ਹੁਣ ਟੈਕਨੀਕਲ ਅਤੇ ਮਾਹਿਰ ਪੁਲਸ ਅਫਸਰ ਕਰਨਗੇ ਸਾਂਪਲਾ ਪਰਿਵਾਰ ''ਤੇ ਲੱਗੇ ਦੋਸ਼ਾਂ ਦੀ ਜਾਂਚ
Tuesday, Sep 19, 2017 - 06:30 AM (IST)
ਜਲੰਧਰ(ਪਾਹਵਾ, ਪ੍ਰੀਤ)-ਪੰਜਾਬ ਭਾਜਪਾ ਦੇ ਪ੍ਰਧਾਨ ਅਤੇ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਦੇ ਭਤੀਜੇ ਆਸ਼ੂ ਸਾਂਪਲਾ, ਪੁੱਤਰ ਸਾਹਿਲ ਸਾਂਪਲਾ ਅਤੇ ਹੋਰ ਭਾਜਪਾ ਨੇਤਾਵਾਂ ਤੇ ਸਾਂਪਲਾ ਪਰਿਵਾਰ ਦੇ ਕਰੀਬੀ ਲੋਕਾਂ ਖਿਲਾਫ ਇਕ ਵਾਰ ਫਿਰ ਨਵੀਂ ਜਾਂਚ ਸ਼ੁਰੂ ਹੋਣ ਜਾ ਰਹੀ ਹੈ। ਆਸ਼ੂ ਸਾਂਪਲਾ ਅਤੇ ਸਾਹਿਲ ਸਾਂਪਲਾ ਸਣੇ ਹੋਰ ਲੋਕਾਂ 'ਤੇ ਮਿੰਟੀ ਕੌਰ ਨੇ ਸਰੀਰਕ ਸ਼ੋਸ਼ਣ, ਲੁੱਟ-ਖੋਹ, ਕੁੱਟਮਾਰ ਅਤੇ ਸੋਸ਼ਲ ਮੀਡੀਆ ਅਕਾਊਂਟ ਹੈਕ ਕਰਨ ਦੇ ਦੋਸ਼ ਲਾਏ ਸਨ। ਮਿੰਟੀ ਕੌਰ ਨੇ ਦੋਸ਼ ਲਾਇਆ ਸੀ ਕਿ ਉਕਤ ਮਾਮਲੇ ਵਿਚ ਪੁਲਸ ਨੇ ਉਸ ਦੇ ਪੱਖ ਅਤੇ ਸਬੂਤਾਂ 'ਤੇ ਗੌਰ ਨਹੀਂ ਕੀਤਾ। ਉਸ ਦੀ ਸ਼ਿਕਾਇਤ 'ਤੇ ਪ੍ਰਧਾਨ ਮੰਤਰੀ ਦਫਤਰ ਅਤੇ ਹਾਈ ਕੋਰਟ ਦੇ ਦਖਲ ਤੋਂ ਬਾਅਦ ਸਥਾਨਕ ਪੁਲਸ ਪ੍ਰਸ਼ਾਸਨ ਵੀ ਹਰਕਤ ਵਿਚ ਆ ਗਿਆ ਹੈ। ਬੇਸ਼ੱਕ ਸਥਾਨਕ ਪੱਧਰ 'ਤੇ ਇਕ ਐੱਸ. ਆਈ. ਟੀ. ਦਾ ਗਠਨ ਕੀਤਾ ਗਿਆ ਸੀ ਜਿਸ ਨੇ ਮਾਮਲੇ ਦੀ ਜਾਂਚ ਕੀਤੀ ਸੀ ਪਰ ਮਾਮਲਾ ਵਿਗੜਦਾ ਦੇਖ ਕੇ ਫਿਰ ਤੋਂ ਵੱਖਰੇ ਐਂਗਲ ਤੋਂ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਮਿੰਟੀ ਕੌਰ ਦੇ ਉਨ੍ਹਾਂ ਦੋਸ਼ਾਂ ਜਿਨ੍ਹਾਂ ਵਿਚ ਉਸ ਦੇ ਸੋਸ਼ਲ ਮੀਡੀਆ ਅਕਾਊਂਟ ਨੂੰ ਹੈਕ ਕਰਨ ਅਤੇ ਉਸ ਦੀ ਮੇਲ ਆਈਡੀ ਹੈਕ ਕਰਨ ਨੂੰ ਲੈ ਕੇ ਸਬੂਤ ਦਿੱਤੇ ਗਏ ਸਨ, ਨੂੰ ਧਿਆਨ ਵਿਚ ਰੱਖ ਕੇ ਟੈਕਨੀਕਲ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ। ਜਾਂਚ ਵਿਚ ਇਹ ਗੱਲ ਧਿਆਨ ਵਿਚ ਰੱਖੀ ਜਾਵੇਗੀ ਕਿ ਮਿੰਟੀ ਕੌਰ ਦੇ ਮੋਬਾਇਲ ਜੋ ਉਸ ਕੋਲੋਂ ਖੋਹੇ ਗਏ ਸਨ, ਕਿਸ ਵਲੋਂ ਇਸਤੇਮਾਲ ਕੀਤੇ ਗਏ ਹਨ।
