਰਿਕਾਰਡ ਨਾ ਮਿਲਣ ਨੂੰ ਲੈ ਕੇ ਆਰ. ਟੀ. ਏ. ਨੇ ਆਪਣੇ ਵਲੋਂ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ ਅਤੇ ਜਲਦੀ ਹੀ ਇਸ ਨੂੰ ਲੈ ਕੇ ਵੀ ਪੜਤਾਲ ਸ਼ੁਰੂ ਹੋਣ ਵਾਲੀ ਹੈ ਕਿ ਵਿਭਾਗ ਦੇ ਕਿਸ ਕਰਮਚਾਰੀ ਵਲੋਂ ਕੋਤਾਹੀ ਵਰਤੀ ਗਈ ਹੈ।


Related News