''ਇੰਗਲਿਸ਼ ਬੂਸਟਰ ਕਲੱਬਾਂ'' ਨਾਲ ਸਰਕਾਰੀ ਸਕੂਲਾਂ ''ਚ ਦਾਖ਼ਲੇ ਹੋਰ ਵਧਣ ਦੀ ਸੰਭਾਵਨਾ

10/22/2020 4:12:59 PM

ਚੰਡੀਗੜ੍ਹ : ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਸਕੂਲ ਸਿੱਖਿਆ ਵਿੱਚ ਗੁਣਾਤਮਕ ਸੁਧਾਰ ਲਿਆਉਣ ਲਈ ਆਰੰਭੀ ਮੁਹਿੰਮ ਦੇ ਹੇਠ ਹੁਣ ਸਿੱਖਿਆ ਮਹਿਕਮੇ ਨੇ ਇੰਗਲਿਸ਼ ਬੂਸਟਰ ਕਲੱਬ (ਈ. ਬੀ. ਸੀ.) ਖੋਲ੍ਹਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਜਿਸ ਦੇ ਨਾਲ ਸਰਕਾਰੀ ਸਕੂਲਾਂ 'ਚ ਦਾਖ਼ਲਾ ਲੈਣ ਦੇ ਰੁਝਾਨ 'ਚ ਹੋਰ ਤੇਜ਼ੀ ਆਉਣ ਦੀ ਸੰਭਾਵਨਾ ਹੈ।

ਸਿੱਖਿਆ ਮਹਿਕਮੇ ਦੇ ਇੱਕ ਬੁਲਾਰੇ ਮੁਤਾਬਕ ਸਿੰਗਲਾ ਵੱਲੋਂ ਸਕੂਲੀ ਸਿੱਖਿਆ 'ਚ ਕੀਤੀਆਂ ਗਈਆਂ ਨਵੀਂਆਂ ਪਹਿਲ ਕਦਮੀਆਂ ਦੇ ਨਤੀਜੇ ਵਜੋਂ ਚਾਲੂ ਵਿੱਦਿਅਕ ਸੈਸ਼ਨ 2020-21 ਦੌਰਾਨ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਦਾਖ਼ਲਿਆਂ 'ਚ 15 ਫ਼ੀਸਦੀ ਤੋਂ ਵੱਧ ਦਾ ਵਾਧਾ ਹੋਇਆ ਹੈ ਅਤੇ ਈ. ਬੀ. ਸੀ. ਦੀ ਇਸ ਨਵੀਂ ਪਹਿਲ ਕਦਮੀ ਨਾਲ ਸਰਕਾਰੀ ਸਕੂਲਾਂ ਪ੍ਰਤੀ ਹੋਰ ਆਕਰਸ਼ਣ ਵੱਧਣ ਦੀ ਪ੍ਰਬਲ ਸੰਭਾਵਨਾ ਹੈ। ਬੁਲਾਰੇ ਦੇ ਅਨੁਸਾਰ ਆਪਣੇ ਬੱਚਿਆਂ ਲਈ ਸਕੂਲ ਦੀ ਚੋਣ ਕਰਨ ਸਮੇਂ ਮਾਪਿਆਂ ਲਈ ਅੰਗਰੇਜ਼ੀ ਹਮੇਸ਼ਾ ਇੱਕ ਪਹਿਲ ਹੁੰਦੀ ਹੈ।

ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਵਿਸ਼ੇਸ਼ ਕਰਕੇ ਅੰਗਰੇਜ਼ੀ ਦੀ ਪੜ੍ਹਾਈ ਦੇ ਮੱਦੇਨਜ਼ਰ ਨਿੱਜੀ ਸਕੂਲਾਂ ਨੂੰ ਤਰਜ਼ੀਹ ਦਿੱਤੀ ਜਾਂਦੀ ਰਹੀ ਹੈ ਅਤੇ ਸਰਕਾਰੀ ਸਕੂਲਾਂ ਵਿੱਚ ਅੰਗਰੇਜ਼ੀ ਦੇ ਪੱਧਰ ਨੂੰ ਉੱਚਾ ਚੁੱਕਣ ਦੇ ਨਾਲ ਹੁਣ ਲੋਕਾਂ ਦਾ ਸਰਕਾਰੀ ਸਕੂਲਾਂ ਵੱਲ ਦਿਲਚਸਪੀ ਪੈਦਾ ਹੋਈ ਹੈ। ਬੁਲਾਰੇ ਅਨੁਸਾਰ ਈ. ਬੀ. ਸੀ. ਦਾ ਮੁੱਖ ਮਕਸਦ ਸਰਕਾਰੀ ਸਕੂਲਾਂ ਵਿਚ ਛੇਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਇੰਗਲਿਸ਼ ਸੰਚਾਰ ਹੁਨਰਾਂ ਨੂੰ ਬਿਹਤਰ ਬਣਾਉਣ ਹੈ। ਸਰਕਾਰੀ ਸਕੂਲਾਂ ਵਿੱਚ ਸੂਬੇ ਦੇ ਸਰੋਤ ਸਮੂਹਾਂ ਵੱਲੋਂ ਗਾਈਡਿਡ ਵੀਡੀਓ, ਰਿਕਾਰਡ ਕੀਤੀਆਂ ਟੇਪਾਂ, ਵਾਕਾਂ ਅਤੇ ਵਾਕਾਂਸਾਂ ਨੂੰ ਸਾਂਝਾ ਕੀਤਾ ਜਾਵੇਗਾ ਅਤੇ ਵਿਦਿਆਰਥੀ ਦਿੱਤੀ ਗਈ ਸਮੱਗਰੀ ਨੂੰ ਆਪਣੀ ਸ਼ੈਲੀ ਅਤੇ ਆਵਾਜ਼ 'ਚ ਦੁਬਾਰਾ ਪੇਸ਼ ਕਰਨਗੇ।

ਇਸ ਪ੍ਰਾਜੈਕਟ ਨੂੰ 12 ਅਕਤੂਬਰ ਤੋਂ ਸ਼ੁਰੂ ਕੀਤਾ ਜਾ ਚੁੱਕਾ ਹੈ ਅਤੇ ਹੁਣ ਤੱਕ ਤਕਰੀਬਨ ਸੱਤ ਹਜ਼ਾਰ ਸਕੂਲਾਂ 'ਚ ਇੰਗਲਿਸ਼ ਬੂਸਟਰ ਕਲੱਬਾਂ ਬਣ ਚੁੱਕੀਆਂ ਹਨ। ਪਹਿਲੇ ਪੜਾਅ 'ਚ ਹਰ ਸੈਕਸ਼ਨ ਜਾਂ ਕਲਾਸ 'ਚੋਂ ਤਿੰਨ ਵਿਦਿਆਰਥੀ ਲੈ ਕੇ ਉਨ੍ਹਾਂ ਨੂੰ ਉਤਸ਼ਾਹਿਤ ਅਤੇ ਪ੍ਰੇਰਿਤ ਕਰਕੇ ਉਨ੍ਹਾਂ 'ਚ ਅੰਗਰੇਜ਼ੀ ਬਾਰੇ ਉਤਸੁਕਤਾ ਪੈਦਾ ਕੀਤੀ ਜਾਵੇਗੀ। ਇਸ ਤੋਂ ਬਾਅਦ ਸਾਰੇ ਵਿਦਿਆਰਥੀਆਂ ਨੂੰ ਕਲੱਬ 'ਚ ਸ਼ਾਮਲ ਕੀਤਾ ਜਾਵੇਗਾ ਤਾਂ ਜੋ ਉਹ ਇੰਗਲਿਸ਼ ਬੂਸਟਰ ਕਲੱਬ ਦਾ ਫਾਇਦਾ ਉਠਾ ਸਕਣਗੇ।


Babita

Content Editor

Related News