ਥਾਣਾ ਧਰਮਕੋਟ ਦਾ ਏ.ਐੱਸ.ਆਈ. 5 ਹਜ਼ਾਰ ਦੀ ਰਿਸ਼ਵਤ ਲੈਂਦਾ ਅੜਿਕੇ

07/23/2019 5:55:05 PM

ਮੋਗਾ (ਵਿਪਨ, ਅਜ਼ਾਦ, ਗੋਪੀ ) - ਵਿਜੀਲੈਂਸ ਬਿਊਰੋ ਪੰਜਾਬ ਵਲੋਂ ਰਿਸ਼ਵਤਖੋਰੀ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ ਜਦ ਮੋਗਾ ਪੁਲਸ ਨੇ ਇਕ ਸਹਾਇਕ ਥਾਣੇਦਾਰ ਨੂੰ 5 ਹਜ਼ਾਰ ਦੀ ਰਿਸ਼ਵਤ ਲੈਂਦੇ ਕਾਬੂ ਕਰ ਲਿਆ। ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਮੋਗਾ ਦੇ ਡੀ.ਐੱਸ.ਪੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਹਰਗੋਬਿੰਦ ਸਿੰਘ ਸੀਨੀਅਰ ਪੁਲਸ ਕਪਤਾਨ ਵਿਜੀਲੈਂਸ ਬਿਊਰੋ ਰੇਂਜ ਦੇ ਨਿਰਦੇਸ਼ਾਂ 'ਤੇ ਥਾਣਾ ਧਰਮਕੋਟ 'ਚ ਤਾਇਨਾਤ ਸਹਾਇਕ ਥਾਣੇਦਾ ਗੁਰਪ੍ਰੀਤ ਸਿੰਘ ਨੂੰ ਰਿਸ਼ਵਤ ਲੈਂਦੇ ਕਾਬੂ ਕੀਤਾ ਹੈ। ਉਨਾਂ ਦੱਸਿਆ ਕਿ ਸੁਖਮੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਭਿੰਡਰ ਕਲਾਂ ਦਾ ਗੁਰਦੀਪ ਸਿੰਘ ਅਤੇ ਵਰਿੰਦਰ ਸਿੰਘ ਨਾਲ ਜ਼ਮੀਨੀ ਵਿਵਾਦ ਨੂੰ ਲੈ ਕੇ ਝਗੜਾ ਚੱਲਦਾ ਆ ਰਿਹਾ ਸੀ, ਜਿਸ 'ਤੇ ਉਸਨੇ ਥਾਣਾ ਸਿਟੀ ਧਰਮਕੋਟ 'ਚ ਸ਼ਿਕਾਇਤਾਂ ਦਿੱਤੀਆਂ ਹੋਈਆਂ ਸਨ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਗੁਰਪ੍ਰੀਤ ਸਿੰਘ ਵਲੋਂ ਕੀਤੀ ਜਾ ਰਹੀ ਸੀ।

ਸ਼ਿਕਾਇਤ ਕਰਤਾ ਸੁਖਮੰਦਰ ਸਿੰਘ ਨੇ ਵਿਜੀਲੈਂਸ ਬਿਊਰੋ ਮੋਗਾ ਨੂੰ ਦੱਸਿਆ ਕਿ ਸਹਾਇਕ ਥਾਣੇਦਾਰ ਨੇ ਮਾਮਲਾ ਉਨਾਂ ਦੇ ਪੱਖ 'ਚ ਕਰਨ ਲਈ 20 ਹਜ਼ਾਰ ਰੁਪਏ ਰਿਸ਼ਵਤ ਮੰਗਦਾ ਸੀ ਪਰ ਸਾਡੀ 10 ਹਜ਼ਾਰ ਰੁਪਏ 'ਚ ਗੱਲ ਤੈਅ ਹੋ ਗਈ। ਮੈਂ ਬੜੀ ਮੁਸ਼ਕਲ ਨਾਲ ਨਾ ਚਾਹੁੰਦੇ ਹੋਏ ਵੀ ਉਸ ਨੂੰ 5 ਹਜ਼ਾਰ ਰੁਪਏ ਕੁੱਝ ਦਿਨ ਪਹਿਲਾਂ ਦੇ ਦਿੱਤੇ ਅਤੇ ਪੰਜ ਹਜ਼ਾਰ ਰੁਪਏ ਦੇਣ ਦਾ ਝੂਠਾ ਵਾਅਦਾ ਕਰਕੇ ਉਥੋਂ ਵਾਪਸ ਆ ਗਿਆ ਅਤੇ ਵਿਜੀਲੈਂਸ ਬਿਊਰੋ ਨੂੰ ਸੂਚਿਤ ਕੀਤਾ। ਸੁਖਮੰਦਰ ਸਿੰਘ ਨੇ ਸਾਨੂੰ ਜਾਣਕਾਰੀ ਦਿੱਤੀ ਕਿ ਅੱਜ ਸਾਨੂੰ ਸਹਾਇਕ ਥਾਣੇਦਾਰ ਗੁਰਪ੍ਰੀਤ ਸਿੰਘ ਨੇ ਪੰਜ ਹਜ਼ਾਰ ਰੁਪਏ, ਜੋ ਰਿਸ਼ਵਤ ਦੇ ਬਕਾਇਆ ਸੀ, ਦੇਣ ਲਈ ਜ਼ਿਲਾ ਕਚਿਹਰੀ ਮੋਗਾ ਦੀ ਕੰਟੀਨ 'ਚ ਬੁਲਾਇਆ ਹੈ। ਇਸ ਸੂਚਨਾ ਦੇ ਆਧਾਰ 'ਤੇ ਡੀ.ਐੱਸ.ਪੀ. ਹਰਜਿੰਦਰ ਸਿੰਘ, ਸਰਬਜੀਤ ਸਿੰਘ ਜ਼ਿਲਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਬਲਵੰਤ ਸਿੰਘ ਜ਼ਿਲਾ ਖੇਡ ਅਫਸਰ ਅਤੇ ਵਿਜੀਲੈਂਸ ਟੀਮ ਨੂੰ ਨਾਲ ਲੈ ਕੇ ਜ਼ਿਲਾ ਕਚਹਿਰੀ ਮੋਗਾ ਦੀ ਕੰਟੀਨ 'ਚ ਪਹੁੰਚੇ ਗਏ। ਉਥੇ ਜਾ ਕੇ ਉਨ੍ਹਾਂ ਨੇ ਸੁਖਮੰਦਰ ਸਿੰਘ ਤੋਂ 5 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਸਹਾਇਕ ਥਾਣੇਦਾਰ ਗੁਰਪ੍ਰੀਤ ਸਿੰਘ ਨੂੰ ਰੰਗੇ ਹੱਥੀਂ ਦਬੋਚ ਲਿਆ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀ ਦੇ ਖਿਲਾਫ ਥਾਣਾ ਵਿਜੀਲੈਂਸ ਬਿਊਰੋ ਫਿਰੋਜ਼ਪੁਰ 'ਚ ਕੁਰੱਪਸ਼ਨ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਸ ਨੂੰ ਪੁੱਛਗਿੱਛ ਦੇ ਬਾਅਦ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।


rajwinder kaur

Content Editor

Related News