ਸਿੰਗਲਾ ਦੀਆਂ ਕੋਸ਼ਿਸ਼ਾਂ ਨੂੰ ਬੂਰ, ਇਸੇ ਮਹੀਨੇ ਹੋਵੇਗੀ 735 ਕਰੋੜ ਰੁਪਏ ਦੇ ਸੜਕੀ ਪ੍ਰਾਜੈਕਟਾਂ ਦੀ ਸ਼ੁਰੂਆਤ

Wednesday, Apr 07, 2021 - 03:05 PM (IST)

ਚੰਡੀਗੜ੍ਹ : ਪੰਜਾਬ ਦੇ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਦੀਆਂ ਲਗਾਤਾਰ ਅਣਥੱਕ ਕੋਸ਼ਿਸ਼ਾਂ ਦੇ ਨਤੀਜੇ ਵਜੋਂ 735 ਕਰੋੜ ਰੁਪਏ ਦੇ ਸੜਕੀ ਪ੍ਰਾਜੈਕਟਾਂ ਦੇ ਕੰਮਾਂ ਦੀ ਸ਼ੁਰੂਆਤ ਇਸੇ ਮਹੀਨੇ ਹੀ ਹੋ ਰਹੀ ਹੈ। ਇਸ ਨਾਲ ਦਿਹਾਤੀ ਖੇਤਰਾਂ ਵਿੱਚ ਸੜਕਾਂ ਦਾ ਪੱਧਰ ਹੋਰ ਵੀ ਸੁਧਰ ਜਾਵੇਗਾ। ਇਸ ਦੀ ਜਾਣਕਾਰੀ ਦਿੰਦੇ ਹੋਏ ਅੱਜ ਇੱਥੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ (ਪੀ. ਐਮ. ਜੀ. ਐਸ. ਵਾਈ)-3 ਬੈਚ-ਦੇ 1 ਪ੍ਰਾਜੈਕਟ ਹੇਠ ਸੂਬੇ ਦੀਆਂ 1045 ਕਿਲੋਮੀਟਰ ਸੜਕਾਂ ਦਾ ਪੱਧਰ ਉੱਚਾ ਚੁੱਕਿਆ ਜਾਵੇਗਾ।

ਇਸ ਪ੍ਰਾਜੈਕਟ ਨੂੰ ਭਾਰਤ ਸਰਕਾਰ ਵੱਲੋਂ ਪਹਿਲਾਂ ਹੀ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ ਅਤੇ ਇਸ ਪ੍ਰਾਜੈਕਟ ਦੀ ਟੈਂਡਰ ਪ੍ਰਕਿਰਿਆ ਦੇ ਨਾਲ-ਨਾਲ ਹੋਰ ਸਾਰੀਆਂ ਮੁੱਢਲੀਆਂ ਉਪਚਾਰਕਤਾਵਾਂ ਪੂਰੀਆਂ ਹੋ ਗਈਆਂ ਹਨ। ਬੁਲਾਰੇ ਅਨਸਾਰ ਇਸ ਪ੍ਰਾਜੈਕਟ ਹੇਠ 12 ਜ਼ਿਲ੍ਹਿਆਂ ਵਿੱਚ 98 ਸੜਕਾਂ ਦਾ ਪੱਧਰ ਉੱਚਾ ਚੁੱਕਿਆ ਜਾਵੇਗਾ, ਜਿਨ੍ਹਾਂ ਵਿੱਚ ਬਠਿੰਡਾ, ਬਰਨਾਲਾ, ਫਰੀਦਕੋਟ, ਫਤਹਿਗੜ੍ਹ ਸਾਹਿਬ , ਫਾਜ਼ਿਲਕਾ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਮੋਗਾ, ਮੋਹਾਲੀ, ਪਟਿਆਲਾ ਅਤੇ ਸੰਗਰੂਰ ਸ਼ਾਮਲ ਹਨ।

ਇਸ ਪ੍ਰਾਜੈਕਟ ਹੇਠ 75 ਕਮਿਊਨਿਟੀ ਬਲਾਕ ਕਵਰ ਕੀਤੇ ਜਾਣਗੇ। ਇਹ ਪ੍ਰਾਜੈਕਟ 60:40 ਦੀ ਅਨੁਪਾਤ ਨਾਲ ਚਲਾਇਆ ਜਾ ਰਿਹਾ ਹੈ। ਇਸ ਵਿੱਚ ਭਾਰਤ ਸਰਕਾਰ ਦਾ 60 ਫ਼ੀਸਦੀ ਅਤੇ ਸੂਬਾ ਸਰਕਾਰ ਦਾ 40 ਫ਼ੀਸਦੀ ਹਿੱਸਾ ਹੋਵੇਗਾ। ਇਨ੍ਹਾਂ ਸੜਕਾਂ ਦੇ 5 ਸਾਲਾਂ ਲਈ ਰੂਟੀਨ ਪ੍ਰਬੰਧਨ ਅਤੇ ਰੱਖ-ਰਖਾਓ ਦੀ ਵੀ ਵਿਵਸਥਾ ਕੀਤੀ ਗਈ ਹੈ। ਇਸ ਵਾਸਤੇ 100 ਕਰੋੜ ਰੁਪਏ ਦੇ ਫੰਡ ਸੂਬਾ ਸਰਕਾਰ ਵੱਲੋਂ ਮੁਹੱਈਆ ਕਰਵਾਏ ਜਾਣਗੇ।
 


Babita

Content Editor

Related News