ਵਿਜੀਲੈਂਸ ਵੱਲੋਂ ਆਰ. ਟੀ. ਏ. ਦਫਤਰ ’ਚ ਛਾਪੇਮਾਰੀ
Wednesday, Jun 17, 2020 - 02:28 AM (IST)
ਜਲੰਧਰ, (ਚੋਪੜਾ)– ਰੀਜ਼ਨਲ ਟਰਾਂਸਪੋਰਟ ਅਥਾਰਿਟੀ (ਆਰ. ਟੀ. ਏ.) ਵਿਚ ਅੱਜ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੇ ਛਾਪੇਮਾਰੀ ਕੀਤੀ। ਇਸ ਛਾਪੇਮਾਰੀ ਨਾਲ ਸਮੁੱਚੇ ਵਿਭਾਗ ਦੇ ਕਰਮਚਾਰੀਆਂ ਵਿਚ ਹੜਕੰਪ ਮਚ ਗਿਆ। ਜਿਵੇਂ ਹੀ ਵਿਜੀਲੈਂਸ ਵਿਭਾਗ ਦੇ ਕਰਮਚਾਰੀ ਦਫਤਰ ਵਿਚ ਦਾਖਲ ਹੋਏ ਤਾਂ ਉਥੇ ਤਾਇਨਾਤ ਪ੍ਰਾਈਵੇਟ ਕਰਮਚਾਰੀ ਅਤੇ ਏਜੰਟ ਰਫੂਚੱਕਰ ਹੋ ਗਏ। ਇਸ ਦੌਰਾਨ ਵਿਜੀਲੈਂਸ ਦੀ ਟੀਮ ਨੇ ਪੁਰਾਣੇ ਡੀ. ਟੀ. ਓ. ਦਫਤਰ ਵਿਚ ਬਣੇ ਕੈਬਿਨਾਂ ਵਿਚ ਡੇਰਾ ਲਗਾਈ ਰੱਖਿਆ। ਵਿਭਾਗ ਦੇ ਸੂਤਰਾਂ ਦੀ ਮੰਨੀਏ ਤਾਂ ਪਿਛਲੇ ਕੁਝ ਮਹੀਨਿਆਂ ਤੋਂ ਵਿੰਟੇਜ ਨੰਬਰਾਂ ਸਬੰਧੀ ਲੱਖਾਂ ਰੁਪਿਆਂ ਦੀ ਹੇਰਾ-ਫੇਰੀ ਦੇ ਮਾਮਲਿਆਂ ਬਾਰੇ ਵਿਜੀਲੈਂਸ ਨੂੰ ਮਿਲੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਅੱਜ ਉਥੇ ਜਾਂਚ ਕੀਤੀ ਗਈ। ਚਰਚਾ ਹੈ ਕਿ ਸਰਵ ਸੁੱਖ ਸੇਵਾ ਸੋਸਾਇਟੀ ਵਲੋਂ ਰੱਖੇ ਕਰਮਚਾਰੀਆਂ ਵਿਚੋਂ ਇਕ ਕਰਮਚਾਰੀ, ਜਿਸ ਦਾ ਨਾਂ ਵਿੰਟੇਜ ਨੰਬਰਾਂ ਵਿਚ ਪ੍ਰਮੁੱਖਤਾ ਨਾਲ ਸਾਹਮਣੇ ਆਇਆ ਹੈ, ਉਸ ਨੂੰ ਫੜਨ ਅਤੇ ਵਿੰਟੇਜ ਨੰਬਰਾਂ ਦੀਆਂ ਫਾਈਲਾਂ ਨੂੰ ਜਾਂਚਣ ਲਈ ਵਿਜੀਲੈਂਸ ਵਿਭਾਗ ਨੇ ਛਾਪੇਮਾਰੀ ਕੀਤੀ। ਸੂਤਰਾਂ ਦੀ ਮੰਨੀਏ ਤਾਂ ਵਿਜੀਲੈਂਸ ਵਿਭਾਗ ਨੇ ਉਕਤ ਕਰਮਚਾਰੀਆਂ ਨੂੰ ਅੱਜ ਆਪਣੇ ਦਫਤਰ ਵਿਚ ਬੁਲਾ ਕੇ ਪੁੱਛਗਿੱਛ ਵੀ ਕੀਤੀ ਸੀ।
ਨਿੱਜੀ ਕੰਮ ਕਰਵਾਉਣ ਆਏ ਸਨ ਵਿਜੀਲੈਂਸ ਵਿਭਾਗ ਦੇ ਕਰਮਚਾਰੀ : ਸੈਕਟਰੀ ਆਰ. ਟੀ. ਓ.
