ਵਿਜੀਲੈਂਸ ਬਿਊਰੋ ਨੇ ਮੋਹਰਲੀ ਕਤਾਰ ''ਚ ਕੰਮ ਕਰ ਰਹੇ ਸਿਹਤ ਕਰਮਚਾਰੀਆਂ ਨੂੰ ਵੰਡੇ ਫੇਸ ਸ਼ੀਲਡ
Thursday, Apr 23, 2020 - 08:18 PM (IST)

ਚੰਡੀਗੜ੍ਹ\ਜਲੰਧਰ,()- ਕੋਵਿਡ -19 ਮਹਾਂਮਾਰੀ ਵਿਰੁੱਧ ਲੜਾਈ ਵਿੱਚ ਯੋਗਦਾਨ ਪਾਊਂਦਿਆਂ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਐੱਸ.ਏ.ਐੱਸ.ਨਗਰ ਵਿਖੇ ਸਿਵਲ ਸਰਜਨ ਦਫ਼ਤਰ ਵਿਚ ਫਰੰਟਲਾਈਨ ਸਿਹਤ ਕਰਮਚਾਰੀਆਂ ਦੀ ਸੁਰੱਖਿਆ ਲਈ ਫੇਸ ਸ਼ੀਲਡ ਵੰਡੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁੱਖ ਡਾਇਰੈਕਟਰ-ਕਮ ਏਡੀਜੀਪੀ ਵਿਜੀਲੈਂਸ ਬਿਊਰੋ, ਸ੍ਰੀ ਬੀ.ਕੇ ਉੱਪਲ ਦੇ ਨਿਰਦੇਸ਼ਾਂ ਅਨੁਸਾਰ ਫਲਾਇੰਗ ਸਕੁਐਡ ਦੀਆਂ ਟੀਮਾਂ ਪਹਿਲਾਂ ਹੀ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦੀ ਨਿਗਰਾਨੀ ਲਈ ਗਠਿਤ ਕਰ ਦਿੱਤੀਆਂ ਗਈਆਂ ਹਨ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਦੇ ਨਿਵਾਰਨ ਲਈ ਕਦਮ ਚੁੱਕੇ ਗਏ ਹਨ। ਇਸ ਸਬੰਧ ਵਿੱਚ ਬਿਊਰੋ ਦੀਆਂ ਟੀਮਾਂ ਲੋੜਵੰਦ ਵਿਅਕਤੀਆਂ ਨੂੰ ਰਾਸ਼ਨ ਵੀ ਪ੍ਰਦਾਨ ਕਰਦੀਆਂ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਏਆਈਜੀ ਅਸ਼ੀਸ਼ ਕਪੂਰ ਦੀ ਅਗਵਾਈ ਵਿੱਚ ਵਿਜੀਲੈਂਸ ਬਿਊਰੋ ਦੀ ਫਲਾਇੰਗ ਸਕੁਐਡ -1 ਦੀਆਂ ਟੀਮਾਂ ਨੇ ਅੱਜ ਸਿਹਤ ਵਿਭਾਗ ਦੇ ਫਰੰਟ ਲਾਈਨ ਕਰਮਚਾਰੀਆਂ ਨੂੰ ਕਿਸੇ ਵੀ ਕਿਸਮ ਦੇ ਵਾਇਰਸ ਦੇ ਹਮਲੇ ਤੋਂ ਬਚਾਉਣ ਲਈ ਫੇਸ ਸ਼ੀਲਡ ਵੰਡੇ। ਇਸ ਤੋਂ ਇਲਾਵਾ ਏਆਈਜੀ ਅਸ਼ੀਸ਼ ਕਪੂਰ ਨੇ ਸਿਵਲ ਸਰਜਨ ਨੂੰ ਇਸ ਕੋਵਿਡ -19 ਲੜਾਈ ਵਿਚ ਫਰੰਟ ਲਾਈਨ 'ਤੇ ਕੰਮ ਕਰ ਰਹੇ ਹੋਰ ਸਟਾਫ / ਅਧਿਕਾਰੀਆਂ ਲਈ ਅਜਿਹੇ ਫੇਸ ਸ਼ੀਲਡਾਂ ਦੀ ਜ਼ਰੂਰਤ ਬਾਰੇ ਪੁੱਛਿਆ ਹੈ ਅਤੇ ਭਵਿੱਖ ਵਿਚ ਜ਼ਰੂਰਤ ਅਨੁਸਾਰ ਹੋਰ ਸ਼ੀਲਡ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਹੈ।
ਇਸ ਤੋਂ ਇਲਾਵਾ ਉਨ੍ਹਾਂ ਨੇ ਸਿਹਤ ਕਰਮਚਾਰੀਆਂ ਨੂੰ ਉਤਸ਼ਾਹਿਤ ਕੀਤਾ ਅਤੇ ਉਨ੍ਹਾਂ ਨੂੰ ਖ਼ੁਦ ਦੀ ਸੁਰੱਖਿਆ ਰੱਖਦੇ ਹੋਏ ਸਖਤ ਮਿਹਨਤ ਕਰਨ ਲਈ ਕਿਹਾ ਅਤੇ ਭਰੋਸਾ ਦਿੱਤਾ ਕਿ ਜੇਕਰ ਤੁਹਾਨੂੰ ਆਪਣੀ ਡਿਊਟੀ ਨਿਭਾਉਣ ਦੌਰਾਨ ਕੋਈ ਵੀ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਵਿਜੀਲੈਂਸ ਬਿਊਰੋ ਹਮੇਸ਼ਾ ਤੁਹਾਡੇ ਨਾਲ ਖੜ੍ਹਾ ਹੈ।
ਟੀਮ ਵਿੱਚ ਹੋਰਨਾਂ ਤੋਂ ਇਲਾਵਾ ਡੀਐਸਪੀ ਗੁਰਵਿੰਦਰ ਪਾਲ ਸਿੰਘ, ਇੰਸਪੈਕਟਰ ਸੁਖਮਿੰਦਰ ਸਿੰਘ, ਰੀਡਰ / ਏਆਈਜੀ ਅਮਰੀਕ ਸਿੰਘ, ਜ਼ਿਲ੍ਹਾ ਮਹਾਂਮਾਰੀ ਰੋਕੂ ਅਫ਼ਸਰ ਡਾ: ਰੇਨੂ ਸਿੰਘ, ਡਾ ਹਰਮਨ ਕੌਰ, ਡੀਐਮਸੀ ਡਾ ਦਲਜੀਤ ਸਿੰਘ, ਸਿਹਤ ਇੰਸਪੈਕਟਰ ਭੁਪਿੰਦਰ ਸਿੰਘ, ਡੀਐਚਓ ਡਾ. ਸੁਭਾਸ਼ ਅਤੇ ਹੋਰ ਸਿਹਤ ਕਰਮਚਾਰੀ ਸ਼ਾਮਲ ਹਨ।