ਕਾਨੂੰਨਗੋ ਤੇ ਪਟਵਾਰੀ ਰੰਗੇ ਹੱਥੀਂ ਫੜੇ 6500 ਰੁਪਏ ਰਿਸ਼ਵਤ ਲੈਂਦੇ

Thursday, Jun 21, 2018 - 03:19 PM (IST)

ਜਲੰਧਰ/ਮਹਿਤਪੁਰ (ਬੁਲੰਦ, ਸੂਦ)— ਵਿਜੀਲੈਂਸ ਟੀਮ ਨੇ ਬੀਤੇ ਦਿਨ ਪਿੰਡ ਉਮਰਵਾਲ, ਨਕੋਦਰ ਤੋਂ ਕਾਨੂੰਨਗੋ ਨਛੱਤਰ ਸਿੰਘ ਅਤੇ ਪਟਵਾਰੀ ਸੁਰਿੰਦਰਪਾਲ ਸਿੰਘ ਰੈਵੇਨਿਊ ਵਿਭਾਗ ਮਹਿਤਪੁਰ ਨੂੰ ਸ਼ਿਕਾਇਤਕਰਤਾ ਜਰਨੈਲ ਸਿੰਘ ਕੋਲੋਂ 6500 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ। ਵਿਜੀਲੈਂਸ ਅਧਿਕਾਰੀਆਂ ਨੇ ਦੱਸਿਆ ਕਿ ਸ਼ਿਕਾਇਤਕਰਤਾ ਜਰਨੈਲ ਸਿੰਘ, ਜੋ ਕਿ ਫੌਜ ਤੋਂ ਰਿਟਾਇਰਡ ਹੈ ਅਤੇ ਖੇਤੀਬਾੜੀ ਦਾ ਕੰਮ ਕਰਦਾ ਹੈ, ਨੇ ਆਪਣੀ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਉਣੀ ਸੀ, ਜਿਸ ਲਈ ਉਹ ਕਾਨੂੰਨਗੋ ਅਤੇ ਪਟਵਾਰੀ ਨੂੰ ਮਿਲਿਆ। ਲੰਬਾ ਸਮਾਂ ਲਟਕਾਉਣ ਅਤੇ ਦਫਤਰਾਂ 'ਚ ਚੱਪਲਾਂ ਘਸਾਉਣ ਤੋਂ ਬਾਅਦ ਪਟਵਾਰੀ ਅਤੇ ਕਾਨੂੰਨਗੋ ਨੇ ਉਸ ਕੋਲੋਂ 10 ਹਜ਼ਾਰ ਰੁਪਏ ਦੀ ਮੰਗ ਕੀਤੀ। ਕਾਫੀ ਮਿੰਨਤਾਂ ਕਰਨ ਤੋਂ ਬਾਅਦ ਕਾਨੂੰਨਗੋ 5 ਹਜ਼ਾਰ ਅਤੇ ਪਟਵਾਰੀ 1500 ਰੁਪਏ ਵਿਚ ਨਿਸ਼ਾਨਦੇਹੀ ਲਈ ਮੰਨੇ। 
ਸ਼ਿਕਾਇਤਕਰਤਾ ਨੇ ਕਿਹਾ ਕਿ ਫਿਲਹਾਲ ਮੇਰੇ ਕੋਲ ਪੈਸੇ ਨਹੀਂ ਹਨ ਤਾਂ ਦੋਵਾਂ ਨੇ ਉਸ ਨੂੰ 20 ਜੂਨ ਨੂੰ ਉਨ੍ਹਾਂ ਦੇ ਮਹਿਤਪੁਰ ਵਾਲੇ ਦਫਤਰ ਆ ਕੇ ਪੈਸੇ ਦੇਣ ਨੂੰ ਕਿਹਾ। ਜਰਨੈਲ ਸਿੰਘ ਨੇ ਵਿਜੀਲੈਂਸ ਨੂੰ ਇਸ ਦੀ ਸ਼ਿਕਾਇਤ ਕੀਤੀ ਅਤੇ ਵਿਜੀਲੈਂਸ ਟੀਮ ਨੇ ਟ੍ਰੈਪ ਲਗਾ ਕੇ ਪਟਵਾਰੀ ਅਤੇ ਕਾਨੂੰਨਗੋ ਨੂੰ ਰੰਗੇ ਹੱਥੀਂ ਰਿਸ਼ਵਤ ਲੈਂਦੇ ਫੜਿਆ। ਇਸ ਮੌਕੇ ਡੀ. ਐੱਸ. ਪੀ. ਸਤਪਾਲ, ਇੰਸ. ਕੇਵਲ ਕ੍ਰਿਸ਼ਨ, ਏ. ਐੱਸ. ਆਈ. ਗੁਰਬਖਸ਼ ਸਿੰਘ, ਅਮਨਦੀਪ ਮਾਨ ਦੇ ਨਾਲ ਸਰਕਾਰੀ ਗਵਾਹ ਅਰਵਿੰਦ ਮਹਿਤਾ, ਸੰਜੀਵ ਕੁਮਾਰ ਤੇ ਗੋਪਾਲ ਕ੍ਰਿਸ਼ਨ ਵੀ ਮੌਜੂਦ ਸਨ।


Related News