ਇਹੀ ਨਹੀਂ, ਮਿੰਟੀ ਦਾ ਸੋਸ਼ਲ ਮੀਡੀਆ ਵੀ ਹੈਕ ਹੋ ਗਿਆ ਸੀ ਜਿਸ ਨੂੰ ਪੁਲਸ ਜਾਂਚ ਦੇ ਘੇਰੇ ਵਿਚ ਨਹੀਂ ਲਿਆਂਦਾ ਗਿਆ ਸੀ। ਮਾਮਲੇ ਨੂੰ ਲੈ ਕੇ ਪੁਲਸ ਹੁਣ ਇਨ੍ਹਾਂ ਸਾਰੇ ਪਹਿਲੂਆਂ 'ਤੇ ਦੁਬਾਰਾ ਨਵੇਂ ਸਿਰੇ ਤੋਂ ਜਾਂਚ ਕਰਨ ਜਾ ਰਹੀ ਹੈ। ਓਧਰ ਜਾਣਕਾਰੀ ਮਿਲੀ ਹੈ ਕਿ ਗ੍ਰਹਿ ਵਿਭਾਗ ਵਲੋਂ ਵੀ ਪੁਲਸ ਨੂੰ ਨਵੇਂ ਸਿਰੇ ਤੋਂ ਜਾਂਚ ਲਈ ਪੁਲਸ ਨੇ ਨਿਰਦੇਸ਼ ਜਾਰੀ ਕੀਤੇ ਗਏ ਹਨ ਜਿਸ ਵਿਚ ਦੁਬਾਰਾ ਨਵੇਂ ਸਿਰੇ ਤੋਂ ਕਿਸੇ ਹੋਰ ਅਧਿਕਾਰੀ ਦੀ ਅਗਵਾਈ ਵਿਚ ਐੱਸ. ਆਈ. ਟੀ. ਗਠਿਤ ਕਰਨ ਨੂੰ ਲੈ ਕੇ ਵੀ ਚਰਚਾ ਚੱਲ ਰਹੀ ਹੈ।ਪੁਲਸ ਕਮਿਸ਼ਨਰ ਪ੍ਰਵੀਨ ਸਿਨਹਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮਿੰਟੀ ਕੌਰ ਵਲੋਂ ਆਸ਼ੂ ਸਾਂਪਲਾ 'ਤੇ ਲਾਏ ਗਏ ਦੋਸ਼ਾਂ ਦੀ ਜਾਂਚ ਹੁਣ ਏ. ਡੀ. ਸੀ. ਪੀ. ਇਨਵੈਸਟੀਗੇਸ਼ਨ ਮਨਦੀਪ ਸਿੰਘ ਦੀ ਅਗਵਾਈ ਵਿਚ 3 ਮੈਂਬਰੀ ਟੀਮ ਕਰੇਗੀ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਪਹਿਲਾਂ ਹੀ ਕੀਤੀ ਜਾ ਰਹੀ ਹੈ ਪਰ ਕਿਉਂਕਿ ਮਿੰਟੀ ਵਲੋਂ ਕੁਝ ਦੋਸ਼ ਅਜਿਹੇ ਲਾਏ ਗਏ ਹਨ ਜਿਨ੍ਹਾਂ ਦੀ ਜਾਂਚ ਤਕਨੀਕੀ ਢੰਗ ਨਾਲ ਕਰਨ ਲਈ ਸੀਨੀਅਰ ਅਧਿਕਾਰੀ ਚਾਹੀਦੇ ਸਨ, ਇਸ ਲਈ ਅੱਜ ਏ. ਡੀ. ਸੀ. ਪੀ. ਇਨਵੈਸਟੀਗੇਸ਼ਨ ਮਨਦੀਪ ਸਿੰਘ ਦੀ ਅਗਵਾਈ ਵਿਚ 3 ਮੈਂਬਰੀ ਟੀਮ ਬਣਾਈ ਗਈ ਹੈ, ਜੋ ਕਿ ਪਹਿਲਾਂ ਤੋਂ ਚੱਲ ਰਹੀ ਜਾਂਚ ਨੂੰ ਪ੍ਰੋਫੈਸ਼ਨਲ ਅਤੇ ਟੈਕਨੀਕਲ ਢੰਗ ਨਾਲ ਅੱਗੇ ਰਿਪੋਰਟ ਸਬਮਿਟ ਕਰੇਗੀ।
