ਸਿੰਗਲਾ ਵੱਲੋਂ ਸਿੱਖਿਆ ਬਲਾਕਾਂ ਦੇ ਪੁਨਰ-ਗਠਨ ਨੂੰ ਪ੍ਰਵਾਨਗੀ, 27 ਪ੍ਰਾਇਮਰੀ ਸਕੂਲਾਂ ਦੇ ਬਲਾਕ ਬਦਲੇ
Thursday, May 06, 2021 - 03:52 PM (IST)
ਚੰਡੀਗੜ੍ਹ : ਸਕੂਲਾਂ ਦੇ ਕੰਮ-ਕਾਜ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ 27 ਪ੍ਰਾਇਮਰੀ ਸਕੂਲਾਂ ਦੇ ਬਲਾਕ ਬਦਲਣ ਲਈ ਪ੍ਰਵਾਨਗੀ ਦੇ ਦਿੱਤੀ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਅੱਜ ਇੱਥੇ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਿੱਖਿਆ ਮੰਤਰੀ ਦੀ ਪ੍ਰਵਾਨਗੀ ਤੋਂ ਬਾਅਦ ਫਤਹਿਗੜ੍ਹ ਜ਼ਿਲ੍ਹੇ ਦੇ ਸੱਤ, ਬਠਿੰਡਾ ਦੇ ਸੱਤ, ਫਿਰੋਜ਼ਪੁਰ ਦੇ ਦੋ, ਫਾਜ਼ਿਲਕਾ ਦੇ ਪੰਜ, ਸ਼ਹੀਦ ਭਗਤ ਸਿੰਘ ਨਗਰ ਦੇ ਦੋ, ਸ੍ਰੀ ਮੁਕਤਸਰ ਸਾਹਿਬ ਦੇ ਇੱਕ ਅਤੇ ਪਟਿਆਲਾ ਜ਼ਿਲ੍ਹੇ ਦੇ ਤਿੰਨ ਸਕੂਲਾਂ ਦੇ ਬਲਾਕ ਬਦਲੇ ਗਏ ਹਨ।
ਬੁਲਾਰੇ ਅਨੁਸਾਰ ਇਹ ਫੈਸਲਾ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਅਤੇ ਅਧਿਆਪਕਾਂ ਦੀਆਂ ਮੁਸ਼ਕਲਾਂ ਨੂੰ ਘਟਾਉਣ ਲਈ ਲਿਆ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਆਪਣੇ ਕੰਮ-ਕਾਜ ਦੌਰਾਨ ਕੋਈ ਵੀ ਮੁਸ਼ਕਲ ਨਾ ਆਏ, ਜਿਨ੍ਹਾਂ ਸਕੂਲਾਂ ਦੇ ਬਲਾਕ ਬਦਲੇ ਗਏ ਹਨ, ਉਨ੍ਹਾਂ ਦੇ ਅਧਿਆਪਕਾਂ ਦਾ ਸਰਵਿਸ ਰਿਕਾਰਡ ਨਵੇਂ ਬਲਾਕਾਂ ਵਿੱਚ ਤਰੁੰਤ ਤਬਦੀਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਇਹ ਰਿਕਾਰਡ ਈ-ਪੰਜਾਬ ਪੋਰਟਲ ’ਤੇ ਅਪਡੇਟ ਕਰਨ ਨੂੰ ਯਕੀਨੀ ਬਨਾਉਣ ਲਈ ਵੀ ਨਿਰਦੇਸ਼ ਦਿੱਤੇ ਗਏ ਹਨ।