ਵੱਡੀ ਖ਼ਬਰ: ਵਿਜੀਲੈਂਸ ਵੱਲੋਂ AIG ਸਿੱਧੂ ਖ਼ਿਲਾਫ਼ FIR, ਅਹੁਦੇ ਦੀ ਦੁਰਵਰਤੋਂ ਸਣੇ ਲੱਗੇ ਗੰਭੀਰ ਦੋਸ਼
Friday, Nov 03, 2023 - 01:12 AM (IST)
ਚੰਡੀਗੜ੍ਹ (ਰਮਨਜੀਤ ਸਿੰਘ) : ਪੰਜਾਬ ਵਿਜੀਲੈਂਸ ਬਿਊਰੋ ਨੇ ਮਨੁੱਖੀ ਅਧਿਕਾਰ ਸੈੱਲ ’ਚ ਤਾਇਨਾਤ ਏ.ਆਈ.ਜੀ. ਮਾਲਵਿੰਦਰ ਸਿੰਘ ਸਿੱਧੂ ਸਮੇਤ ਆਸਥਾ ਹੋਮ, ਗਿਲਕੋ ਵੈਲੀ, ਖਰੜ ਨਿਵਾਸੀ ਤੇ ਖੁਰਾਕ, ਜਨਤਕ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ ਦੇ ਡਰਾਈਵਰ ਕੁਲਦੀਪ ਸਿੰਘ ਸਮੇਤ ਪਟਿਆਲਾ ਜ਼ਿਲ੍ਹੇ ਦੇ ਪਿੰਡ ਆਲਮਪੁਰ ਦੇ ਰਹਿਣ ਵਾਲੇ ਬਲਬੀਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਵਿਜੀਲੈਂਸ ਨੇ ਇਨ੍ਹਾਂ ਅਹੁਦਿਆਂ ਦੀ ਦੁਰਵਰਤੋਂ, ਸਰਕਾਰੀ ਮੁਲਾਜ਼ਮਾਂ ਨਾਲ ਧੋਖਾਦੇਹੀ, ਬਲੈਕਮੇਲਿੰਗ, ਜਬਰੀ ਵਸੂਲੀ ਅਤੇ ਰਿਸ਼ਵਤ ਲੈਣ ਦੇ ਦੋਸ਼ ਲਗਾਏ ਹਨ।
ਇਹ ਵੀ ਪੜ੍ਹੋ : ਕਪੂਰਥਲਾ 'ਚ ਕਾਤਲ ਪਤੀ ਗ੍ਰਿਫ਼ਤਾਰ, ਵਿਦੇਸ਼ ਤੋਂ ਆਉਂਦਿਆਂ ਹੀ ਪਤਨੀ ਦਾ ਕਰ ਦਿੱਤਾ ਸੀ ਬੇਰਹਿਮੀ ਨਾਲ ਕਤਲ
ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਏ. ਆਈ. ਜੀ. ਸਿੱਧੂ ਸਰਕਾਰੀ ਕਰਮਚਾਰੀਆਂ ਵਿਰੁੱਧ ਸ਼ਿਕਾਇਤਾਂ ਦੇਣ ਪਿੱਛੋਂ ਬਲੈਕਮੇਲਿੰਗ ਅਤੇ ਨਾਜਾਇਜ਼ ਲਾਭ ਲੈ ਕੇ ਇਹ ਸ਼ਿਕਾਇਤਾਂ ਵਾਪਸ ਲੈ ਲੈਂਦੇ ਸਨ। ਉਨ੍ਹਾਂ ਦੱਸਿਆ ਕਿ ਵਿਜੀਲੈਂਸ ਜਾਂਚ ਨੰਬਰ 15, ਮਿਤੀ 6 ਅਕਤੂਬਰ 2023 ਦੇ ਆਧਾਰ ’ਤੇ ਵਿਜੀਲੈਂਸ ਨੇ ਸਖ਼ਤ ਕਾਨੂੰਨੀ ਕਾਰਵਾਈ ਕਰਦਿਆਂ ਉਪਰੋਕਤ ਸਾਰੇ ਮੁਲਜ਼ਮਾਂ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਤੇ 7-ਏ ਤੇ ਭਾਰਤੀ ਦੰਡਾਵਲੀ ਦੀ ਧਾਰਾ 384, 419, 420, ਅਤੇ 120-ਬੀ ਤਹਿਤ 30 ਅਕਤੂਬਰ 2023 ਨੂੰ ਥਾਣਾ ਵਿਜੀਲੈਂਸ ਬਿਊਰੋ, ਫਲਾਇੰਗ ਸਕੁਐਡ-1 ਪੰਜਾਬ ਮੋਹਾਲੀ ਵਿਖੇ ਮੁਕੱਦਮਾ ਨੰਬਰ 28 ਦਰਜ ਕੀਤਾ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਤਫ਼ਤੀਸ਼ ਦੌਰਾਨ ਇਹ ਸਾਹਮਣੇ ਆਇਆ ਕਿ ਸਾਲ 2017 ਤੋਂ ਮਨੁੱਖੀ ਅਧਿਕਾਰ ਸੈੱਲ ਪੰਜਾਬ ਪੁਲਸ ਦੇ ਏ.ਆਈ.ਜੀ. ਵਜੋਂ ਸੇਵਾ ਨਿਭਾਅ ਰਹੇ ਮਾਲਵਿੰਦਰ ਸਿੰਘ ਸਿੱਧੂ ਨੇ ਪਿਛਲੇ 5 ਸਾਲਾਂ ਦੌਰਾਨ ਕਦੇ ਵੀ ਵਿਜੀਲੈਂਸ ਬਿਊਰੋ ਪੰਜਾਬ ਦੇ ਅੰਦਰ ਏ.ਆਈ.ਜੀ. ਜਾਂ ਆਈ.ਜੀ. ਦੇ ਅਹੁਦਿਆਂ ’ਤੇ ਕੰਮ ਨਹੀਂ ਕੀਤਾ। ਇਸ ਅਧਿਕਾਰੀ ਨੇ ਆਪਣੀ ਸਰਕਾਰੀ ਗੱਡੀ ਅਰਟਿਗਾ (ਨੰ. ਪੀਬੀ 65 ਏਡੀ 1905) ਦੀ ਦੁਰਵਰਤੋਂ ਕੀਤੀ, ਜਦੋਂ ਕਿ ਤੇਲ ਅਤੇ ਹੋਰ ਖਰਚੇ ਸਰਕਾਰੀ ਖਾਤੇ 'ਚੋਂ ਕੀਤੇ ਜਾਂਦੇ ਰਹੇ। ਉਨ੍ਹਾਂ ਕਦੇ ਵੀ ਇਸ ਵਾਹਨ ਦੀ ਵਰਤੋਂ (ਲੌਗ ਬੁੱਕ) ਦਾ ਰਿਕਾਰਡ ਨਹੀਂ ਰੱਖਿਆ, ਜੋ ਸਰਕਾਰੀ ਜਾਇਦਾਦ ਦੀ ਦੁਰਵਰਤੋਂ ਨੂੰ ਦਰਸਾਉਂਦਾ ਹੈ।
ਇਹ ਵੀ ਪੜ੍ਹੋ : ਤਰੁਣ ਚੁੱਘ ਨੇ ਵਿੰਨ੍ਹਿਆ ਨਿਸ਼ਾਨਾ, ਕਿਹਾ- ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦੇ ਡੀਐੱਨਏ 'ਚ ਅਰਾਜਕਤਾ
ਇਸ ਤੋਂ ਇਲਾਵਾ ਜਾਂਚ ਵਿੱਚ ਅਜਿਹੀਆਂ ਘਟਨਾਵਾਂ ਦਾ ਪਰਦਾਫਾਸ਼ ਹੋਇਆ, ਜਦੋਂ ਏ.ਆਈ.ਜੀ. ਸਿੱਧੂ ਨੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਰਾਜਪੁਰਾ ਦੇ ਦਫ਼ਤਰ 'ਚ ਕੰਮ ਕਰਦੇ ਇਕ ਡਾਟਾ ਆਪ੍ਰੇਟਰ ਕੋਲ ਆਪਣੇ-ਆਪ ਨੂੰ ਆਈ.ਜੀ. ਵਿਜੀਲੈਂਸ ਬਿਊਰੋ ਪੰਜਾਬ ਵਜੋਂ ਝੂਠੀ ਪਛਾਣ ਦੱਸੀ। ਸਿੱਧੂ ਨੇ ਇਸ ਧੋਖੇਬਾਜ਼ ਪਛਾਣ ਦੀ ਵਰਤੋਂ ਕਰਦਿਆਂ ਇਕ ਸਰਕਾਰੀ ਅਧਿਆਪਕ ਦੀ ਸਰਵਿਸ ਬੁੱਕ ਦੀ ਫੋਟੋ ਕਾਪੀ ਹਾਸਲ ਕੀਤੀ ਅਤੇ ਆਪਣੇ ਮੋਬਾਇਲ ਨਾਲ ਉਸ ਦੇ ਸ਼ੁਰੂਆਤੀ ਪੰਨੇ ਦੀਆਂ ਫੋਟੋਆਂ ਖਿੱਚ ਲਈਆਂ।