ਵਿਜੀਲੈਂਸ ਦੀ ਛਾਪੇਮਾਰੀ ਦੌਰਾਨ ਆਪਣੇ ਦਫਤਰ ਵਿਚ ਮੌਜੂਦ ਰਹੇ ਸੈਕਟਰੀ ਆਰ. ਟੀ. ਓ. ਬਰਜਿੰਦਰ ਸਿੰਘ ਨੇ ਕਿਹਾ ਕਿ ਵਿਜੀਲੈਂਸ ਵਿਭਾਗ ਦੇ ਕਰਮਚਾਰੀ ਆਪਣੇ ਨਿੱਜੀ ਕੰਮ ਦੇ ਸਬੰਧ ਵਿਚ ਇਥੇ ਆਏ ਸਨ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਵਿਜੀਲੈਂਸ ਵਿਭਾਗ ਦਾ ਕਰਮਚਾਰੀ ਇਥੇ ਕਿਸੇ ਕੰਮ ਦੇ ਸਬੰਧ ਵਿਚ ਆਇਆ ਸੀ ਪਰ ਕਰਮਚਾਰੀ ਨੇ ਉਸਦਾ ਕੰਮ ਕਰਨ ਤੋਂ ਨਾਂਹ ਕਰ ਦਿੱਤੀ ਸੀ। ਇਸ ਕਾਰਣ ਉਹ ਇਥੇ ਆਏ। ਉਨ੍ਹਾਂ ਕਿਹਾ ਕਿ ਵਿਜੀਲੈਂਸ ਵਿਭਾਗ ਦੇ ਕਰਮਚਾਰੀ ਉਨ੍ਹਾਂ ਨੂੰ ਵੀ ਮਿਲ ਕੇ ਗਏ ਹਨ। ਉਨ੍ਹਾਂ ਕਿਹਾ ਕਿ ਇਕ ਕਰਮਚਾਰੀ ਨੂੰ ਘਪਲੇ ਸਬੰਧੀ ਪੁਲਸ ਵਲੋਂ ਹਿਰਾਸਤ ਵਿਚ ਲਏ ਜਾਣ ਦੀਆਂ ਚਰਚਾਵਾਂ ਬੇਬੁਨਿਆਦ ਹਨ, ਜਦਕਿ ਉਹ ਕਰਮਚਾਰੀ ਦੁਪਹਿਰ ਬਾਅਦ ਆਪਣੀ ਡਿਊਟੀ ’ਤੇ ਮੌਜੂਦ ਰਿਹਾ।
ਸੋਸ਼ਲ ਮੀਡੀਆ ’ਤੇ ਰਿਸ਼ਵਤ ਮੰਗਣ ਦੀ ਵਾਇਰਲ ਹੋਈ ਆਡੀਓ ਨਾਲ ਜੁੜ ਰਹੇ ਲਿੰਕ
ਬੀਤੇ ਕੁਝ ਦਿਨਾਂ ਤੋਂ ਵਿੰਟੇਜ ਨੰਬਰਾਂ ਸਬੰਧੀ ਰਿਸ਼ਵਤ ਮੰਗਣ ਦੀ ਇਕ ਆਡੀਓ ਦੇ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਦੇ ਲਿੰਕ ਵਿਜੀਲੈਂਸ ਵਿਭਾਗ ਦੀ ਛਾਪੇਮਾਰੀ ਨਾਲ ਜੁੜ ਰਹੇ ਹਨ। ਇਸ ਆਡੀਓ ਦੀ ‘ਜਗ ਬਾਣੀ’ ਪੁਸ਼ਟੀ ਨਹੀਂ ਕਰਦਾ ਪਰ ਆਡੀਓ ਵਿਚ ਵਿੰਟੇਜ ਸਬੰਧੀ 2 ਲੋਕ ਆਪਸ ਵਿਚ ਗੱਲ ਕਰ ਰਹੇ ਹਨ, ਜਿਸ ਵਿਚ ਲਾਕਡਾਊਨ ਦੌਰਾਨ ਵਿੰਟੇਜ ਨੰਬਰਾਂ ਦੀ ਫਾਈਲ ਕਲੀਅਰ ਕਰਨ ਸਬੰਧੀ ਇਕ ਵਿਅਕਤੀ ਸੈਕਟਰੀ ਆਰ. ਟੀ. ਓ. ਦੇ ਨਾਂ ’ਤੇ ਰਿਸ਼ਵਤ ਦੀ ਮੰਗ ਕਰ ਰਿਹਾ ਹੈ। ਇਸ ਸਬੰਧ ਵਿਚ ਬਰਜਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਮਾਰਚ ਮਹੀਨੇ ਵਿਚ ਅਹੁਦਾ ਸੰਭਾਲਿਆ ਹੈ ਪਰ ਬੀਤੇ ਕਰੀਬ 4 ਮਹੀਨਿਆਂ ਵਿਚ ਉਨ੍ਹਾਂ ਨੇ ਇਕ ਵੀ ਵਿੰਟੇਜ ਨੰਬਰ ਸਬੰਧੀ ਫਾਈਲ ਨੂੰ ਅਪਰੂਵਲ ਨਹੀਂ ਦਿੱਤੀ ਹੈ। ਉਨ੍ਹਾਂ ਨੇ ਪਹਿਲਾਂ ਹੀ ਇਸ ਸਬੰਧੀ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਜਦ ਪਿਛਲੇ 4 ਮਹੀਨਿਆਂ ਤੋਂ ਇਸ ਸਬੰਧੀ ਸਾਰਾ ਕੰਮ ਹੀ ਬੰਦ ਰੱਖਿਆ ਗਿਆ ਤਾਂ ਲਾਕਡਾਊਨ ਦੌਰਾਨ ਕਿਸੇ ਤੋਂ ਨੰਬਰ ਲਗਾਉਣ ਸਬੰਧੀ ਰਿਸ਼ਵਤ ਮੰਗਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਫਿਰ ਵੀ ਉਹ ਇਸ ਮਾਮਲੇ ਦੀ ਵਿਭਾਗੀ ਜਾਂਚ ਕਰਵਾਉਣਗੇ।