ਰਿਸ਼ਵਤਖੋਰੀ ਦੇ ਕੇਸ ’ਚ ਭਗੌੜਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ
Thursday, Mar 06, 2025 - 12:43 AM (IST)

ਚੰਡੀਗੜ੍ਹ (ਅੰਕੁਰ) : ਪੰਜਾਬ ਵਿਜੀਲੈਂਸ ਬਿਊਰੋ ਨੇ ਮਾਲ ਹਲਕਾ ਨਵਾਂਸ਼ਹਿਰ-1 ਵਿਖੇ ਤਾਇਨਾਤ ਇਕ ਪਟਵਾਰੀ ਵਿਪਨ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਰਿਸ਼ਵਤਖੋਰੀ ਦੇ ਮੁਕੱਦਮੇ ’ਚ ਤਿੰਨ ਹਫ਼ਤਿਆਂ ਤੋਂ ਫਰਾਰ ਚੱਲ ਰਿਹਾ ਸੀ। ਇਸ ਕੇਸ ’ਚ ਪਟਵਾਰੀ ਦੇ ਕਰਿੰਦੇ ਰਾਮਪਾਲ ਨੂੰ ਉਸ (ਪਟਵਾਰੀ) ਖਾਤਰ 3,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ ਸੀ।
ਬੁਲਾਰੇ ਨੇ ਦੱਸਿਆ ਕਿ ਇਹ ਮੁਕੱਦਮਾ ਐੱਸ.ਬੀ.ਐੱਸ. ਨਗਰ ਦੇ ਨਵਾਂਸ਼ਹਿਰ ਦੀ ਨਵੀਂ ਆਬਾਦੀ ਖੇਤਰ ਦੇ ਇਕ ਵਸਨੀਕ ਦੀ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਦੋਸ਼ ਲਾਉਂਦਿਆਂ ਦੱਸਿਆ ਕਿ ਉਕਤ ਪਟਵਾਰੀ ਵਿਪਨ ਕੁਮਾਰ ਨੇ ਉਸ ਦੇ ਜੱਦੀ ਘਰ ਦਾ ਇੰਤਕਾਲ ਦਰਜ ਕਰਨ ਲਈ 5,000 ਰੁਪਏ ਦੀ ਰਿਸ਼ਵਤ ਮੰਗੀ ਸੀ। ਪਟਵਾਰੀ ਦੇ ਕਹੇ ਅਨੁਸਾਰ ਸ਼ਿਕਾਇਤਕਰਤਾ ਨੇ ਪਟਵਾਰੀ ਦੇ ਏਜੰਟ ਰਾਮਪਾਲ ਨੂੰ 2,000 ਰੁਪਏ ਪੇਸ਼ਗੀ ਅਦਾ ਕਰ ਦਿੱਤੇ ਸਨ। ਜਦੋਂ ਬਾਕੀ ਰਕਮ ਲਈ ਹੋਰ ਦਬਾਅ ਪਾਇਆ ਗਿਆ ਤਾਂ ਸ਼ਿਕਾਇਤਕਰਤਾ ਨੇ ਮਦਦ ਲਈ ਵਿਜੀਲੈਂਸ ਬਿਊਰੋ ਕੋਲ ਪਹੁੰਚ ਕੀਤੀ।
ਸ਼ਿਕਾਇਤ ਦੀ ਮੁੱਢਲੀ ਤਸਦੀਕ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ 14 ਫਰਵਰੀ, 2025 ਨੂੰ ਜਾਲ ਵਿਛਾਇਆ ਤੇ ਰਾਮਪਾਲ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ’ਚ ਸ਼ਿਕਾਇਤਕਰਤਾ ਤੋਂ 3,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਦੌਰਾਨ ਪਟਵਾਰੀ ਵਿਪਨ ਕੁਮਾਰ ਗ੍ਰਿਫ਼ਤਾਰੀ ਤੋਂ ਬਚਦੇ ਹੋਏ ਮੌਕੇ ਤੋਂ ਭੱਜਣ ’ਚ ਕਾਮਯਾਬ ਹੋ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8