ਇਸੇ ਤਰ੍ਹਾਂ ਏ.ਆਈ.ਜੀ. ਸਿੱਧੂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਰ ਦੇ ਪ੍ਰਿੰਸੀਪਲ ਨੂੰ ਲਿਖਤੀ ਦਰਖਾਸਤ ਤੋਂ ਇਲਾਵਾ ਸਕੂਲ ਦੀ ਈਮੇਲ ਆਈ.ਡੀ. ਅਤੇ ਉਪਰੋਕਤ ਮੁਲਜ਼ਮ ਕੁਲਦੀਪ ਸਿੰਘ ਰਾਹੀਂ ਇਕ ਹੋਰ ਅਰਜ਼ੀ ਭੇਜ ਕੇ ਸਕੂਲ ਦੇ ਇਕ ਅਧਿਆਪਕ ਦਾ ਰਿਕਾਰਡ ਪ੍ਰਾਪਤ ਕੀਤਾ। ਸਕੂਲ 'ਚੋਂ ਲਏ ਗਏ ਇਨ੍ਹਾਂ ਅਧਿਆਪਕਾਂ ਦੇ ਰਿਕਾਰਡ ਦੀ ਪੜਤਾਲ ਕਰਨ ਲਈ ਉਹ ਜ਼ਿਲ੍ਹਾ ਸਮਾਜ ਭਲਾਈ ਅਫ਼ਸਰ ਨੂੰ ਨਾਲ ਲੈ ਕੇ ਸਕੂਲ ਪੁੱਜਾ ਅਤੇ ਪ੍ਰਿੰਸੀਪਲ ਤੋਂ 2 ਪੰਨਿਆਂ ਦੇ ਪ੍ਰੋਫਾਰਮੇ ’ਤੇ ਦਸਤਖਤ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਪ੍ਰਿੰਸੀਪਲ ਨੇ ਇਸ ’ਤੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ : World of Statistics : ਤਲਾਕ ਦੇ ਮਾਮਲੇ 'ਚ ਪੁਰਤਗਾਲ ਪਹਿਲੇ ਨੰਬਰ 'ਤੇ, ਭਾਰਤ ਹੈ ਇਸ ਸਥਾਨ 'ਤੇ
ਉਨ੍ਹਾਂ ਅੱਗੇ ਦੱਸਿਆ ਕਿ ਪੜਤਾਲ ਅਧੀਨ ਇਕ ਹੋਰ ਮਾਮਲੇ 'ਚ ਮਲਵਿੰਦਰ ਸਿੰਘ ਸਿੱਧੂ ਨੇ ਉਪਰੋਕਤ ਬਲਬੀਰ ਸਿੰਘ ਰਾਹੀਂ ਸਬੰਧਤ ਅਧਿਕਾਰੀ ਵੱਲੋਂ ਇਤਰਾਜ਼ ਕਰਨ ਦੇ ਬਾਵਜੂਦ ਗੁਰੂਹਰਸਹਾਏ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਖੇਤੀਬਾੜੀ ਵਿਭਾਗ ਦੇ ਇਕ ਬਲਾਕ ਅਫ਼ਸਰ ਦਾ ਨਿੱਜੀ ਰਿਕਾਰਡ ਹਾਸਲ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਜਾਅਲੀ ਅਨੁਸੂਚਿਤ ਜਾਤੀ ਸਰਟੀਫਿਕੇਟ ਰੱਖਣ ਲਈ ਇਸ ਅਧਿਕਾਰੀ ਖ਼ਿਲਾਫ਼ ਉਸ ਦੇ ਵਿਭਾਗ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ। ਇਸ ਸ਼ਿਕਾਇਤ ਨੂੰ ਵਾਪਸ ਲੈਣ ਬਦਲੇ ਇਸ ਅਧਿਕਾਰੀ ਤੋਂ 3 ਲੱਖ ਰੁਪਏ ਦੀ ਮੰਗ ਕੀਤੀ ਗਈ, ਜਿਸ ਵਿੱਚੋਂ ਡੇਢ ਲੱਖ ਰੁਪਏ ਬਲਬੀਰ ਸਿੰਘ ਤੇ ਮਲਵਿੰਦਰ ਸਿੰਘ ਸਿੱਧੂ ਨੇ ਗੈਰ-ਕਾਨੂੰਨੀ ਤਰੀਕੇ ਨਾਲ ਪ੍ਰਾਪਤ ਕੀਤੇ ਸਨ। ਇਸ ਤੋਂ ਬਾਅਦ ਇਸ ਜਾਂਚ ਨੂੰ ਪੂਰਾ ਕਰਨ ਲਈ ਪੀੜਤ ਨੂੰ ਉਸ ਦੇ ਵਿਭਾਗ ਤੋਂ ਹੋਰ ਸਮਾਂ ਦਿਵਾਉਣ ਲਈ ਉਕਤ ਬਲਬੀਰ ਸਿੰਘ ਅਤੇ ਮਲਵਿੰਦਰ ਸਿੰਘ ਸਿੱਧੂ ਨੇ 2 ਲੱਖ ਰੁਪਏ ਦੀ ਰਿਸ਼ਵਤ ਹਾਸਲ ਕੀਤੀ।
ਇਹ ਵੀ ਪੜ੍ਹੋ : 650 ਅਰਬ ਡਾਲਰ ਤੱਕ ਪਹੁੰਚਿਆ ਨਸ਼ਿਆਂ ਦਾ ਕਾਰੋਬਾਰ, ਸਮੱਗਲਿੰਗ ’ਚ ਈ-ਕਾਮਰਸ ਤੇ ਕ੍ਰਿਪਟੋ ਕਰੰਸੀ ਵੱਡੀ ਚੁਣੌਤੀ
ਬੁਲਾਰੇ ਨੇ ਅੱਗੇ ਕਿਹਾ ਕਿ ਮਲਵਿੰਦਰ ਸਿੰਘ ਸਿੱਧੂ ਨੇ ਖੁਦ ਨੂੰ ਵਿਜੀਲੈਂਸ ਬਿਊਰੋ ਦਾ ਏ.ਆਈ.ਜੀ./ਆਈ.ਜੀ. ਦੱਸਦਿਆਂ ਬਲਬੀਰ ਸਿੰਘ ਨਾਲ ਮਿਲੀਭੁਗਤ ਕਰਕੇ ਅਨੁਸੂਚਿਤ ਜਾਤੀ ਅਤੇ ਸੁਤੰਤਰਤਾ ਸੈਨਾਨੀਆਂ ਦੇ ਵਿਭਾਗਾਂ 'ਚ ਕਈ ਵਿਅਕਤੀਆਂ ਦਾ ਰਿਕਾਰਡ ਹਾਸਲ ਕੀਤਾ, ਜਿਸ ਨਾਲ ਬਾਅਦ ਵਿੱਚ ਉਨ੍ਹਾਂ ਵਿਰੁੱਧ ਸ਼ਿਕਾਇਤਾਂ ਦਰਜ ਕਰਵਾ ਕੇ ਉਨ੍ਹਾਂ ਨੂੰ ਬਲੈਕਮੇਲ ਕਰਨਾ ਅਤੇ ਫਿਰ ਇਨ੍ਹਾਂ ਸ਼ਿਕਾਇਤਾਂ ਨੂੰ ਵਾਪਸ ਲੈਣ ਦੇ ਬਦਲੇ ਰਿਸ਼ਵਤ ਲੈਂਦੇ ਰਹੇ। ਉਨ੍ਹਾਂ ਕਿਹਾ ਕਿ ਇਸ ਜਾਂਚ ਦੀ ਡੂੰਘਾਈ ਨਾਲ ਤਫ਼ਤੀਸ਼ ਦੌਰਾਨ ਸੰਭਾਵਨਾ ਹੈ ਕਿ ਇਨ੍ਹਾਂ ਦੇ ਹੋਰ ਸਾਥੀ ਵੀ ਇਸ ਕੇਸ 'ਚ ਫਸ ਸਕਦੇ ਹਨ, ਜਿਸ ਬਾਰੇ ਪੂਰੀ ਡੂੰਘਾਈ ਨਾਲ ਜਾਂਚ ਜਾਰੀ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8