ਜਲੰਧਰ: ਵਿਜੀਲੈਂਸ ਵੱਲੋਂ ਏ. ਸੀ. ਪੀ. ਵੈਸਟ ਦਾ ਰੀਡਰ ਰਿਸ਼ਵਤ ਲੈਂਦੇ ਗ੍ਰਿਫਤਾਰ
Tuesday, Jan 21, 2020 - 06:08 PM (IST)
ਜਲੰਧਰ (ਬੁਲੰਦ) — ਵਿਜੀਲੈਂਸ ਦੀ ਟੀਮ ਵੱਲੋਂ ਏ. ਸੀ. ਪੀ. ਵੈਸਟ ਬਰਜਿੰਦਰ ਸਿੰਘ ਦੇ ਰੀਡਰ ਨੂੰ ਰਿਸ਼ਵਤ ਲੈਂਦੇ ਰੰਗੇ ਗ੍ਰਿਫਤਾਰ ਕੀਤਾ ਗਿਆ ਹੈ। ਰੀਡਰ ਦੀ ਪਛਾਣ ਏ. ਐੱਸ. ਆਈ. ਰਾਜੇਸ਼ ਕੁਮਾਰ ਦੇ ਰੂਪ 'ਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸੇ ਕੇਸ ਦੇ ਸਿਲਸਿਲੇ 'ਚ ਰੀਡਰ ਇਕ ਵਿਅਕਤੀ ਤੋਂ ਪੈਸਿਆਂ ਦੀ ਮੰਗ ਕਰ ਰਿਹਾ ਸੀ ਅਤੇ ਅੱਜ ਜਦੋਂ ਉਕਤ ਸ਼ਖਸ ਰੀਡਰ ਨੂੰ 5 ਹਜ਼ਾਰ ਰੁਪਏ ਦੇਣ ਆਇਆ ਸੀ ਤਾਂ ਵਿਜੀਲੈਂਸ ਨੇ ਟ੍ਰੈਪ ਲਗਾ ਕੇ ਉਸ ਨੂੰ ਦਬੋਚ ਲਿਆ।
ਸੀਨੀਅਰ ਕਪਤਾਨ ਪੁਲਸ ਦਲਜਿੰਦਰ ਸਿੰਘ ਵਿਜੀਲੈਂਸ ਬਿਊਰੋ ਜਲੰਧਰ ਰੇਂਜ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਰਾਹੁਲ ਵਧਾਵਨ ਵਾਈਬਰੈਂਟ ਗਰੁੱਪ ਮੁਬੰਈ ਵਿਖੇ ਪ੍ਰਾਈਵੇਟ ਨੌਕਰੀ ਕਰਦਾ ਹੈ। ਸ਼ਿਕਾਇਤ ਕਰਤਾ ਨੇ ਆਪਣਾ ਟੂਰ ਐਂਡ ਟਰੈਵਲ ਦਾ ਕੰਮ ਬਤੌਰ ਏਜੰਟ ਆਲ ਫਲੈਗਜ਼ ਟੂਰ ਐਂਡ ਟਰੈਵਲਜ਼ ਦੇ ਨਾਮ ਹੇਠ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਪੰਜਾਬ ਪ੍ਰੀਵੈਂਸ਼ਨ ਆਫ ਟਰੈਵਲ ਪ੍ਰੋਫੈਸ਼ਨਲਸ ਰੈਗੂਲੇਸ਼ਨ ਐਕਟ ਤਹਿਤ ਵੀਜਾ ਕੰਸਲਟੈਂਸੀ ਲਾਈਸੈਂਸ ਲੈਣ ਲਈ ਸੁਵਿਧਾ ਸੈਂਟਰ, ਡੀ. ਸੀ. ਕੰਪਲੈਕਸ ਜਲੰਧਰ ਵਿਖੇ ਅਪਲਾਈ ਕੀਤਾ ਸੀ। ਇਸ ਦੀ ਪੁਲਸ ਵੈਰੀਫਿਕੇਸ਼ਨ ਮੁੱਖ ਅਫਸਰ ਥਾਣਾ ਡਿਵੀਜ਼ਨ ਨੰਬਰ-5 ਜਲੰਧਰ ਵਿਖੇ ਆਈ ਸੀ। ਜਿਨ੍ਹਾਂ ਵੱਲੋਂ ਸ਼ਿਕਾਇਤ ਕਰਤਾ ਰਾਹੁਲ ਵਧਾਵਨ ਦੀ ਵੈਰੀਫਿਕੇਸ਼ਨ ਕਰਨ ਉਪਰੰਤ ਰਿਪੋਰਟ ਏ. ਸੀ. ਪੀ. ਜਲੰਧਰ ਵੈਸਟ ਨੂੰ ਭੇਜ ਦਿੱਤੀ ਸੀ। ਇਸ ਤੋਂ ਬਾਅਦ ਏ. ਸੀ. ਪੀ. ਜਲੰਧਰ ਵੈਸਟ ਦੇ ਰੀਡਰ ਏ. ਐੱਸ. ਆਈ. ਰਾਜੇਸ਼ ਕੁਮਾਰ ਨੇ ਸ਼ਿਕਾਇਤ ਕਰਤਾ ਨੂੰ ਬੁਲਾਇਆ ਅਤੇ ਕਹਿਣ ਲੱਗਾ ਕਿ ਰਾਹੁਲ ਟਰੈਵਲ ਏਜੰਸੀ ਦੇ ਲਾਇਸੈਂਸ ਸਬੰਧੀ ਵੈਰੀਫਿਕੇਸ਼ਨ ਉਸ ਪਾਸ ਆਈ ਹੈ, ਜੇਕਰ ਉਹ ਉਸ ਨੂੰ 5 ਹਜ਼ਾਰ ਰੁਪਏ ਰਿਸ਼ਵਤ ਦੇਵੇਂਗਾ ਤਾਂ ਉਹ ਉਸ ਦੀ ਪੁਲਸ ਵੈਰੀਫਿਕੇਸ਼ਨ ਉਸ ਦੇ ਹੱਕ 'ਚ ਕਰਵਾ ਕੇ ਭੇਜ ਦੇਵਾਂਗਾ ਨਹੀਂ ਤਾਂ ਰਾਹੁਲ ਦੀ ਫਾਈਲ ਇਥੇ ਹੀ ਰੁਲਦੀ ਰਹਿ ਜਾਣੀ ਹੈ।
ਇਸ ਤੋਂ ਬਾਅਦ ਸ਼ਿਕਾਇਤ ਕਰਤਾ ਨੇ ਉਸ ਨੂੰ ਕਿਹਾ ਕਿ ਉਸ ਨੇ ਅਜੇ ਨਵਾਂ ਕੰਮ ਸ਼ੁਰੂ ਕਰਨਾ ਹੈ, ਉਹ ਇੰਨੇ ਪੈਸੇ ਨਹੀਂ ਦੇ ਸਕਦਾ। ਸ਼ਿਕਾਇਤ ਕਰਤਾ ਦੇ ਮਿੰਨਤ ਤਰਲਾ ਕਰਨ 'ਤੇ ਵੀ ਏ. ਐਸ. ਆਈ ਰਾਜੇਸ਼ ਕੁਮਾਰ ਰੀਡਰ ਟੂ ਏ. ਸੀ. ਪੀ (ਵੈਸਟ) ਸੀ. ਪੀ ਜਲੰਧਰ ਸ਼ਿਕਾਇਤ ਕਰਤਾ ਰਿਸ਼ਵਤ ਲੈਣ 'ਤੇ ਬਜਿੱਦ ਰਿਹਾ। ਅੱਜ ਉਹ ਜਦੋਂ ਪੈਸੇ ਦੇਣ ਲਈ ਰੀਡਰ ਨੂੰ ਆਇਆ ਤਾਂ ਮੌਕੇ 'ਤੇ ਵਿਜੀਲੈਂਸ ਦੀ ਟੀਮ ਅਤੇ ਥਾਣਾ ਡਿਵੀਜ਼ਨ ਨੰਬਰ-5 ਦੀ ਪੁਲਸ ਨੇ ਕਾਰਵਾਈ ਕਰਦੇ ਹੋਏ ਰੰਗੇ ਹੱਥੀਂ ਉਸ ਨੂੰ ਕਾਬੂ ਕਰ ਲਿਆ ਗਿਆ। ਰਿਸ਼ਵਤ ਦੇ ਪੈਸੇ ਵੀ ਬਰਾਮਦ ਕਰ ਲਏ ਗਏ ਹਨ ਅਤੇ ਰਾਜੇਸ਼ ਕੁਮਾਰ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।